30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਤੂੰ ਵਿਦਾ ਹੋਇਓਂ, ਮੇਰੇ ਦਿਲ 'ਤੇ ਉਦਾਸੀ ਛਾ ਗਈ

Ad Position 21
No active advertisement
ਅਜੀਤ ਡੈਸਕ 30-12-2025

ਅੱਜ ਭੋਗ 'ਤੇ ਵਿਸ਼ੇਸ਼

ਮਨੁੱਖ ਦਾ ਜ਼ਿੰਦਗੀ ਤੇ ਮੌਤ ਦਰਮਿਆਨ ਵਾਲਾ ਸਾਰਾ ਸਫ਼ਰ ਰੱਬ ਦੇ ਖ਼ਾਸ ਨਿਜ਼ਾਮ ਦੇ ਅਧੀਨ ਹੈ। ਉਸ ਦੀ ਰਜ਼ਾ ਵਿਚ ਹੀ ਸਾਡੀਆਂ ਖ਼ੁਸ਼ੀਆਂ ਗ਼ਮੀਆਂ ਤੇ ਹੋਰ ਕਾਰ-ਵਿਹਾਰ ਅਕਾਰ ਲੈਂਦੇ ਹਨ। ਇਸ ਸੰਬੰਧੀ ਗੁਰੂ ਸਾਹਿਬਾਨ ਤੇ ਹੋਰ ਦਾਨਿਸ਼ਵਰਾਂ ਨੇ ਆਪੋ-ਆਪਣੇ ਢੰਗ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ ਹਨ-
ਜੋ ਆਇਆ ਸੋ ਚਲਸੀ
ਸਭੁ ਕੋਈ ਆਈ ਵਾਰੀਐ।।
(ਆਸਾ, ਮ: ੧, ਅੰਗ : 473)
***
ਹੁਕਮੈ ਅੰਦਰਿ ਸਭੁ ਕੋ
ਬਾਹਰਿ ਹੁਕਮ ਨਾ ਕੋਇ।।
(ਜਪੁ, ਮ: ੧, ਅੰਗ : 1)
***
ਬਾਕੌਲ ਮਿਰਜ਼ਾ ਗ਼ਾਲਿਬ-
ਮੌਤ ਕਾ ਏਕ ਦਿਨ ਮੁਅਈਅਨ ਹੈ
ਨੀਂਦ ਕਿਉਂ ਰਾਤ ਭਰ ਨਹੀਂ ਆਤੀ।
ਬਾਬਾ ਵਾਰਿਸ ਸ਼ਾਹ ਜੀ ਨੇ ਫ਼ੁਰਮਾਇਆ-
ਵਾਰਿਸ ਦਮ ਦਾ ਕੋਈ ਵਸਾਹ ਨਹੀਓਂ
ਰੱਬ ਬੇ ਵਾਰਿਸ ਕਰਕੇ ਮਾਰਦਾ ਈ।
ਇਸ ਸਭ ਦੇ ਬਾਵਜੂਦ ਇਕ ਡਰ, ਇਕ ਖ਼ੌਫ਼ ਹਮੇਸ਼ਾ ਬਣਿਆ ਰਹਿੰਦਾ ਸੀ ਕਿ ਮੇਰੇ ਮੁਰਸ਼ਦ-ਏ-ਮੌਸੀਕੀ, ਮੇਰੇ ਮਹਿਬੂਬ ਨੂੰ ਮੇਰੇ ਧਰਤੀ ਦੇ ਰੱਬ ਨੂੰ ਓ ਅਕਾਸ਼ਾਂ ਵਾਲਾ ਰੱਬ ਕਿਤੇ ਸਾਡੇ ਕੋਲੋਂ ਖੋਹ ਕੇ ਲੈ ਨਾ ਜਾਵੇ। ਪਰ ਉਹ ਵੀ ਦਿਨ ਆ ਗਿਆ, ਜਿਸ ਦਾ ਡਰ ਸੀ। ਪਿਆਰੇ ਗੁਰੂ ਜੀ ਉਸਤਾਦ ਪੂਰਨ ਸ਼ਾਹਕੋਟੀ ਸਾਹਿਬ ਨੂੰ, ਮਲਕਲ ਮੌਤ ਦੇ ਫ਼ਰਿਸ਼ਤੇ ਸਾਡੇ ਤੋਂ ਖੋਹ ਕੇ ਲੈ ਗਏ। ਸੰਗੀਤ ਦਾ ਕਿਲ੍ਹਾ ਹੀ ਢਹਿ-ਢੇਰੀ ਹੋ ਗਿਆ। ਸਾਡੇ ਇਸ਼ਕ ਦਾ, ਮੁਹੱਬਤ ਦਾ, ਮਾਰਫ਼ਤ ਦਾ ਜਹਾਨ ਲੁੱਟਿਆ ਗਿਆ।
ਉਹ ਘਰ ਜਿਥੋਂ ਹਮੇਸ਼ਾ ਸੁਰੀਲੀਆਂ ਆਵਾਜ਼ਾਂ, ਹਰਮੋਨੀਅਮ, ਤਬਲੇ ਦੀਆਂ ਲਹਿਰਾਂ, ਉੱਚੇ-ਉੱਚੇ ਹਾਸਿਆਂ ਦੇ ਕਹਕਹੇ ਸੁਣਦੇ ਸਨ, ਉਹ ਘਰ ਜੋ ਆਮ ਮਕਾਨ ਨਹੀਂ ਸੁਰ ਦਾ ਮੰਦਰ ਬਣ ਗਿਆ ਸੀ, ਉਸ ਮੰਦਰ ਦਾ ਅਤੇ ਸੁਰਾਂ ਦਾ ਦੇਵਤਾ ਚਲਾ ਗਿਆ ਤੇ ਉਸ ਘਰੋਂ ਬੇਹੱਦ ਗ਼ਮਗ਼ੀਨ ਆਵਾਜ਼ਾਂ, ਵੈਣ ਤੇ ਕੀਰਨਿਆਂ ਦੀਆਂ ਆਵਾਜ਼ਾਂ ਤੇ ਉਸ ਘਰ ਦੀਆਂ ਕੰਧਾਂ ਵੀ ਰੋ ਰਹੀਆਂ ਸੁਣਾਈ ਦੇਣ ਲੱਗੀਆਂ। ਖ਼ਬਰ ਜੰਗਲ ਵਿਚ ਲੱਗੀ ਅੱਗ ਵਾਂਗ ਫੈਲ ਗਈ ਤੇ ਲੋਕ ਬੇ-ਮੁਹਾਰੇ ਪੂਰੇ ਪੰਜਾਬ ਤੋਂ ਆਪਣੇ ਮਹਿਬੂਬ ਦੀ ਆਖਰੀ ਜ਼ਿਆਰਤ ਲਈ ਰੋਂਦੇ ਕੁਰਲਾਉਂਦੇ ਪਹੁੰਚਣ ਲੱਗੇ। ਬੇਹੱਦ ਗ਼ਮਗੀਨ ਤੇ ਅਜੀਬ ਮੰਜ਼ਰ ਬਣ ਗਿਆ। ਵਜੂਦ ਉਸੇ ਤਰ੍ਹਾਂ ਸੀ ਪਰ ਰੂਹ ਉਡਾਰੀ ਮਾਰ ਚੁੱਕੀ ਸੀ, ਵਜੂਦ ਵੀ ਸਿਰਫ਼ ਇਕ ਰਾਤ ਬੱਸ।
ਐ ਮੇਰੇ ਮੁਰਸ਼ਿਦ ਤੁਸੀਂ ਬੇਹੱਦ ਨਾਜ਼ੁਕ ਮਿਜ਼ਾਜ ਸੀ, ਤੁਹਾਡਾ ਵਜੂਦ ਨਾ ਜ਼ਿਆਦਾ ਗਰਮੀ ਤੇ ਨਾ ਜ਼ਿਆਦਾ ਸਰਦੀ ਸਹਿਣ ਵਾਲਾ ਸੀ, ਉਸ ਵਜੂਦ ਨੂੰ ਹਨੇਰੀ ਕਬਰ ਵਿਚ ਰੱਖਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ ਤੇ ਆਖ਼ਰੀ ਇਸ਼ਨਾਨ ਜਿਸ ਨੂੰ 'ਗੁਸਲ' ਵੀ ਕਿਹਾ ਜਾਂਦਾ ਹੈ, ਕਰਾ ਕੇ ਤੁਹਾਡੇ ਮਖ਼ਮਲ ਵਰਗੇ ਸਰੀਰ ਨੂੰ ਅਰਥੀ ਤੇ ਜਨਾਜ਼ੇ 'ਤੇ ਪਾ ਕੇ ਡੂੰਘੀ ਤੇ ਅੱਤ ਹਨੇਰੀ ਕਬਰ ਵਿਚ ਉਤਾਰ ਦਿੱਤਾ ਗਿਆ।
ਬੇਹੱਦ ਨਾਜ਼ੁਕ ਜਿਸਮ 'ਤੇ ਮਣਾਂ ਮੂੰਹੀਂ ਮਿੱਟੀ ਪਾ ਦਿੱਤੀ ਗਈ। ਜਿਸਮ ਨੂੰ ਮਿੱਟੀ ਵੀ ਕਿਹਾ ਜਾਂਦਾ ਹੈ ਤੇ ਮਿੱਟੀ ਮਿੱਟੀ ਵਿਚ ਸਮਾ ਗਈ-
ਹਾਇ ਓ ਰੱਬਾ-
ਕੌਣ ਕਹੇ ਤੈਨੂੰ ਇੰਝ ਨਾਹੀਂ ਤੇ ਇੰਝ ਕਰ।
ਤੁਸੀਂ ਜਿੱਥੇ ਬਹੁਤ ਵੱਡੇ ਗਵੱਈਏ ਸੀ, ਨਾਲ ਬਹੁਤ ਵੱਡੇ ਅਦੀਬ, ਬਹੁਤ ਵੱਡੇ ਫਿਲਾਸਫਰ, ਬਹੁਪੱਖੀ ਅਜ਼ੀਮ ਸ਼ਖ਼ਸੀਅਤ ਦੇ ਮਾਲਕ ਵੀ ਸੀ।
ਤਦੇ ਤਾਂ ਤੁਹਾਡੇ ਕੋਲ ਵੱਡੇ-ਵੱਡੇ ਗਵੱਈਏ, ਵੱਡੇ-ਵੱਡੇ ਕੀਰਤਨੀਏ ਵੀ ਆਉਂਦੇ ਸਨ, ਕਿਉਂਕਿ ਤੁਸੀਂ ਸੂਫ਼ੀ ਕਲਾਮ ਗਾਉਂਦੇ ਗਾਉਂਦੇ, ਸੂਫ਼ੀ ਫ਼ਕੀਰ ਹੀ ਹੋ ਗਏ ਸੀ, ਵੱਡੇ-ਵੱਡੇ ਫ਼ਕੀਰ ਵੀ ਤੁਹਾਡੀ ਸੰਗਤ ਕਰਨ ਦਾ ਸ਼ਰਫ਼ਹਾਸਿਲ ਕਰਦੇ ਸਨ।
ਤੁਹਾਡੇ ਸ਼ਾਗਿਰਦ, ਤੁਹਾਡੇ ਪ੍ਰਸੰਸਕਾਂ ਤੇ ਹਰ ਤਰ੍ਹਾਂ ਦੇ ਲੋਕਾਂ ਦਾ ਮੇਲਾ ਲੱਗਾ ਰਹਿੰਦਾ ਸੀ ਤੇ ਉਹ ਮੇਲਾ ਵਿਛੜ ਗਿਆ।
ਜਿਵੇਂ ਨੁਸਰਤ ਸਾਹਿਬ ਨੇ ਗਾਇਆ-
ਦੁੱਖ ਰੱਜ ਰੱਜ ਦਾਤਾ ਨੂੰ ਸੁਣਾਈਏ,
ਮੇਲੇ ਨੇ ਵਿੱਛੜ ਜਾਣਾ,
ਤੇ ਮੇਲਾ ਵਿਛੜ ਗਿਆ।
ਆਰਟਿਸਟ, ਗਵੱਈਆ ਕਦੇ ਨਹੀਂ ਮਰਦਾ, ਤੁਹਾਡੀ ਆਵਾਜ਼ ਤਾਂ ਕਿਆਮਤ ਤੱਕ ਗੂੰਜਦੀ ਰਹੇਗੀ। ਤੁਸੀਂ ਜੋ ਮਾਲੀ ਬਣ ਕੇ ਬਾਗ਼ ਲਾਇਆ ਤੇ ਸਿੰਜਿਆ, ਉਸ ਬਾਗ਼ ਦੇ ਅਨੇਕਾਂ ਫੁੱਲ ਜਿਨ੍ਹਾਂ ਵਿਚ ਤੁਹਾਡੇ ਆਪਣੇ ਬੱਚੇ ਤੇ ਅਨੇਕਾਂ ਤੁਹਾਡੇ ਸ਼ਾਗਿਰਦ, ਤੁਹਾਡੇ ਮੁਰੀਦ ਫੁੱਲ ਬਣ ਖ਼ੁਸ਼ਬੂ ਬਿਖੇਰਦੇ ਰਹਿਣਗੇ ਤੇ ਤੁਹਾਡੇ ਬੇਸ਼ੁਮਾਰ ਮੁਰੀਦ ਤੁਹਾਡੇ ਆਸ਼ਕ ਤੇ ਤੁਹਾਡੀ ਕਦਮਬੋਸੀ ਕਰਨ ਵਾਲਿਆਂ ਵਿਚ ਮੈਂ ਇਕ ਮੰਦੜਾ ਜਿਹਾ, ਇਕ ਅਦਨਾ ਜਿਹਾ ਮੁਰੀਦ ਤੁਹਾਡੀ ਯਾਦ ਵਿਚ ਗਾਉਂਦਾ ਰਵਾਂਗਾ-ਜਿਤਨੀ ਦੇਰ ਜਿਊਂਦਾ ਹਾਂ, ਯਾਦਾਂ ਦੇ ਬੂਟੇ ਨੂੰ ਹੰਝੂਆਂ ਦਾ ਪਾਣੀ ਪਾਉਂਦਾ ਰਹਾਂਗਾ।
ਸਦੀਵੀ ਵਿਛੋੜਾ ਸਾਡਾ ਸੁੱਖ ਚੈਨ ਖੋਹ ਕੇ ਲੈ ਗਿਆ ਹੈ। ਹੁਣ ਤਾਂ ਇਹੀ ਰਹਿ ਗਿਆ ਹੈ ਕਿ ਜਦੋਂ ਵੀ ਤੁਹਾਡੀ ਯਾਦ ਆਈ ਕੰਧੀਂ ਲੱਗ ਰੋ ਲਿਆ ਕਰਾਂਗੇ।
ਪਾਤਿਸ਼ਾਹ ਤੁਹਾਨੂੰ ਸਵਰਗ ਬਖ਼ਸ਼ੇ।
ਕਰਵਟ ਕਰਵਟ ਜੰਨਤ ਨਸੀਬ ਹੋਵੇ।
ਆਮੀਨ, ਅਲਵਿਦਾ!!

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਫ਼ਲਾਂ ਦੀ ਕਾਸ਼ਤ ਵਧਾਉਣਾ ਫ਼ਸਲੀ ਵਿਭਿੰਨਤਾ ਤੇ ਸਿਹਤ ਪੱਖੋਂ ਜ਼ਰੂਰੀ ਅਗਲੀ ਖ਼ਬਰ ਮਗਨਰੇਗਾ ਦੀ ਵੀ.ਬੀ ਜੀ ਰਾਮ ਜੀ ਕਾਨੂੰਨ ਵਿਚ ਤਬਦੀਲੀ-ਦਿਹਾਤੀ ਰੁਜ਼ਗਾਰ ਯੋਜਨਾ ਦੇ ਠੱਪ ਹੋਣ ਸੰਬੰਧੀ ਸ਼ੰਕੇ ਵਧੇ
Ad Position 24