ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਭਾਰਤ ਯਾਤਰਾ ਅਤੇ ਉਨ੍ਹਾਂ ਨੂੰ ਮਿਲੇ ਨਿੱਘੇ ਸਵਾਗਤ ਨੇ ਇਕ ਵਾਰੀ ਫਿਰ ਇਹ ਦਰਸਾਇਆ ਹੈ ਕਿ ਭਾਰਤ ਰੂਸ ਦੀ ਭਰੋਸੇਯੋਗ ਦੋਸਤੀ ਦੀ ਪੰਡਤ ਜਵਾਹਰ ਲਾਲ ਨਹਿਰੂ ਵਾਲੀ ਵਿਰਾਸਤ ਅਜੇ ਵੀ ਕਾਇਮ ਹੈ। ਹਾਲਾਂਕਿ ਅੱਜ ਦਾ ਰੂਸ ਪੁਰਾਣਾ ਸੋਵੀਅਤ ਸੰਘ ਨਹੀਂ ਰਿਹਾ ਪਰ ਇਹ ਵੀ ਓਨਾ ਹੀ ਸੱਚ ਹੈ ਕਿ ਸੋਵੀਅਤ ਸੰਘ ਦਾ ਮੁੱਖ ਹਿੱਸਾ ਰੂਸ ਹੀ ਸੀ ਤੇ ਉਸ ਵਿਰਾਸਤ ਦੇ ਕਈ ਤੱਤ ਅਜੇ ਵੀ ਰੂਸ ਤੇ ਭਾਰਤ ਵਿਚਕਾਰ ਮੌਜੂਦ ਹਨ। ਇਸਤੋਨੀਆ ਦੀ ਰਾਜਧਾਨੀ ਤਾਲਿਨ ਸਥਿਤ ਇੰਟਰਨੈਸ਼ਨਲ ਸੈਂਟਰ ਫ਼ਾਰ ਡਿਫੈਂਸ ਐਂਡ ਸਿਕਿਉਰਿਟੀ ਦੇ ਖੋਜਕਰਤਾ ਇਵਾਨ ਯੂ ਕਲਿਸ਼ ਨੇ 6 ਦਸੰਬਰ 2025 ਨੂੰ 'ਦ ਟਾਈਮਜ਼ ਆਫ ਇੰਡੀਆ' 'ਚ ਛਪੇ ਆਪਣੇ ਲੇਖ ਵਿਚ ਲਿਖਿਆ ਹੈ ਕਿ ਸੋਵੀਅਤ ਯੁੱਗ ਦੀ ਰਾਜਨੀਤਕ ਤੇ ਰਣਨੀਤਕ ਵਿਰਾਸਤ ਅਜੇ ਵੀ ਕ੍ਰੇਮਲਿਨ ਦੀ ਸੋਚ ਨੂੰ ਪ੍ਰਭਾਵਿਤ ਕਰਦੀ ਹੈ।
ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੀ ਦੋ-ਧਰੁਵੀ ਵਿਸ਼ਵ-ਵਿਵਸਥਾ ਤੋਂ ਲੈ ਕੇ 1990 ਦੇ ਦਹਾਕੇ ਦੀ ਇਕ-ਧਰੁਵੀ ਦੁਨੀਆ ਤੱਕ ਅਤੇ ਹੁਣ ਫਿਰ ਬਹੁ-ਧਰੁਵੀ ਵਿਵਸਥਾ ਵੱਲ ਵਧਦੇ ਹੋਏ ਵਿਸ਼ਵ ਦੀਆਂ ਸਥਿਤੀਆਂ ਵੱਡੇ ਬਦਲਾਅ ਆਏ ਹਨ। ਅੱਜ ਚੀਨ, ਰੂਸ ਤੇ ਸੰਯੁਕਤ ਰਾਜ ਅਮਰੀਕਾ ਇਹ ਤਿੰਨ ਵੱਡੀਆਂ ਸ਼ਕਤੀਆਂ ਵਿਕਸਿਤ ਅਰਥਵਿਵਸਥਾਵਾਂ, ਸੈਨਿਕ ਸਮਰੱਥਾ ਤੇ ਤਕਨੀਕੀ ਤੌਰ 'ਤੇ ਅੱਗੇ ਹਨ ਤੇ ਵਿਸ਼ਵਵਿਆਪੀ ਪ੍ਰਭਾਵ ਨਾਲ ਦੁਨੀਆ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਭਾਰਤ ਵੱਡੀ ਆਬਾਦੀ ਤੇ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਨਾਲ ਇਕ ਉੱਭਰਦੀ ਤਾਕਤ ਹੈ ਪਰ ਇਥੇ ਅਜੇ ਵੀ ਹੇਠਲੇ ਮੱਧਮ ਆਮਦਨ ਵਾਲੇ ਵਰਗ ਤੋਂ ਅੱਗੇ ਵਧਣ ਦੀ ਪ੍ਰਕਿਰਿਆ ਚੱਲ ਰਹੀ ਹੈ। ਅਸੀਂ ਬੇਸ਼ੱਕ ਇਕ ਵਿਸ਼ਾਲ ਮੰਡੀ ਹਾਂ ਪਰ ਵਿਸ਼ਵ ਭੂ-ਰਾਜਨੀਤੀ ਨੂੰ ਨਿਰਨਾਇਕ ਤੌਰ 'ਤੇ ਪ੍ਰਭਾਵਿਤ ਕਰਨ ਲਈ ਅਜੇ ਕਾਫ਼ੀ ਦੂਰੀ ਤੈਅ ਕਰਨੀ ਬਾਕੀ ਹੈ। ਗੁੱਟ ਨਿਰਲੇਪ ਅੰਦੋਲਨ (ਐਨ.ਏ.ਐਮ.) ਦੇ ਸੰਸਥਾਪਕ ਦੇ ਰੂਪ 'ਚ ਵਿਸ਼ਵ ਸਮੂਹ ਭਾਰਤ ਤੋਂ ਉਮੀਦ ਕਰਦਾ ਹੈ ਕਿ ਉਹ ਪ੍ਰਮਾਣੂ ਹਥਿਆਰਾਂ ਦੇ ਸੰਪੂਰਨ ਖ਼ਾਤਮੇ, ਛੋਟੇ ਹਥਿਆਰਾਂ ਦੇ ਫੈਲਾਅ ਨੂੰ ਰੋਕਣ ਅਤੇ ਖ਼ਾਸਕਰ ਆਪਣੇ ਖੇਤਰ 'ਚ ਸਥਾਈ ਸ਼ਾਂਤੀ ਨੂੰ ਬੜ੍ਹਾਵਾ ਦੇਣ 'ਚ ਅਗਵਾਈ ਕਰੇ। ਇਸ ਭੂਮਿਕਾ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਨਿਭਾਉਣ ਲਈ ਭਾਰਤ ਨੂੰ ਬਹੁਤ ਹੀ ਸੁਚੱਜੀ, ਸੰਤੁਲਿਤ ਤੇ ਹੁਨਰਮੰਦ ਕੂਟਨੀਤੀ ਅਪਣਾਉਣੀ ਪਵੇਗੀ। ਇਹ ਹੌਸਲਾ ਅਫ਼ਜ਼ਾਈ ਦੀ ਗੱਲ ਹੈ ਕਿ ਮੌਜੂਦਾ ਭਾਰਤੀ ਅਗਵਾਈ ਇਹ ਸਮਝਣ ਲੱਗੀ ਹੈ ਕਿ ਭੂ-ਰਾਜਨੀਤਕ ਸੰਬੰਧ ਵਿਚਾਰਧਾਰਾ ਦੀ ਸਮਾਨਤਾ ਨਹੀਂ, ਸਗੋਂ ਪਰਸਪਰ ਹਿੱਤਾਂ ਦੇ ਆਧਾਰ 'ਤੇ ਬਣਦੇ ਹਨ।
ਰਣਨੀਤਕ ਗੱਠਜੋੜ ਤੇ ਭਾਰਤ ਦੀ ਭੂਮਿਕਾ
ਦਸੰਬਰ 1998 'ਚ ਰੂਸੀ ਪ੍ਰਧਾਨ ਮੰਤਰੀ ਏਵਗੇਨੀ ਪ੍ਰਿਮਾਕੋਵ ਨੇ ਰੂਸ ਭਾਰਤ ਚੀਨ (ਆਰ.ਆਈ.ਸੀ.) ਤਿਕੋਣ ਦਾ ਵਿਚਾਰ ਦਿੱਤਾ ਸੀ, ਜਿਸ ਦਾ ਮਕਸਦ ਅਮਰੀਕੀ ਇਕ-ਧਰੁਵੀ ਪ੍ਰਭੁਤਾ ਦੇ ਮੁਕਾਬਲੇ ਸੰਤੁਲਨ ਬਣਾਉਣਾ ਸੀ। ਉਸ ਸਮੇਂ ਭਾਰਤ ਨੇ ਇਸ ਪਹਿਲ 'ਚ ਵਿਸ਼ੇਸ਼ ਦਿਲਚਸਪੀ ਨਹੀਂ ਦਿਖਾਈ ਪਰ ਬਦਲਦੇ ਭੂ-ਰਾਜਨੀਤਕ ਸਮਾਂਤਰਾਂ ਨੇ 'ਬ੍ਰਿਕਸ' ਦੇ ਉਭਾਰ ਲਈ ਰਸਤਾ ਤਿਆਰ ਕੀਤਾ। ਬ੍ਰਾਜ਼ੀਲ, ਰੂਸ, ਭਾਰਤ ਅਤੇ ਚੀਨ ਦੀ ਤੇਜ਼ੀ ਨਾਲ ਵਧ ਰਹੀ ਆਰਥਿਕ ਗਤੀ 'ਤੇ ਆਧਾਰਿਤ 2001 'ਚ ਗੋਲਡਮੈਨ ਸੈਕਸ ਦੇ ਇਕ ਅਰਥਸ਼ਾਸਤਰੀ ਨੇ 'ਬ੍ਰਿਕਸ' ਦਾ ਇਹ ਸੰਖੇਪ ਰੂਪ ਦਿੱਤਾ ਸੀ, ਜੋ ਹੁਣ ਇਕ ਵਿਸ਼ਵਵਿਆਪੀ ਰਾਜਨੀਤਕ ਮੰਚ ਵਿਚ ਤਬਦੀਲ ਹੋ ਗਿਆ ਹੈ, ਜਿਸ ਦਾ ਟੀਚਾ ਅੰਤਰਰਾਸ਼ਟਰੀ ਵਿਵਸਥਾ ਨੂੰ ਵੱਧ ਲੋਕਤੰਤਰਿਕ, ਸੰਤੁਲਿਤ ਤੇ ਸਮਾਵੇਸ਼ੀ ਬਣਾਉਣਾ ਹੈ। ਵਰਤਮਾਨ 'ਚ ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦੱਖਣੀ ਅਫ਼ਰੀਕਾ, ਸਾਊਦੀ ਅਰਬ, ਮਿਸਰ, ਸੰਯੁਕਤ ਅਰਬ ਅਮੀਰਾਤ, ਇਥੋਪੀਆ, ਇੰਡੋਨੇਸ਼ੀਆ ਤੇ ਈਰਾਨ 'ਬ੍ਰਿਕਸ' ਸਮੂਹ ਦੇ 11 ਮੈਂਬਰ ਦੇਸ਼ ਹਨ। ਇਹ ਗੱਠਜੋੜ ਹੁਣ ਗਲੋਬਲ ਸਾਊਥ (ਦੁਨੀਆ ਦੇ ਦੱਖਣੀ ਹਿੱਸਾ) ਦੇ ਦੇਸ਼ਾਂ ਦਾ ਇਕ ਮਹੱਤਵਪੂਰਨ ਰਾਜਨੀਤਕ ਤੇ ਕੂਟਨੀਤਕ ਮੰਚ ਬਣ ਚੁੱਕਾ ਹੈ, ਜੋ ਕਈ ਖੇਤਰਾਂ 'ਚ ਸਹਿਯੋਗ ਨੂੰ ਬੜ੍ਹਾਵਾ ਦਿੰਦਾ ਹੈ।
ਐਨ.ਏ.ਐਮ. ਤੇ ਸੋਵੀਅਤ ਸੰਘ ਦਾ ਸਮਰਥਨ
ਇਕ ਉਦਾਰਵਾਦੀ ਰਾਜਨੇਤਾ ਵਜੋਂ ਪੰਡਤ ਨਹਿਰੂ ਠੰਢੀ ਜੰਗ ਦੇ ਦੌਰ ਦੇ ਸੈਨਿਕ ਗਠਜੋੜਾਂ 'ਨਾਟੋ' ਜਾਂ 'ਵਾਰਸਾ ਪੈਕਟ' ਨਾਲ ਜੁੜਨ ਦੇ ਸਮਰਥਕ ਨਹੀਂ ਸਨ। ਉਨ੍ਹਾਂ ਦਾ ਮਕਸਦ ਨਵੇਂ ਆਜ਼ਾਦ ਹੋਏ ਵਿਕਾਸਸ਼ੀਲ ਦੇਸ਼ਾਂ ਨੂੰ ਆਪਸੀ ਸਹਿਯੋਗ ਦੇ ਆਧਾਰ 'ਤੇ ਆਪਣੀਆਂ ਸੁਤੰਤਰ ਨੀਤੀਆਂ ਵਿਕਸਿਤ ਕਰਨ ਅਤੇ ਆਤਮਨਿਰਭਰ ਬਣਨ ਲਈ ਪ੍ਰੇਰਿਤ ਕਰਨਾ ਸੀ। ਮਾਰਸ਼ਲ ਟੀਟੋ, ਜਮਾਲ ਅਬਦੁਲ ਨਾਸਰ ਤੇ ਕਵਾਮੇ ਨਕਰੂਮਾ ਨਾਲ ਮਿਲ ਕੇ ਉਨ੍ਹਾਂ ਨੇ ਗੁੱਟ ਨਿਰਲੇਪ ਅੰਦੋਲਨ (ਐਨ.ਏ.ਐਮ.) ਦੀ ਨੀਂਹ ਰੱਖੀ। ਜਲਦੀ ਹੀ ਐਨ.ਏ.ਐਮ. ਇਕ ਪ੍ਰਭਾਵਸ਼ਾਲੀ ਸਮੂਹ ਵਜੋਂ ਉੱਭਰਿਆ, ਜਿਸ ਵਿਚ ਵਿਕਾਸਸ਼ੀਲ ਦੇਸ਼ਾਂ ਦੇ ਨਾਲ ਨਾਲ ਕਮਿਊਨਿਸਟ ਦੇਸ਼ ਜਿਵੇਂ ਕਿ ਕਿਊਬਾ ਤੇ ਵੀਅਤਨਾਮ ਅਤੇ ਪੀ.ਐੱਲ.ਓ. ਵਰਗੇ ਰਾਸ਼ਟਰੀ ਮੁਕਤੀ ਅੰਦੋਲਨ ਵੀ ਸ਼ਾਮਿਲ ਸਨ।
ਜਦੋਂ ਪੱਛਮੀ ਤਾਕਤਾਂ ਗੁਟ ਨਿਰਲੇਪ ਸੰਗਠਨ ਦੇ ਉਪਨਿਵੇਸ਼ਵਾਦ ਵਿਰੋਧੀ ਅਤੇ ਸਾਮਰਾਜਵਾਦ ਵਿਰੋਧੀ ਰੁਝਾਨ ਤੋਂ ਪ੍ਰੇਸ਼ਾਨ ਸਨ ਤਾਂ ਉਸ ਵੇਲੇ ਸੋਵੀਅਤ ਸੰਘ ਭਾਰਤ ਦੀ ਇਸ ਪਹਿਲ ਦਾ ਸਮਰਥਨ ਕਰਦਾ ਸੀ। ਇਤਿਹਾਸਕਾਰ ਗੋਪਾਲ ਕ੍ਰਿਸ਼ਨ ਗਾਂਧੀ ਨੇ ਹਿੰਦੁਸਤਾਨ ਟਾਈਮਜ਼ ਵਿਚ ਆਪਣੇ ਲੇਖ 'ਚ ਇਹ ਦਰਸਾਇਆ ਸੀ ਕਿ ਤਤਕਾਲੀਨ ਨੇਤਾ ਸੀ ਰਾਜਗੋਪਾਲਾਚਾਰੀ ਦੇ 27 ਮਾਰਚ 1958 ਦੇ ਪੱਤਰ ਦੇ ਸਿਰਫ਼ ਪੰਜ ਦਿਨ ਬਾਅਦ ਹੀ ਸੋਵੀਅਤ ਸੰਘ ਨੇ ਪ੍ਰਮਾਣੂ ਪ੍ਰੀਖਣਾਂ 'ਤੇ ਇਕ-ਤਰਫ਼ਾ ਰੋਕ ਦਾ ਐਲਾਨ ਕਰ ਦਿੱਤਾ ਸੀ। ਇਹ ਵੀ ਮਹੱਤਵਪੂਰਨ ਹੈ ਕਿ ਭਾਰਤ ਯਾਤਰਾ ਦੌਰਾਨ ਰਾਸ਼ਟਰਪਤੀ ਪੁਤਿਨ ਨੇ ਐਲਾਨ ਕੀਤਾ ਹੈ ਕਿ ਜੇ ਸੰਯੁਕਤ ਰਾਜ ਅਮਰੀਕਾ ਵੀ ਤਸੱਲੀਬਖ਼ਸ਼ ਭਰੋਸਾ ਦੇਵੇ ਤਾਂ ਰੂਸ ਪ੍ਰਮਾਣੂ ਪ੍ਰੀਖਣ ਨਹੀਂ ਕਰੇਗਾ। ਇਹ ਐਲਾਨ ਭਾਰਤ ਦੀ ਧਰਤੀ ਤੋਂ ਕੀਤਾ ਗਿਆ ਹੈ। ਇਹ ਵੀ ਵਰਨਣਯੋਗ ਹੈ ਕਿ ਸੋਵੀਅਤ ਸੰਘ ਨੇ ਰਾਜੀਵ ਗਾਂਧੀ ਦੀ ਪ੍ਰਮਾਣੂ ਹਥਿਆਰ ਮੁਕਤੀ ਯੋਜਨਾ ਦਾ ਵੀ ਸਮਰਥਨ ਕੀਤਾ ਸੀ।
ਅਗਲਾ ਰਾਹ
ਪੁਤਿਨ ਦੀ ਯਾਤਰਾ ਤੋਂ ਬਾਅਦ ਭਾਰਤ ਨੂੰ ਇਕ ਠੋਸ ਸ਼ਾਂਤੀ ਪਹਿਲ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਭਾਰਤ, ਚੀਨ ਤੇ ਰੂਸ ਮਿਲ ਕੇ ਏਸ਼ੀਆ ਵਿਚ ਸਥਿਰਤਾ ਨੂੰ ਮਜ਼ਬੂਤ ਬਣਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਪਾਕਿਸਤਾਨ ਵਿਚ ਚਾਹੇ ਲੋਕਤੰਤਰਿਕ ਸਰਕਾਰ ਵੀ ਹੋਵੇ, ਪਰ ਫਿਰ ਵੀ ਉਥੇ ਫੌਜ ਦਾ ਪ੍ਰਭਾਵ ਵੱਧ ਰਹਿੰਦਾ ਹੈ, ਹਾਲਾਂਕਿ ਫਿਰ ਵੀ ਉਸ ਨੂੰ ਰਚਨਾਤਮਕ ਗੱਲਬਾਤ ਲਈ ਤਿਆਰ ਕੀਤਾ ਜਾ ਸਕਦਾ ਹੈ। ਭਾਰਤ ਨੂੰ ਗੱਲਬਾਤ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਤੇ 'ਸਾਰਕ' ਨੂੰ ਮੁੜ ਸੁਰਜੀਤ ਕਰਨ ਦੀ ਇੱਛਾ ਦਰਸਾਉਣੀ ਚਾਹੀਦੀ ਹੈ। ਸਿਰਫ਼ ਗੱਲਬਾਤ ਰਾਹੀਂ ਹੀ ਦੱਖਣੀ ਏਸ਼ੀਆ 'ਚ ਸਥਾਈ ਸ਼ਾਂਤੀ ਵੱਲ ਵਧਿਆ ਜਾ ਸਕਦਾ ਹੈ। ਕੋਈ ਵੀ ਭਾਰਤੀ ਸਰਕਾਰ ਭਾਵੇਂ ਉਸ ਦੀ ਰਾਜਨੀਤਕ ਵਿਚਾਰਧਾਰਾ ਜੋ ਵੀ ਹੋਵੇ, ਨੂੰ ਇਹ ਸਮਝਣਾ ਪਵੇਗਾ ਕਿ ਖੇਤਰ ਵਿਚ ਸਥਾਈ ਸ਼ਾਂਤੀ ਲਈ ਉਦਾਰ, ਵਿਸ਼ਾਲ ਤੇ ਦੂਰਅੰਦੇਸ਼ੀ ਵਾਲੀ ਭਾਵਨਾ ਬਹੁਤ ਜ਼ਰੂਰੀ ਹੈ। ਚੀਨ ਨਾਲ ਪੁਤਿਨ ਦੇ ਗੂੜ੍ਹੇ ਸੰਬੰਧ ਤੇ ਪਾਕਿਸਤਾਨ ਨਾਲ ਉਨ੍ਹਾਂ ਦਾ ਗ਼ੈਰ ਟਕਰਾਅ ਵਾਲਾ ਵਿਹਾਰ ਦੱਖਣੀ ਏਸ਼ੀਆ 'ਚ ਭਵਿੱਖ ਵਿਚ ਹੋਰ ਸ਼ਾਂਤੀਪੂਰਨ ਦੇ ਮੌਕੇ ਬਣਾ ਸਕਦਾ ਹੈ।a
ਮੋਬਾਈਲ : 9417000360