25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਬਹੁ-ਚਰਚਿਤ ਸੁੱਖਣਵਾਲਾ ਹੱਤਿਆ ਕਾਂਡ : ਪਤਨੀ ਬਣੀ ਖ਼ਲਨਾਇਕਾ

Ad Position 21
No active advertisement
ਅਜੀਤ ਡੈਸਕ 19-12-2025

ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਸੁੱਖਣਵਾਲਾ ਕਤਲ ਕਾਂਡ ਦੀ ਪੰਜਾਬ ਜਾਂ ਦੇਸ਼ 'ਚ ਹੀ ਨਹੀਂ, ਵਿਸ਼ਵ ਭਰ 'ਚ ਚਰਚਾ ਹੋ ਰਹੀ ਹੈ ਕਿ ਕਿਵੇਂ ਪਤਨੀ ਨੇ ਆਪਣੇ ਪਤੀ ਦਾ ਪ੍ਰੇਮੀ ਨਾਲ ਮਿਲ ਕੇ ਕਤਲ ਕਰਕੇ ਆਪਣੇ ਰੁਤਬੇ ਨੂੰ ਹੀ ਕਲੰਕਿਤ ਕਰ ਲਿਆ ਹੈ। 28 ਨਵੰਬਰ 2025 ਨੂੰ ਇਹ ਭਿਆਨਕ ਕਾਰਾ ਕਰਕੇ ਨੌਜਵਾਨ ਗੁਰਵਿੰਦਰ ਸਿੰਘ ਨੂੰ ਮਾਰ ਮੁਕਾਇਆ। ਗੱਲ ਸ਼ੁਰੂ ਹੁੰਦੀ ਹੈ ਸਾਲ 2019 ਤੋਂ, ਕਾਂਡ ਦੀ ਮੁੱਖ ਖ਼ਲਨਾਇਕਾ ਰੁਪਿੰਦਰ ਕੌਰ ਕੈਨੇਡਾ ਗਈ ਸੀ। 2023 'ਚ ਉਸ ਦਾ ਵਿਆਹ ਗੁਰਵਿੰਦਰ ਸਿੰਘ ਨਾਲ ਹੋ ਗਿਆ। ਗੁਰਵਿੰਦਰ ਸਿੰਘ ਬਹੁਤ ਪੜ੍ਹਿਆ-ਲਿਖਿਆ ਸਾਊ ਪੁੱਤ ਸੀ ਤੇ ਬੈਂਕ 'ਚ ਨੌਕਰੀ ਕਰਦਾ ਸੀ। ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਰੁਪਿੰਦਰ ਕੈਨੇਡਾ ਵਾਪਸ ਚਲੀ ਗਈ। ਜਨਵਰੀ 2025 'ਚ ਕੈਨੇਡਾ ਸਰਕਾਰ ਨੇ ਉਸ ਨੂੰ ਡਿਪੋਰਟ ਕਰ ਦਿੱਤਾ ਤੇ ਉਹ ਗੁਰਵਿੰਦਰ ਸਿੰਘ ਤੇ ਉਸ ਦੇ ਮਾਪਿਆਂ ਨਾਲ ਰਹਿਣ ਲੱਗੀ। ਮਾਰਚ 2025 'ਚ ਗੁਰਵਿੰਦਰ ਦੀ ਭੈਣ ਜੋ ਕੈਨੇਡਾ 'ਚ ਵਿਆਹੀ ਤੇ ਪੀ.ਆਰ. ਹੈ, ਉਹ ਆਪਣੇ ਮਾਪਿਆਂ ਨੂੰ ਕੈਨੇਡਾ ਬੁਲਾ ਲੈਂਦੀ ਹੈ। ਹੁਣ ਘਰ 'ਚ ਸਿਰਫ਼ ਰੁਪਿੰਦਰ ਤੇ ਗੁਰਵਿੰਦਰ ਰਹਿ ਜਾਂਦੇ ਹਨ।
ਇਸ ਤੋਂ ਬਾਅਦ ਹੀ ਪ੍ਰੇਮ ਤੇ ਸਾਜਿਸ਼ ਦੀ ਯੋਜਨਾ ਸ਼ੁਰੂ ਹੋ ਜਾਂਦੀ ਹੈ। ਜਾਂਚ ਵਿਚ ਇਹ ਸਾਹਮਣੇ ਆਉਂਦਾ ਹੈ ਕਿ ਜਦੋਂ ਰੁਪਿੰਦਰ ਕੈਨੇਡਾ ਸੀ ਤਾਂ ਉਸ ਦਾ ਪ੍ਰੇਮ ਹਰਕੰਵਲਪ੍ਰੀਤ ਸਿੰਘ ਨਾਂਅ ਦੇ ਮੁੰਡੇ ਨਾਲ ਹੋ ਗਿਆ, ਜੋ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲੂਆਣਾ ਦਾ ਵਸਨੀਕ ਹੈ। ਇਹ ਵੀ ਗੱਲ ਸਾਹਮਣੇ ਆਈ ਕਿ ਦੋਵੇਂ ਕੈਨੇਡਾ ਤੋਂ ਡਿਪੋਰਟ ਹੋਏ ਹਨ। ਇਸ ਤੋਂ ਬਾਅਦ ਦੋਵਾਂ ਨੇ ਗੁਰਵਿੰਦਰ ਨੂੰ ਆਪਣੇ ਰਸਤੇ ਤੋਂ ਹਟਾਉਣ ਲਈ ਮਾਰਨ ਦੀ ਯੋਜਨਾ ਬਣਾਈ। ਦੋਵਾਂ ਦੀ ਅੱਖ ਉਸ ਦੀ ਜਾਇਦਾਦ ਅਤੇ ਪੈਸੇ 'ਤੇ ਸੀ। ਕਤਲ ਤੋਂ ਪਹਿਲਾਂ ਹੀ ਗੁਰਵਿੰਦਰ ਸਿੰਘ ਨੂੰ ਆਪਣੀ ਪਤਨੀ 'ਤੇ ਸ਼ੱਕ ਹੋ ਗਿਆ ਸੀ ਤੇ ਉਸ ਨੂੰ ਰੁਪਿੰਦਰ ਤੇ ਹਰਕੰਵਲਪ੍ਰੀਤ ਦੇ ਪ੍ਰੇਮ ਸਬੰਧਾਂ ਬਾਰੇ ਸਬੂਤ ਵੀ ਮਿਲ ਗਏ ਸਨ। ਗੁਰਵਿੰਦਰ ਨੇ ਇਹ ਸਾਰੀ ਗੱਲ ਆਪਣੀ ਕੈਨੇਡਾ ਰਹਿੰਦੀ ਭੈਣ ਨੂੰ ਕਤਲ ਹੋਣ ਵਾਲੀ ਰਾਤ ਤੋਂ ਪਹਿਲਾਂ ਦੱਸ ਦਿੱਤੀ ਸੀ ਕਿ ਉਸ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। 28 ਨਵੰਬਰ ਦੀ ਰਾਤ ਨੂੰ ਗੁਰਵਿੰਦਰ ਦੀ ਲਾਸ਼ ਉਸ ਦੇ ਘਰ ਦੀ ਛੱਤ ਤੋਂ ਮਿਲਦੀ ਹੈ। ਪੁਲਿਸ ਜਾਂਚ ਵਿਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਪਤਨੀ ਨੇ ਹੀ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਨੂੰ ਮਾਰ ਦਿੱਤਾ। ਗੁਰਵਿੰਦਰ ਦੀ ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਕਿ ਕਿਵੇਂ ਉਸ ਨੂੰ ਤਸੀਹੇ ਦੇ ਕੇ ਮਾਰਿਆ ਗਿਆ। ਰਿਪੋਰਟ ਅਨੁਸਾਰ ਪਹਿਲਾਂ ਰੁਪਿੰਦਰ ਨੇ ਪ੍ਰੇਮੀ ਨਾਲ ਮਿਲ ਕੇ ਗੁਰਵਿੰਦਰ ਨੂੰ ਨਸ਼ੇ ਦਾ ਟੀਕਾ ਲਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਇਸ ਵਿਚ ਸਫ਼ਲ ਨਾ ਹੋਏ ਤਾਂ ਉਨ੍ਹਾਂ ਨੇ ਉਸ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਜਾਂਚ ਵਿਚ ਇਹ ਸਾਹਮਣੇ ਆਇਆ ਕਿ ਗੁਰਵਿੰਦਰ ਦੇ ਸਰੀਰ 'ਤੇ ਜ਼ਖ਼ਮਾਂ ਦੇ ਕਈ ਨਿਸ਼ਾਨ ਸਨ।
ਕਤਲ ਮਗਰੋਂ ਮੌਕੇ 'ਤੇ ਹੀ ਪੁਲਿਸ ਨੇ ਉਸ ਦੀ ਪਤਨੀ ਨੂੰ ਸ਼ੱਕ ਦੇ ਆਧਾਰ 'ਤੇ ਗ੍ਰਿਫ਼ਤਾਰ ਕਰ ਲਿਆ, ਜਦਕਿ ਹਰਕੰਵਲਪ੍ਰੀਤ ਆਪਣੇ ਇਕ ਦੋਸਤ ਨਾਲ ਚੰਡੀਗੜ੍ਹ ਚਲਾ ਗਿਆ ਸੀ, ਜਿੱਥੋਂ ਉਹ ਮੁੰਬਈ ਭੱਜਣ ਦੀ ਤਾਂਘ 'ਚ ਸੀ। ਉਦੋਂ ਹੀ ਉਸ ਨੂੰ ਖ਼ਬਰ ਮਿਲਦੀ ਹੈ ਕਿ ਪੁਲਿਸ ਨੇ ਉਸ ਦੇ ਪਿਤਾ ਨੂੰ ਫੜ ਲਿਆ ਹੈ, ਘਬਰਾਇਆ ਹਰਕੰਵਲਪ੍ਰੀਤ ਖ਼ੁਦ ਅਦਾਲਤ 'ਚ ਪੇਸ਼ ਹੋ ਗਿਆ। ਪੁਲਿਸ ਨੇ ਹਰਕੰਵਲਪ੍ਰੀਤ ਤੋਂ ਘਰ 'ਚੋਂ ਚੋਰੀ ਹੋਏ ਗਹਿਣੇ ਤੇ ਨਕਦੀ ਵੀ ਬਰਾਮਦ ਕਰ ਲਈ ਅਤੇ ਕਤਲ ਮਾਮਲੇ 'ਚ ਨਾਮਜ਼ਦ ਕਰ ਦਿੱਤਾ। ਜਾਂਚ ਦੌਰਾਨ ਦੋਵਾਂ ਤੋਂ ਕਤਲ ਦੀ ਕਹਾਣੀ ਦਾ ਰਾਜ਼ ਖੁੱਲ੍ਹਿਆ। ਕਤਲ ਸਮੇਂ ਗੁਰਵਿੰਦਰ ਨੂੰ ਨਸ਼ੇ ਦਾ ਟੀਕਾ ਲਾ ਕੇ ਦੋਵੇਂ ਇਹ ਸਿੱਧ ਕਰਨ ਦੀ ਕੋਸ਼ਿਸ਼ ਵਿਚ ਸਨ ਕਿ ਗੁਰਵਿੰਦਰ ਨਸ਼ੇ ਕਰਨ ਦਾ ਆਦੀ ਹੈ ਤੇ ਨਸ਼ੇ ਕਾਰਨ ਹੀ ਉਸ ਦੀ ਮੌਤ ਹੋਈ ਹੈ।
ਰੁਪਿੰਦਰ ਏਨੀ ਸ਼ਾਤਰ ਲੜਕੀ ਹੈ ਕਿ ਉਸ ਨੇ ਸਹੁਰਿਆਂ ਦੇ ਕਹਿਣ 'ਤੇ ਵੀ ਘਰ ਅੰਦਰ ਸੀ.ਸੀ.ਟੀ.ਵੀ. ਕੈਮਰੇ ਨਹੀਂ ਲੱਗਣ ਦਿੱਤੇ ਤੇ ਆਪਣੀ ਚਲਾਕ ਤੇ ਮਿੱਠੀ ਬੋਲੀ ਕਾਰਨ ਬਹਾਨੇ ਮਾਰ ਕੇ ਮਨ੍ਹਾਂ ਕਰ ਦਿੱਤਾ। ਕਤਲ ਤੋਂ ਬਾਅਦ ਇਹ ਗੱਲ ਗੁਰਵਿੰਦਰ ਦੇ ਪਿਤਾ ਨੇ ਵੀ ਮੀਡੀਆ ਨੂੰ ਦੱਸੀ ਕਿ ਉਨ੍ਹਾਂ ਨੇ ਕੈਨੇਡਾ ਜਾਣ ਤੋਂ ਪਹਿਲਾਂ ਆਪਣੇ ਘਰ 'ਚ ਕੈਮਰੇ ਲਵਾਉਣ ਦਾ ਫ਼ੈਸਲਾ ਲਿਆ ਸੀ ਪਰ ਉਨ੍ਹਾਂ ਨੂੰ ਅੱਜ ਇਹ ਮਹਿਸੂਸ ਹੋਇਆ ਕਿ ਰੁਪਿੰਦਰ ਕੈਮਰਿਆਂ ਦਾ ਕਿਉਂ ਵਿਰੋਧ ਕਰ ਰਹੀ ਸੀ। ਗੁਰਵਿੰਦਰ ਦੇ ਪਿਤਾ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਜਿਸ ਤਰ੍ਹਾਂ ਰੁਪਿੰਦਰ ਲੱਖਾਂ ਰੁਪਏ ਦੇ ਕੱਪੜੇ ਤੇ ਮਹਿੰਗੇ ਪਰਸਾਂ ਨਾਲ ਨਜ਼ਰ ਆਉਂਦੀ ਸੀ, ਉਸ 'ਤੇ ਬੜੀ ਹੈਰਾਨੀ ਸੀ। ਉਸ ਨੇ ਬੁਟੀਕ ਦਾ ਕੰਮ ਵੀ ਸ਼ੁਰੂ ਕੀਤਾ ਸੀ ਪਰ ਉਹ ਨਹੀਂ ਸੀ ਚੱਲਿਆ। ਉਨ੍ਹਾਂ ਦੱਸਿਆ ਕਿ ਕੈਨੇਡਾ ਜਾਣ ਤੋਂ ਪਹਿਲਾਂ ਇਹ ਲੜਕੀ ਕੇਸਕੀ ਬੰਨ੍ਹਦੀ ਸੀ ਅਤੇ 12ਵੀਂ ਤੱਕ ਪੜ੍ਹਾਈ ਕਰਨ ਵਾਲੀ ਇਹ ਅੰਮ੍ਰਿਤਧਾਰੀ ਲੜਕੀ ਸੀ ਪਰ ਕੈਨੇਡਾ ਦੇ ਪੌਣ-ਪਾਣੀ ਨੇ ਐਸਾ ਵਿਗਾੜਿਆ ਕਿ ਉਹ ਮਾਡਰਨ ਬਣ ਗਈ ਤੇ ਹਰਕੰਵਲਪ੍ਰੀਤ ਦੇ ਪ੍ਰੇਮ ਸੰਬੰਧਾਂ 'ਚ ਫਸ ਗਈ। ਜਦਕਿ ਗੁਰਵਿੰਦਰ ਤੇ ਉਨ੍ਹਾਂ ਨੇ ਕਦੇ ਵੀ ਰੁਪਿੰਦਰ ਨੂੰ ਨਹੀਂ ਪੁੱਛਿਆ ਸੀ ਕਿ ਉਹ ਕਿੱਥੇ ਜਾ ਰਹੀ ਹੈ ਤੇ ਕਿੱਥੋਂ ਆ ਰਹੀ ਹੈ? ਰੁਪਿੰਦਰ ਦੇ ਕਹਿਣ 'ਤੇ ਹੀ ਉਸ ਨੂੰ ਮੂੰਹ ਮੰਗਿਆ ਖ਼ਰਚਾ ਮਿਲ ਰਿਹਾ ਸੀ। ਦੂਜੇ ਪਾਸੇ ਗੁਰਵਿੰਦਰ ਮਾਪਿਆਂ ਦਾ ਸਾਊ ਪੁੱਤਰ ਸੀ, ਉਹ ਆਪਣੀ ਬੈਂਕ ਨੌਕਰੀ ਦੇ ਨਾਲ-ਨਾਲ ਪਿੰਡ ਦੇ ਲੋੜਵੰਦ ਬੱਚਿਆਂ ਦੀ ਪੜ੍ਹਾਈ 'ਚ ਵੀ ਮਦਦ ਕਰਦਾ ਸੀ। ਇਸ ਗੱਲ ਦੀ ਪਿੰਡ ਦੇ ਕਈ ਵਿਦਿਆਰਥੀਆਂ ਨੂੰ ਵੀ ਨੇ ਤਸਦੀਕ ਕੀਤੀ ਹੈ।
ਜਾਂਚ ਦਾ ਇਕ ਹੋਰ ਵੀ ਵਿਸ਼ਾ ਹੈ ਕਿ ਦੋਵੇਂ ਦੋਸ਼ੀ ਕੈਨੇਡਾ ਤੋਂ ਕਿਸ ਕਾਰਨ ਡਿਪੋਰਟ ਹੋਏ ਹਨ? ਹਰਕੰਵਲਪ੍ਰੀਤ ਦਾ ਪਿਛੋਕੜ ਵੀ ਕੋਈ ਵਧੀਆ ਨਹੀਂ ਹੈ। ਪਿੰਡ 'ਚ ਉਸ ਦਾ ਮੈਡੀਕਲ ਸਟੋਰ ਸੀ, ਜਿੱਥੇ ਉਹ ਨਸ਼ੀਲੀਆਂ ਗੋਲੀਆਂ ਆਮ ਹੀ ਵੇਚਦਾ ਸੀ। ਉਸ ਦੇ ਤਾਰ ਵੀ ਡਰੱਗ ਮਾਫ਼ੀਆ ਨਾਲ ਜੁੜਦੇ ਹਨ। ਸੋਚਣ ਵਾਲੀ ਗੱਲ ਇਹ ਹੈ ਕਿ ਰੁਪਿੰਦਰ ਕੋਲ ਨਸ਼ੇ ਦਾ ਟੀਕਾ ਕਿਵੇਂ ਆਇਆ। ਨਸ਼ੇ ਦੇ ਨੈੱਟਵਰਕ ਕਾਰਨ ਹੀ ਦੋਵਾਂ ਦੇ ਦਿਮਾਗ 'ਚ ਨਸ਼ੇ ਦੀ ਓਵਰਡੋਜ਼ ਦੀ ਗੱਲ ਆਈ ਪਰ ਇਹ ਯੋਜਨਾ ਕਾਮਯਾਬ ਨਾ ਹੋ ਸਕੀ। ਇਸ ਕਤਲ ਕਾਂਡ ਦਾ ਸਹਿਯੋਗੀ ਦੋਸ਼ੀ ਵਿਸ਼ਵਦੀਪ ਡੱਬਵਾਲੀ ਨਸ਼ਿਆਂ ਦੇ ਕਾਰੋਬਾਰ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਆਮ ਘਰ ਦੇ ਇਸ ਲੜਕੇ ਕੋਲ ਮਹਿੰਗੀਆਂ ਕਾਰਾਂ ਹਨ। ਇਸ ਗੱਲ ਦੀ ਪੁਸ਼ਟੀ ਪੁਲਿਸ ਨੂੰ ਡੱਬਵਾਲੀ ਤੋਂ ਹੋਈ ਹੈ। ਇਸ ਕਾਂਡ ਦਾ ਚੌਥਾ ਦੋਸ਼ੀ ਹਰਕੰਵਲਪ੍ਰੀਤ ਦਾ ਗੁਆਂਢੀ ਹੈ, ਜਿਸ ਦੀ ਭਾਲ ਪੁਲਿਸ ਸਰਗਰਮੀ ਨਾਲ ਕਰ ਰਹੀ ਹੈ।
ਮਾਮਲੇ ਦੀਆਂ ਅਜੇ ਹੋਰ ਪਰਤਾਂ ਖੁੱਲ੍ਹਣੀਆਂ ਬਾਕੀ ਹਨ ਕਿ ਕਿਵੇਂ ਇਕ ਸੁੰਦਰ ਸੂਰਤ ਤੇ ਗੰਦੀ ਸੀਰਤ ਵਾਲੀ ਲੜਕੀ ਨੇ ਇਕ ਹੱਸਦੇ-ਵਸਦੇ ਪਰਿਵਾਰ ਦਾ ਚਿਰਾਗ ਬੁਝਾ ਦਿੱਤਾ। ਆਪਣੇ ਸਹੁਰਿਆਂ ਦੀ ਕਮਾਈ 'ਤੇ ਐਸ਼ ਕਰਨ ਵਾਲੀ ਰੁਪਿੰਦਰ ਨੂੰ ਹੁਣ ਜੇਲ੍ਹ 'ਚ ਆਪਣੇ ਦਰਵੇਸ਼ ਪਤੀ ਦੀ ਯਾਦ ਆਵੇਗੀ, ਜਿਸ ਨੂੰ ਉਸ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਤਸੀਹੇ ਦੇ-ਦੇ ਕੇ ਮਾਰ ਸੁੱਟਿਆ ਹੈ।

-ਇੰਚਾਰਜ ਸਬ ਆਫ਼ਿਸ, ਫ਼ਰੀਦਕੋਟ।
ਮੋਬਾਈਲ : 98145-53988

Ad Position 22
No active advertisement
ਪਿਛਲੀ ਖ਼ਬਰ 19-12-2025 ਅਗਲੀ ਖ਼ਬਰ ਸ਼ਹੀਦ ਅਸ਼ਫ਼ਾਕਉੱਲਾ ਖ਼ਾਂ ਨੂੰ ਯਾਦ ਕਰਦਿਆਂ
Ad Position 24