25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਸ਼ਹੀਦ ਅਸ਼ਫ਼ਾਕਉੱਲਾ ਖ਼ਾਂ ਨੂੰ ਯਾਦ ਕਰਦਿਆਂ

Ad Position 21
No active advertisement
ਅਜੀਤ ਡੈਸਕ 19-12-2025

ਅੱਜ ਬਰਸੀ 'ਤੇ ਵਿਸ਼ੇਸ਼

ਦੇਸ਼ ਦੀ ਆਜ਼ਾਦੀ ਲਈ ਮਰ-ਮਿਟਣ ਵਾਲੇ ਮਹਾਨ ਆਜ਼ਾਦੀ ਘੁਲਾਟੀਆਂ ਵਿਚ ਸ. ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ ਆਜ਼ਾਦ, ਬਟੂਕੇਸ਼ਵਰ ਦੱਤ, ਰਾਜਿੰਦਰਨਾਥ ਲਹਿਰੀ, ਸਚਿੰਦਰਨਾਥ ਸਾਨਿਆਲ, ਜਤਿੰਦਰਨਾਥ, ਸਚਿੰਦਰਨਾਥ ਬਖ਼ਸ਼ੀ, ਰਾਮਪ੍ਰਸਾਦ ਬਿਸਮਿਲ, ਅਸ਼ਫ਼ਾਕਉੱਲਾ ਖ਼ਾਂ, ਮੰਮਥ ਗੁਪਤਾ ਆਦਿ ਸੁਤੰਤਰਤਾ ਸੰਗਰਾਮੀਆਂ ਦੇ ਨਾਂਅ ਸ਼ਾਮਿਲ ਸਨ, ਜੋ ਕ੍ਰਾਂਤੀਕਾਰੀ ਲਹਿਰ ਨਾਲ ਸੰਬੰਧਿਤ ਸਨ। ਅਸ਼ਫਾਕ ਉੱਲਾ ਖ਼ਾਂ ਦਾ ਜਨਮ 22 ਅਕਤੂਬਰ 1900 ਈ. ਨੂੰ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿਖੇ ਪਿਤਾ ਸ਼ਫ਼ੀਕਉੱਲਾ ਖ਼ਾਂ ਤੇ ਮਾਤਾ ਮਜ਼ੂਰਉਨ ਨਿਸਾ ਦੇ ਰੱਜੇ-ਪੁੱਜੇ ਘਰਾਣੇ 'ਚ ਹੋਇਆ। ਅਸ਼ਫ਼ਾਕ ਉਦੋਂ ਵੱਡਾ ਹੋ ਰਿਹਾ ਸੀ, ਜਦੋਂ ਦੇਸ਼-ਭਗਤੀ ਦੀਆਂ ਭਾਵਨਾਵਾਂ ਤੇ ਆਜ਼ਾਦੀ ਦੀ ਖ਼ਾਹਿਸ਼ ਲੋਕ ਮਨਾਂ 'ਤੇ ਪ੍ਰਭਾਵ ਪਾ ਰਹੀ ਸੀ। ਸ਼ਾਹਜਹਾਂਪੁਰ ਦੇ ਮਿਸ਼ਨ ਹਾਈ ਸਕੂਲ ਦੇ ਵਿਦਿਆਰਥੀ ਵਜੋਂ ਉਸ ਦਾ ਮੇਲ ਪੰਡਤ ਰਾਮ ਪ੍ਰਸਾਦ ਬਿਸਮਿਲ ਨਾਲ ਹੋਇਆ, ਜੋ ਉਸ ਤੋਂ ਸੀਨੀਅਰ ਜਮਾਤ 'ਚ ਸੀ ਤੇ ਉਸ ਦੇ ਵੱਡੇ ਭਰਾ ਰਿਆਸਤ ਉੱਲਾ ਖ਼ਾਂ ਦਾ ਜਮਾਤੀ ਸੀ। ਹੌਲੀ-ਹੌਲੀ ਬਿਸਮਿਲ ਤੇ ਅਸ਼ਫ਼ਾਕ 'ਚ ਗੂੜ੍ਹੀ ਦੋਸਤੀ ਹੋ ਗਈ ਤੇ ਅਸ਼ਫ਼ਾਕ ਬਿਸਮਿਲ ਦੇ ਲੈਫਟੀਨੈਂਟ ਵਜੋਂ ਜਾਣਿਆ ਜਾਣ ਲੱਗਾ। ਦੋਵਾਂ ਦਾ ਧਰਮ ਭਾਵੇਂ ਵੱਖਰਾ ਸੀ ਪਰ ਉਦੇਸ਼ ਸਾਂਝਾ ਸੀ 'ਦੇਸ਼ ਲਈ ਨਿਰਸੁਆਰਥ ਸੇਵਾ'। ਅਸ਼ਫ਼ਾਕ ਨੇ 1920 ਦੇ ਨਾ-ਮਿਲਵਰਤਨ ਅੰਦੋਲਨ ਦੌਰਾਨ ਪੜ੍ਹਾਈ ਛੱਡ ਦਿੱਤੀ ਤੇ ਉਸ ਨੇ ਆਜ਼ਾਦੀ ਦੇ ਉਦੇਸ਼ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ। ਕ੍ਰਾਂਤੀਕਾਰੀਆਂ ਨੂੰ ਹਥਿਆਰਾਂ ਲਈ ਪੈਸੇ ਦੀ ਲੋੜ ਸੀ। ਇਸ ਕੰਮ ਲਈ ਉਨ੍ਹਾਂ ਨੇ 7 ਅਗਸਤ 1925 ਨੂੰ ਸ਼ਾਹਜਹਾਂਪੁਰ 'ਚ ਇਕ ਬੈਠਕ ਸੱਦੀ। ਬਿਸਮਿਲ ਦੇ ਘਰ ਹੋਈ ਇਸ ਬੈਠਕ 'ਚ ਕਈ ਯੋਜਨਾਵਾਂ ਘੜਨ ਪਿੱਛੋਂ ਸਰਕਾਰੀ ਖ਼ਜ਼ਾਨਾ ਲੁੱਟਣ ਦਾ ਫ਼ੈਸਲਾ ਕੀਤਾ ਗਿਆ, ਜੋ ਰੇਲਗੱਡੀ ਰਾਹੀਂ ਲਿਜਾਇਆ ਜਾਣਾ ਸੀ।
9 ਅਗਸਤ 1925 ਨੂੰ ਸਚਿੰਦਰਨਾਥ ਬਖ਼ਸ਼ੀ, ਰਾਜਿੰਦਰ ਨਾਥ ਲਹਿਰੀ, ਬਿਸਮਿਲ ਤੇ ਅਸ਼ਫ਼ਾਕ ਸਮੇਤ ਦਸ ਨੌਜਵਾਨ ਸ਼ਾਹਜਹਾਂਪੁਰ ਤੋਂ ਗੱਡੀ ਰਾਹੀਂ ਲਖਨਊ ਗਏ। ਉਨ੍ਹਾਂ ਨੇ ਚੇਨ ਖਿੱਚ ਕੇ ਆਲਮ ਨਗਰ ਤੇ ਕਾਕੋਰੀ ਸਟੇਸ਼ਨ ਵਿਚਾਲੇ ਗੱਡੀ ਰੁਕਵਾ ਕੇ ਪੁਲਿਸ ਨੂੰ ਦਬੋਚ ਲਿਆ। ਗਾਰਡ ਤੇ ਡਰਾਈਵਰ ਨੂੰ ਡਰਾ-ਧਮਕਾ ਕੇ ਅਸ਼ਫ਼ਾਕ ਨੇ ਖ਼ਜ਼ਾਨੇ ਵਾਲੀ ਪੇਟੀ ਤੋੜ ਲਈ ਤੇ ਸਭ ਭੱਜ ਗਏ। ਇਹ ਖ਼ਬਰ ਅੱਗ ਵਾਂਗ ਫੈਲ ਗਈ ਤੇ ਕ੍ਰਾਂਤੀਕਾਰੀਆਂ ਨੂੰ ਫੜਨ ਦੀ ਮੁਹਿੰਮ ਤੇਜ਼ ਕਰ ਦਿੱਤੀ ਗਈ। ਵਾਰਦਾਤ ਵਾਲੀ ਥਾਂ ਤੋਂ ਇਕ ਸ਼ਾਲ ਤੇ ਸ਼ਾਹਜਹਾਂਪੁਰ ਤੋਂ ਲੁੱਟੇ ਗਏ ਕੁਝ ਕਰੰਸੀ ਨੋਟ ਬਰਾਮਦ ਹੋਣ ਕਰਕੇ ਪੁਲਿਸ ਨੂੰ ਵੱਡਾ ਸੁਰਾਗ ਮਿਲ ਗਿਆ। ਦੋ ਦੋਸਤਾਂ ਦੀ ਮੁਖ਼ਬਰੀ 'ਤੇ ਬਿਸਮਿਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਸ਼ਫ਼ਾਕ ਬਚਦਾ-ਬਚਾਉਂਦਾ ਬਨਾਰਸ ਪਹੁੰਚ ਗਿਆ, ਜੋ ਕ੍ਰਾਂਤੀਕਾਰੀਆਂ ਦਾ ਇਕ ਹੋਰ ਗੜ੍ਹ ਸੀ। ਇੱਥੋਂ ਉਹ ਬਿਹਾਰ ਦੇ ਦੌਲਤਗੰਜ ਚਲਾ ਗਿਆ ਤੇ ਇਕ ਸਕੂਲ 'ਚ ਨੌਕਰੀ ਕਰਨ ਲੱਗਾ। ਫਿਰ ਕੁਝ ਸਮਾਂ ਮਥੁਰਾ ਰਹਿਣ ਪਿੱਛੋਂ ਦਿੱਲੀ ਆ ਗਿਆ। ਇੱਥੇ ਉਸ ਦੇ ਇਕ ਨਜ਼ਦੀਕੀ ਨੇ ਧੋਖੇ ਨਾਲ ਉਸ ਨੂੰ 8 ਸਤੰਬਰ 1926 ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਪੁਲਿਸ ਨੇ ਅਸ਼ਫ਼ਾਕ ਨੂੰ ਲਖਨਊ ਲਿਆਂਦਾ ਤੇ ਇੱਥੇ ਸਚਿੰਦਰਨਾਥ ਬਖ਼ਸ਼ੀ ਸਮੇਤ ਉਸ 'ਤੇ ਕਾਕੋਰੀ ਕੇਸ ਦਾ ਮੁਕੱਦਮਾ ਚਲਾਇਆ ਗਿਆ।
ਅਸ਼ਫ਼ਾਕ ਨੂੰ ਮੌਤ ਦੀ ਸਜ਼ਾ ਸੁਣਾਈ ਗਈ, ਜਿਸ ਨੂੰ ਉਸ ਨੇ ਖੁਸ਼ੀ ਨਾਲ ਪ੍ਰਵਾਨ ਕੀਤਾ। ਫ਼ੈਜ਼ਾਬਾਦ 'ਚ 19 ਦਸੰਬਰ 1927 ਨੂੰ ਫ਼ਾਂਸੀ ਵਾਲੇ ਦਿਨ ਉਹ ਸਵੇਰੇ ਹੀ ਉੱਠ ਪਿਆ, ਨਮਾਜ਼ ਅਦਾ ਕੀਤੀ ਤੇ ਕੁਰਾਨ ਪੜ੍ਹੀ। ਸਵੇਰੇ 6 ਵਜੇ ਜਦੋਂ ਉਸ ਨੂੰ ਫ਼ਾਂਸੀ ਦੇ ਫੰਦੇ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਉਸ ਦੇ ਝੋਲੇ 'ਚ ਕੁਰਾਨ ਸੀ ਤੇ ਉਹ ਆਇਤਾਂ ਪੜ੍ਹ ਰਿਹਾ ਸੀ। ਫ਼ਾਂਸੀ ਦਾ ਰੱਸਾ ਚੁੰਮਦਿਆਂ ਉਸ ਨੇ ਕਿਹਾ, 'ਮੈਂ ਕਦੇ ਵੀ ਕਿਸੇ ਦਾ ਕਤਲ ਕਰਕੇ ਆਪਣੇ ਹੱਥ ਖ਼ੂਨ ਨਾਲ ਗੰਦੇ ਨਹੀਂ ਕੀਤੇ। ਮੈਂ ਅੱਲਾ ਤੋਂ ਇਨਸਾਫ਼ ਮੰਗਾਂਗਾ। ਮੇਰੇ 'ਤੇ ਲਾਏ ਸਾਰੇ ਦੋਸ਼ ਸਰਾਸਰ ਗ਼ਲਤ ਹਨ।' ਉਸ ਨੇ ਫ਼ਾਂਸੀ ਦਾ ਰੱਸਾ ਗਲ ਵਿਚ ਪਾਉਂਦਿਆਂ ਇਹ ਕਾਵਿ-ਪੰਕਤੀਆਂ ਉਚਾਰੀਆਂ:-
ਫਨਾ ਹੈ ਸਬ ਕੇ ਲੀਏ ਹਮ ਪੇ ਕੁਛ ਨਹੀਂ ਮੌਕੂਫ਼,
ਬਕਾ ਹੈ ਏਕ ਫ਼ਕਤ ਜਾਤੇ ਕਿਬ੍ਰਿਆ ਕੇ ਲੀਏ।
ਤੰਗ ਆਕਰ ਹਮ ਉਨ ਕੇ ਜ਼ੁਲਮ ਸੇ ਬੇਦਾਦ ਸੇ,
ਚਲ ਦੀਏ ਸੂ-ਏ-ਅਦਮ ਜਿੰਦਾਨੇ ਫੈਜ਼ਾਬਾਦ ਸੇ।

ਅਸ਼ਫ਼ਾਕ ਹਿੰਦੂ-ਮੁਸਲਿਮ ਏਕਤਾ ਦਾ ਪੱਕਾ ਮੁੱਦਈ ਸੀ। ਭਾਵੇਂ ਉਹ ਪੱਕਾ ਮੁਸਲਮਾਨ ਸੀ ਪਰ ਉਹ ਚਾਹੁੰਦਾ ਸੀ ਕਿ ਹਿੰਦੁਸਤਾਨ ਇਕ ਸੁਤੰਤਰ ਰਾਸ਼ਟਰ ਬਣੇ, ਜਿਸ 'ਚ ਅਮੀਰ ਤੇ ਗ਼ਰੀਬ ਬਿਨਾਂ ਕਿਸੇ ਧਾਰਮਿਕ ਤੰਗ-ਦਿਲੀ ਦੇ ਅਮਨ-ਅਮਾਨ ਨਾਲ ਰਹਿ ਸਕਣ। ਫਾਂਸੀ ਲੱਗਣ ਤੋਂ ਤਿੰਨ ਦਿਨ ਪਹਿਲਾਂ ਉਸ ਨੇ ਫ਼ੈਜ਼ਾਬਾਦ ਦੇ ਲੋਕਾਂ ਦੇ ਨਾਂਅ ਇਕ ਸੰਦੇਸ਼ 'ਚ ਕਿਹਾ ਸੀ ਕਿ ਸਮੂਹ ਭਾਰਤ ਵਾਸੀ ਆਪਣੇ ਧਰਮਾਂ ਤੋਂ ਉੱਪਰ ਉੱਠ ਕੇ ਵਤਨ ਦੀ ਏਕਤਾ ਤੇ ਖੁਸ਼ਹਾਲੀ ਲਈ ਕੰਮ ਕਰਨ। ਉਸ ਨੇ ਇਹ ਵੀ ਕਿਹਾ ਕਿ ਦੇਸ਼ ਵਾਸੀ ਧਰਮਾਂ ਦੇ ਨਾਂਅ 'ਤੇ ਆਪਸ 'ਚ ਨਾ ਲੜਨ। ਉਸ ਨੂੰ ਮਾਣ ਸੀ ਕਿ ਉਹ ਦੇਸ਼ ਦਾ ਪਹਿਲਾ ਮੁਸਲਮਾਨ ਹੈ, ਜਿਸ ਨੂੰ ਜੰਗੇ-ਆਜ਼ਾਦੀ ਲਈ ਫ਼ਾਂਸੀ ਦਿੱਤੀ ਜਾ ਰਹੀ ਹੈ।
ਅਸ਼ਫਾਕ ਉਰਦੂ ਦਾ ਚੰਗਾ ਕਵੀ ਵੀ ਸੀ, ਜਿਸ ਨੇ 'ਹਸਰਤ' ਤਖ਼ੱਲਸ ਹੇਠ ਦੇਸ਼ ਭਗਤੀ, ਏਕਤਾ ਤੇ ਮਾਤ-ਭੂਮੀ ਲਈ ਕੁਰਬਾਨੀ ਦੇ ਰੰਗ ਵਾਲੀਆਂ ਕਵਿਤਾਵਾਂ ਦੀ ਰਚਨਾ ਕੀਤੀ। ਉਸ ਨੇ ਹਿੰਦੀ ਤੇ ਅੰਗਰੇਜ਼ੀ 'ਚ ਵੀ ਲੇਖ ਤੇ ਕਵਿਤਾਵਾਂ ਲਿਖੀਆਂ। ਭਾਰਤੀ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਵਿਚ ਬਿਸਮਿਲ ਤੇ ਅਸ਼ਫ਼ਾਕ ਦੀ ਭੂਮਿਕਾ ਬਿਨਾਂ ਸ਼ੱਕ ਹਿੰਦੂ-ਮੁਸਲਿਮ ਏਕਤਾ ਦੀ ਬਹੁਤ ਵੱਡੀ ਉਦਾਹਰਨ ਹੈ।
ਸੱਚਮੁੱਚ ਅਸ਼ਫ਼ਾਕ ਇਕ ਸੱਚਾ-ਸੁੱਚਾ ਮੁਸਲਿਮ ਦੇਸ਼ ਭਗਤ ਤੇ ਕ੍ਰਾਂਤੀਕਾਰੀ ਸੀ। ਅਜਿਹੇ ਵਤਨ-ਪ੍ਰੇਮੀਆਂ 'ਤੇ ਭਾਰਤ ਨੂੰ ਹਮੇਸ਼ਾ ਮਾਣ ਰਹੇਗਾ।

#1, ਲਤਾ ਗਰੀਨ ਇਨਕਲੇਵ, ਪਟਿਆਲਾ-147002
ਮੋਬਾਈਲ : 94176-92015

Ad Position 22
No active advertisement
ਪਿਛਲੀ ਖ਼ਬਰ ਬਹੁ-ਚਰਚਿਤ ਸੁੱਖਣਵਾਲਾ ਹੱਤਿਆ ਕਾਂਡ : ਪਤਨੀ ਬਣੀ ਖ਼ਲਨਾਇਕਾ ਅਗਲੀ ਖ਼ਬਰ ਹੋਰ ਵਧੇਰੇ ਸਾਰਥਿਕ ਹੋ ਸਕਦੀ ਸੀ ਵੰਦੇ ਮਾਤਰਮ 'ਤੇ ਚਰਚਾ
Ad Position 24