30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਪੰਜਾਬ 'ਚ ਫ਼ਲਾਂ ਦੀ ਕਾਸ਼ਤ ਵਧਾਉਣਾ ਫ਼ਸਲੀ ਵਿਭਿੰਨਤਾ ਤੇ ਸਿਹਤ ਪੱਖੋਂ ਜ਼ਰੂਰੀ

Ad Position 21
No active advertisement
ਅਜੀਤ ਡੈਸਕ 30-12-2025

ਚੌਲਾਂ ਦੀ ਰਿਕਾਰਡ ਪੈਦਾਵਾਰ ਕਰਕੇ ਭੰਡਾਰ ਭਰਨ ਤੋਂ ਬਾਅਦ ਕਣਕ ਦੀ ਕਾਸ਼ਤ 32.80 ਮਿਲੀਅਨ ਹੈਕਟੇਅਰ 'ਤੇ ਕਰਕੇ 117.90 ਮਿਲੀਅਨ ਟਨ ਪੈਦਾਵਾਰ ਕਰਨ ਦਾ ਟੀਚਾ ਰੱਖਦੇ ਹੋਏ ਕਿਸਾਨਾਂ ਨੇ ਭਾਰਤ ਨੂੰ ਚੌਲਾਂ ਤੇ ਕਣਕ ਜਿਹੀਆਂ ਮੁੱਖ ਫ਼ਸਲਾਂ ਦੇ ਉਤਪਾਦਨ ਨਾਲ ਇਨ੍ਹਾਂ ਜਿਣਸਾਂ ਦੀ ਬਰਾਮਦ ਕਰਨ ਯੋਗ ਬਣਾ ਦਿੱਤਾ, ਜਿਸ 'ਚ ਪੰਜਾਬ ਮੋਹਰੀ ਹੈ। ਇੱਥੇ 35 ਲੱਖ ਹੈਕਟੇਅਰ ਰਕਬੇ 'ਤੇ ਕਣਕ ਦੀ ਕਾਸ਼ਤ ਕੀਤੀ ਗਈ ਹੈ। ਕਣਕ ਦੀ ਪੈਦਾਵਾਰ 19 ਰਾਜਾਂ 'ਚ ਹੁੰਦੀ ਹੈ, ਜਿਨ੍ਹਾਂ 'ਚੋਂ 6 ਮੁੱਖ ਰਾਜ ਹਨ, ਜੋ ਕੇਂਦਰੀ ਅੰਨ-ਭੰਡਾਰ 'ਚ ਵੱਡਾ ਯੋਗਦਾਨ ਪਾਉਂਦੇ ਹਨ ਤੇ ਪੰਜਾਬ ਦਾ ਯੋਗਦਾਨ ਪ੍ਰਭਾਵਸ਼ਾਲੀ ਹੈ।
ਚੌਲਾਂ ਦੀ ਕਾਸ਼ਤ ਹੇਠ ਰਕਬਾ ਘਟਾ ਕੇ ਫ਼ਸਲੀ ਵਿਭਿੰਨਤਾ ਲਿਆਉਣ ਦੀ ਲੋੜ ਹੈ। ਫ਼ਲਾਂ ਦੀ ਕਾਸ਼ਤ ਫ਼ਸਲੀ ਵਿਭਿੰਨਤਾ ਲਈ ਯੋਗ ਫ਼ਸਲ ਹੈ। ਇਸ ਦੀ ਪੈਦਾਵਾਰ 'ਚ ਭਾਰਤ ਵਿਸ਼ਵ ਦੇ ਵੱਡੇ ਮੁਲਕਾਂ 'ਚ ਗਿਣਿਆ ਜਾਂਦਾ ਹੈ। ਪੰਜਾਬ ਵਿਚ ਫ਼ਲਾਂ ਦੀ ਕਾਸ਼ਤ ਹੇਠ ਸਿਰਫ਼ 2% ਦੇ ਕਰੀਬ ਰਕਬੇ 'ਤੇ ਹੀ ਕੀਤੀ ਜਾਂਦੀ ਹੈ, ਜਿਸ ਨੂੰ ਵਧਾਉਣ ਦੀ ਲੋੜ ਹੈ। ਮੌਜੂਦਾ ਸਮੇਂ 'ਚ ਬਾਗ਼ ਜਾਂ ਫ਼ਲਦਾਰ ਬੂਟੇ ਲਗਾਉਣ ਦਾ ਉਤਸ਼ਾਹ ਤਾਂ ਦਿਨੋ-ਦਿਨ ਵਧ ਰਿਹਾ ਹੈ ਪਰ ਬਹੁਤੀ ਉਪਲਬਧੀ ਪ੍ਰਾਪਤ ਨਹੀਂ ਹੋ ਰਹੀ, ਕਿਉਂਕਿ ਇਹ ਸ਼ਿਕਾਇਤ ਹੈ ਕਿ ਫ਼ਲਾਂ ਦੇ ਬੂਟੇ ਚਲਦੇ ਨਹੀਂ, ਮਾਹਿਰਾਂ ਵਲੋਂ ਦੱਸੀ ਪ੍ਰਾਪਤੀ ਨਹੀਂ ਹੁੰਦੀ ਜਾਂ ਬੂਟੇ ਮਰ ਜਾਂਦੇ ਹਨ। ਇਸ ਦਾ ਕਾਰਨ ਕਿਸਾਨਾਂ ਤੇ ਬਾਗ਼ਬਾਨਾਂ ਨੂੰ ਫ਼ਲਾਂ ਦੀ ਕਾਸ਼ਤ ਸੰਬੰਧੀ ਚੰਗੀ ਤਕਨੀਕੀ ਜਾਣਕਾਰੀ ਦੀ ਘਾਟ ਹੈ। ਫਿਰ ਉਹ ਬੂਟੇ ਵੀ ਅਣਪ੍ਰਮਾਣਿਤ ਨਰਸਰੀਆਂ, ਫੇਰੀ ਵਾਲਿਆਂ ਅਤੇ ਸੜਕਾਂ 'ਤੇ ਵੇਚਣ ਵਾਲਿਆਂ ਤੋਂ ਖਰੀਦ ਲੈਂਦੇ ਹਨ, ਜੋ ਨਹੀਂ ਚਲਦੇ ਤੇ ਆਖਰ ਮਰ ਜਾਂਦੇ ਹਨ। ਬਾਗ਼ਬਾਨੀ ਵਿਭਾਗ ਦੇ ਫ਼ਲ ਮਾਹਿਰ ਤੇ ਸਾਬਕਾ ਡਿਪਟੀ ਡਾਇਰੈਕਟਰ ਡਾ. ਸਵਰਨ ਸਿੰਘ ਮਾਨ ਕਿਸਾਨਾਂ ਨੂੰ ਸਲਾਹ ਦਿੰਦੇ ਹਨ ਕਿ ਉਨ੍ਹਾਂ ਨੂੰ ਬੂਟੇ ਬਾਗਬਾਨੀ ਵਿਭਾਗ (ਪੀ.ਏ.ਯੂ. ਲੁਧਿਆਣਾ) ਜਾਂ ਬਾਗ਼ਬਾਨੀ ਬੋਰਡ ਦੀਆਂ ਨਰਸਰੀਆਂ ਤੋਂ ਹੀ ਖਰੀਦਣੇ ਚਾਹੀਦੇ ਹਨ। ਜਾਣਕਾਰੀ ਲਈ ਪੀ.ਏ.ਯੂ. ਤੇ ਬਾਗ਼ਬਾਨੀ ਮਹਿਕਮੇ ਦੇ ਮਾਹਿਰਾਂ ਨਾਲ ਸੰਪਰਕ ਵੀ ਕੀਤਾ ਜਾ ਸਕਦਾ ਹੈ।
ਬੂਟਿਆਂ ਦੇ ਵਿਕਾਸ ਤੇ ਉਨ੍ਹਾਂ ਤੋਂ ਗੁਣਵੱਤਾ ਭਰਪੂਰ ਫ਼ਲ ਪ੍ਰਾਪਤ ਕਰਨ ਲਈ ਖਾਦ ਪਾਉਣ ਦੀ ਬੜੀ ਮਹੱਤਤਾ ਹੈ। ਬੂਟਿਆਂ ਨੂੰ ਸਹੀ ਸਮੇਂ ਅਤੇ ਸਹੀ ਮਾਤਰਾ 'ਚ ਸਹੀ ਢੰਗ ਨਾਲ ਖਾਦ ਪਾਉਣੀ ਚਾਹੀਦੀ ਹੈ। ਇਸ ਨਾਲ ਵਧੀਆ ਗੁਣਵੱਤਾ ਦੇ ਫ਼ਲ ਮਿਲਣਗੇ। ਇਸ ਪਤਝੜ ਦੇ ਮੌਸਮ 'ਚ ਜਦੋਂ ਫ਼ਲਦਾਰ ਬੂਟਿਆਂ ਦੇ ਦਰੱਖਤਾਂ ਦੇ ਪੱਤੇ ਝੜ ਰਹੇ ਹਨ ਤੇ ਉਤਪਾਦਕਾਂ ਨੇ ਦਸੰਬਰ 'ਚ ਹੁਣ ਤੱਕ ਖਾਦ ਨਾ ਪਾਈ ਹੋਵੇ ਤਾਂ ਉਨ੍ਹਾਂ ਨੂੰ ਹੁਣ ਖਾਦ ਪਾ ਦੇਣੀ ਚਾਹੀਦੀ ਹੈ। ਬਿਹਤਰ ਹੋਵੇਗਾ ਜੇ ਰੂੜੀ ਖਾਦ ਪਾਈ ਜਾਵੇ। ਸੁਪਰਫਾਸਫੇਟ ਅਤੇ ਮਿਉਰੇਟ ਆਫ ਪੋਟਾਸ਼ ਵਿਸ਼ੇਸ਼ ਤੌਰ 'ਤੇ ਨਾਖ, ਆੜੂ, ਅਲੁਚਾ, ਅੰਬ ਤੇ ਕਿੰਨੂ ਨੂੰ ਹੁਣ ਪਾ ਦੇਣੀ ਚਾਹੀਦੀ ਹੈ (ਜੇ ਪਹਿਲਾਂ ਨਾ ਪਈ ਗਈ ਹੋਵੇ)। ਫ਼ਲਦਾਰ ਬੂਟਿਆਂ ਨੂੰ ਖਾਦ ਬੂਟਿਆਂ ਦੀ ਛੱਤਰੀ (ਕਾਨੋਪੀ) ਥੱਲੇ ਪਾਉਣੀ ਚਾਹੀਦੀ ਹੈ। ਤਣੇ ਤੋਂ ਇਕ ਫੁੱਟ ਦੂਰ ਖਾਦ ਪਾਉਣੀ ਚਾਹੀਦੀ ਹੈ। ਖਾਦ ਪਾ ਕੇ ਹਲਕੀ ਜਿਹੀ ਗੋਡੀ ਕਰ ਦੇਣੀ ਚਾਹੀਦੀ ਹੈ। ਫ਼ਲਦਾਰ ਬੂਟਿਆਂ 'ਚ ਤੱਤਾਂ ਦੀ ਘਾਟ ਕਰਕੇ ਬੂਟੇ ਕਮਜ਼ੋਰ ਰਹਿ ਜਾਂਦੇ ਹਨ, ਜਿਸ ਕਰਕੇ ਬੂਟਿਆਂ ਨੂੰ ਬਿਮਾਰੀਆਂ ਲੱਗ ਜਾਂਦੀਆਂ ਹਨ। ਨਾਈਟ੍ਰੋਜਨ ਫ਼ਲਦਾਰ ਬੂਟਿਆਂ ਲਈ ਮੁੱਖ ਤੱਤ ਹੈ। ਨਾਈਟ੍ਰੋਜਨ ਦੀ ਘਾਟ ਕਾਰਨ ਬੂਟਿਆਂ ਦੀ ਸਿਹਤ ਅਤੇ ਝਾੜ 'ਤੇ ਮਾੜਾ ਅਸਰ ਪੈਂਦਾ ਹੈ। ਨਾਈਟ੍ਰੋਜਨ ਸਿਫ਼ਾਰਸ਼ਸ਼ੁਦਾ ਮਾਤਰਾ 'ਚ ਹੀ ਪਾਉਣੀ ਚਾਹੀਦੀ ਹੈ। ਫਾਸਫੋਰਸ ਤੇ ਪੋਟਾਸ਼ੀਅਮ ਵੀ ਸਿਫਾਰਸ਼ਸ਼ੁਦਾ ਮਾਤਰਾ 'ਚ ਬੂਟਿਆਂ ਨੂੰ ਯੋਗ ਸਮੇਂ 'ਚ ਪਾ ਦੇਣੀ ਚਾਹੀਦੀ ਹੈ। ਫਾਸਫੋਰਸ ਦੀ ਘਾਟ ਕਰਕੇ ਪੌਦਿਆਂ ਦਾ ਰੰਗ ਨਹੀਂ ਬਣਦਾ ਤੇ ਵਿਕਾਸ ਵੀ ਨਹੀਂ ਹੁੰਦਾ। ਪੋਟਾਸ਼ੀਅਮ ਫ਼ਲ ਦੀ ਗੁਣਵੱਤਾ 'ਚ ਸੁਧਾਰ ਲਿਆਉਂਦਾ ਹੈ। ਜੇ ਖਾਦਾਂ ਨੂੰ ਮਿੱਟੀ ਪਰਖ ਕਰਵਾਉਣ ਉਪਰੰਤ ਪਾਇਆ ਜਾਵੇ ਤਾਂ ਖਰਚੇ 'ਚ ਬੱਚਤ ਹੁੰਦੀ ਹੈ। ਮਿੱਟੀ ਦੀ ਪਰਖ ਬਾਗ਼ਬਾਨੀ ਵਿਭਾਗ, ਪੀ.ਏ.ਯੂ. ਲੁਧਿਆਣਾ ਅਤੇ ਖੇਤੀਬਾੜੀ ਕਿਸਾਨ ਭਲਾਈ ਵਿਭਾਗ ਦੀਆਂ ਪ੍ਰਯੋਗਸ਼ਾਲਾਵਾਂ ਤੋਂ ਕਰਵਾਈ ਜਾ ਸਕਦੀ ਹੈ।
ਅਗਲੇ ਮਹੀਨੇ ਦੇ ਮੱਧ ਤੋਂ ਫ਼ਲਾਂ ਦੇ ਬੂਟੇ ਲਗਾਉਣ ਦਾ ਸਮਾਂ ਆ ਰਿਹਾ ਹੈ। ਕਿਸਾਨਾਂ ਨੂੰ ਪ੍ਰਮਾਣਿਤ ਨਰਸਰੀਆਂ ਤੋਂ ਹੁਣ ਬੂਟੇ ਬੁੱਕ ਕਰਵਾ ਲੈਣੇ ਚਾਹੀਦੇ ਹਨ। ਪੰਜਾਬ ਬੋਰਡ, ਪੰਜਾਬ ਨੇਕਚਰ, ਪੰਜਾਬ ਬਿਊਟੀ ਤੇ ਬੱਗੂਗੋਸ਼ਾ ਜਿਹੀਆਂ ਸਾਫਟ ਕਿਸਮਾਂ ਦੇ ਬੂਟੇ ਵੀ ਜਨਵਰੀ ਫਰਵਰੀ ਮਹੀਨੇ ਲਗਾਉਣੇ ਸ਼ੁਰੂ ਕੀਤੇ ਜਾਣਗੇ। ਮਾਹਿਰਾਂ ਅਨੁਸਾਰ ਬੂਟੇ ਤੋਂ ਬੂਟੇ ਦਾ ਫ਼ਾਸਲਾ ਯੋਗ ਹੋਣਾ ਚਾਹੀਦਾ ਹੈ। ਫ਼ਲਦਾਰ ਬੂਟੇ ਲਗਾਉਣ ਤੋਂ ਪਹਿਲਾਂ 2.5×2.5 ਫੁੱਟ ਡੂੰਘਾ ਟੋਇਆ ਪੁੱਟ ਲੈਣਾ ਚਾਹੀਦਾ ਹੈ। ਫਿਰ ਇਸ 'ਚ ਗ਼ਲੀ ਸੜ੍ਹੀ ਗੋਹੇ ਦੀ ਖਾਦ (ਅੱਧੀ ਮਿੱਟੀ ਅੱਧੀ ਖਾਦ) ਪਾ ਕੇ ਟੋਏ ਨੂੰ ਭਰ ਦੇਣਾ ਚਾਹੀਦਾ ਹੈ। ਵੱਤਰ ਆਉਣ ਤੋਂ ਬਾਅਦ ਬੂਟੇ ਲਾ ਦੇਣੇ ਚਾਹੀਦੇ ਹਨ। ਜ਼ਮੀਨ ਦੀ ਸਤ੍ਹਾ ਤੋਂ ਟੋਏ 2 ਫੁੱਟ ਡੂੰਘੇ ਹੋਣ, ਨਹੀਂ ਤਾਂ ਜ਼ਿਆਦਾ ਪਾਣੀ ਖੜ੍ਹਨ ਕਾਰਨ ਬੂਟੇ ਦੀਆਂ ਜੜ੍ਹਾਂ ਗਲਣ ਲਗਦੀਆਂ ਹਨ।
ਪਿਉਂਦੀ ਆੜੂ ਦੀਆਂ ਸ਼ਾਨੇ ਪੰਜਾਬ, ਅਰਲੀ ਗ੍ਰੈਂਡ, ਫਲੋਰਡਾ ਪ੍ਰਿੰਸ ਅਤੇ ਪ੍ਰਤਾਪ ਕਿਸਮਾਂ ਵੀ ਜਨਵਰੀ ਫਰਵਰੀ ਮਹੀਨੇ ਹੀ ਲਗਦੀਆਂ ਹਨ। ਅੰਗੂਰ ਦੀਆਂ ਸੁਪੀਰੀਅਸ ਸੀਡਲੈਸ, ਫਲੇਮ ਸੀਡਲੈਸ, ਬਿਊਟੀ ਸੀਡਲੈਸ ਤੇ ਪਰਲਿਟ ਕਿਸਮਾਂ ਲਗਾਉਣ ਦਾ ਵੀ ਇਹੋ ਸਮਾਂ ਹੈ। ਆਲੂ ਬੁਖਾਰੇ ਦੀਆਂ ਸਤਲੁਜ, ਪਰਪਲ ਤੇ ਕਾਲਾ ਅੰਮ੍ਰਿਤਸਰੀ ਕਿਸਮਾਂ ਵੀ ਇਸੇ ਸਮੇਂ ਲਗਦੀਆਂ ਹਨ। ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਧਰਮਗੜ੍ਹ (ਅਮਲੋਹ) ਪਿੰਡ ਦੇ ਅਗਾਂਹਵਧੂ ਬੀਜ ਉਤਪਾਦਕ ਆਪਣੇ ਤਜਰਬਿਆਂ ਦੇ ਆਧਾਰ 'ਤੇ ਦੱਸਦੇ ਹਨ ਕਿ ਅਨਾਰ ਅਤੇ ਅੰਜ਼ੀਰ ਫ਼ਲ ਜੋ ਸਿਹਤ ਲਈ ਬਹੁਤ ਫਾਇਦੇਮੰਦ ਹਨ, ਪੰਜਾਬ ਵਿਚ ਸਫ਼ਲਤਾ ਨਾਲ ਉਗਾਏ ਜਾ ਸਕਦੇ ਹਨ। ਅਨਾਰ ਨੂੰ ਝਾੜੀ ਨਹੀਂ ਬਣਨ ਦੇਣਾ ਚਾਹੀਦਾ। ਅੰਜ਼ੀਰ ਵਿਟਾਮਿਨ-ਈ ਦੇ ਲੋਹ ਕਣਾਂ ਨਾਲ ਭਰਪੂਰ ਹੈ। ਇਸ ਨੂੰ ਸੁਪਰੀਮ ਫ਼ਲ ਮੰਨਿਆ ਗਿਆ ਹੈ, ਜਿਸ ਨੂੰ ਖਾਣ ਨਾਲ ਯੂਰਿਕ ਐਸਿਡ ਘੱਟ ਬਣਦਾ ਹੈ, ਫਾਇਬਰ ਹੋਣ ਕਾਰਨ ਕਬਜ਼ ਠੀਕ ਹੋ ਜਾਂਦੀ ਹੈ, ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਅਤੇ ਸ਼ੱਕਰ ਰੋਗੀਆਂ ਲਈ ਵੀ ਲਾਭਦਾਇਕ ਹੈ। ਫ਼ਲਾਂ ਤੋਂ ਮਨੁੱਖ ਨੂੰ ਲੋੜੀਂਦੇ ਵਿਟਾਮਿਨ, ਮਿਨਰਲ ਤੇ ਐਂਟੀਆਕਸੀਡੈਂਟ (ਸਾਡੀ ਸਰੀਰਕ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਵਾਲੇ ਤੱਤ) ਮਿਲਦੇ ਹਨ। ਆਪਣੇ ਲਈ ਖ਼ਪਤਕਾਰਾਂ ਨੂੰ ਖ਼ੁਦ ਆਪਣੀਆਂ ਬਗੀਚੀਆਂ ਜਾਂ ਟਿਊਬਵੈੱਲਾਂ ਦੁਆਲੇ ਬੂਟੇ ਲਗਾਉਣੇ ਚਾਹੀਦੇ ਹਨ, ਕਿਉਂਕਿ ਮੰਡੀਆਂ 'ਚ ਮਸਾਲਿਆਂ ਨਾਲ ਪਕਾਏ ਫ਼ਲ ਸਿਹਤ ਲਈ ਬੜੇ ਹਾਨੀਕਾਰਕ ਹੁੰਦੇ ਹਨ। ਆਪ ਉਗਾਏ ਫ਼ਲ ਖਾਣ ਨਾਲ ਜਿਸਮਾਨੀ ਤੌਰ 'ਤੇ ਵਿਅਕਤੀ ਖੁਸ਼ਹਾਲ ਤੇ ਸਿਹਤਮੰਦ ਰਹਿੰਦਾ ਹੈ।

ਈ-ਮੇਲ : bhagwandass226@gmail.com

Ad Position 22
No active advertisement
ਪਿਛਲੀ ਖ਼ਬਰ 30-12-2025 ਅਗਲੀ ਖ਼ਬਰ ਤੂੰ ਵਿਦਾ ਹੋਇਓਂ, ਮੇਰੇ ਦਿਲ 'ਤੇ ਉਦਾਸੀ ਛਾ ਗਈ
Ad Position 24