ਪਿਛਲੇ ਦਿਨੀਂ ਕਾਂਗਰਸ ਨੇ ਆਪਣੀ 140ਵੀਂ ਵਰ੍ਹੇਗੰਢ ਮਨਾਈ। ਪਾਰਟੀ ਦੇ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕਿਹਾ ਕਿ ਕਾਂਗਰਸ ਨੇ ਕਦੇ ਵੀ ਭਾਰਤੀ ਸੰਵਿਧਾਨ ਦੀ ਭਾਵਨਾ ਨਾਲ ਸਮਝੌਤਾ ਨਹੀਂ ਕੀਤਾ। ਇਸ ਨੇ ਧਰਮ ਨਿਰਪੱਖਤਾ ਦੀ ਭਾਵਨਾ ਦੀ ਹਮੇਸ਼ਾ ਰਾਖੀ ਕੀਤੀ ਅਤੇ ਇਹ ਗਰੀਬਾਂ ਦੇ ਹੱਕਾਂ ਲਈ ਡਟ ਕੇ ਖੜ੍ਹੀ ਰਹੀ ਹੈ। ਰਾਹੁਲ ਗਾਂਧੀ ਨੇ ਵੀ ਕਿਹਾ ਕਿ ਕਾਂਗਰਸ ਸਿਰਫ਼ ਇਕ ਸਿਆਸੀ ਪਾਰਟੀ ਨਹੀਂ, ਸਗੋਂ ਭਾਰਤ ਦੀ ਆਤਮਾ ਦੀ ਆਵਾਜ਼ ਹੈ। ਅਸੀਂ ਪਾਰਟੀ ਆਗੂਆਂ ਦੇ ਇਨ੍ਹਾਂ ਦਾਅਵਿਆਂ ਦੀ ਕਦਰ ਕਰਦੇ ਹਾਂ ਪਰ ਇਸ ਦੇ ਨਾਲ-ਨਾਲ ਇਸ ਨੂੰ ਆਤਮ-ਮੰਥਨ ਕਰਨ ਦੀ ਵੀ ਗੁਜ਼ਾਰਿਸ਼ ਕਰਦੇ ਹਾਂ। 1885 ਵਿਚ ਜਨਮੀ ਇਸ ਪਾਰਟੀ ਨੇ ਸੁਤੰਤਰਤਾ ਦੀ ਲਹਿਰ ਵਿਚ ਆਪਣਾ ਵੱਡਾ ਯੋਗਦਾਨ ਪਾਇਆ ਸੀ। ਇਸ ਦੀ ਵਾਗਡੋਰ ਲੰਮੇ ਸਮੇਂ ਤੱਕ ਮਹਾਤਮਾ ਗਾਂਧੀ, ਪੰਡਤ ਜਵਾਹਰ ਲਾਲ ਨਹਿਰੂ ਅਤੇ ਉਨ੍ਹਾਂ ਦੇ ਸਮਿਆਂ ਦੇ ਕਈ ਹੋਰ ਵੱਡੇ ਆਗੂਆਂ ਦੇ ਹੱਥ ਰਹੀ। ਬਿਨਾਂ ਸ਼ੱਕ ਇਸ ਪਾਰਟੀ ਨੇ ਆਪਣੇ ਸਿਧਾਂਤਾਂ ਨੂੰ ਲੰਮੇ ਸਮੇਂ ਤੱਕ ਦ੍ਰਿੜ੍ਹਤਾ ਨਾਲ ਅਪਣਾਈ ਰੱਖਿਆ ਅਤੇ ਬੜੇ ਕੱਦਾਵਰ ਅਤੇ ਸ਼ਾਨਦਾਰ ਆਗੂ ਪੈਦਾ ਕੀਤੇ।
ਆਜ਼ਾਦੀ ਤੋਂ ਬਾਅਦ ਕਈ ਦਹਾਕਿਆਂ ਤੱਕ ਦੇਸ਼ ਦੀ ਵਾਗਡੋਰ ਵੀ ਕਾਂਗਰਸ ਦੇ ਹੱਥ ਵਿਚ ਰਹੀ, ਪਰ ਹੁਣ ਇਹ ਸੋਚਣ ਦਾ ਵੇਲਾ ਜ਼ਰੂਰ ਆ ਗਿਆ ਹੈ ਕਿ ਕਦੇ ਕੱਦਾਵਰ ਰਹੀ ਇਹ ਪਾਰਟੀ ਅੱਜ ਬੌਣੇਪਨ ਦਾ ਸ਼ਿਕਾਰ ਕਿਉਂ ਹੋ ਰਹੀ ਹੈ? ਪਾਰਟੀ ਦੇ ਅੰਦਰ ਤੇ ਬਾਹਰ ਅਜਿਹੀ ਚਰਚਾ ਲੰਮੇ ਸਮੇਂ ਤੋਂ ਚਲਦੀ ਆ ਰਹੀ ਹੈ। ਸਮੇਂ-ਸਮੇਂ ਇਸ ਪਾਰਟੀ ਅੰਦਰ ਵਾਪਰਦੇ ਘਟਨਾਕ੍ਰਮਾਂ 'ਤੇ ਦੇਸ਼ ਵਿਚ ਜਮਹੂਰੀਅਤ ਪਸੰਦ ਲੋਕਾਂ ਵਿਚ ਚਿੰਤਾ ਵੀ ਪੈਦਾ ਹੁੰਦੀ ਹੈ। ਲਗਭਗ ਪਿਛਲੇ 2 ਦਹਾਕਿਆਂ ਤੋਂ ਇਸ ਪਾਰਟੀ ਨੂੰ ਲਗਾਤਾਰ ਖ਼ੋਰਾ ਲੱਗਦਾ ਆ ਰਿਹਾ ਹੈ। ਜੇਕਰ ਇਸ ਦੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਸਿਹਰਾ ਇਸ ਦੇ ਤਤਕਾਲੀ ਆਗੂਆਂ ਨੂੰ ਮਿਲਦਾ ਰਿਹਾ ਹੈ ਤਾਂ ਮਿਲਦੀਆਂ ਹਾਰਾਂ ਦੀ ਨਮੋਸ਼ੀ ਵੀ ਇਨ੍ਹਾਂ ਨੂੰ ਝੱਲਣੀ ਪਵੇਗੀ। ਪਾਰਟੀ ਦੇ ਦਿਨੋ-ਦਿਨ ਕਮਜ਼ੋਰ ਹੋਣ ਸੰਬੰਧੀ ਪਾਰਟੀ ਅੰਦਰ ਚਲਦਾ ਆ ਰਿਹਾ ਚਿੰਤਨ ਮੰਥਨ ਵੀ ਕਿਸੇ ਸਿੱਟੇ 'ਤੇ ਪੁੱਜਦਾ ਨਜ਼ਰ ਨਹੀਂ ਆਉਂਦਾ। ਲੰਮਾ ਸਮਾਂ ਪਹਿਲਾਂ ਪਾਰਟੀ ਦੇ ਦੋ ਦਰਜਨ ਤੋਂ ਵਧੇਰੇ ਵੱਡੇ ਆਗੂਆਂ ਨੇ ਇਕ ਪੱਤਰ ਰਾਹੀਂ ਆਪਣੀ ਗੱਲ ਕਹਿਣ ਦਾ ਹਿਆ ਜ਼ਰੂਰ ਕੀਤਾ ਸੀ ਪਰ ਉਸ ਤੋਂ ਬਾਅਦ ਪਾਰਟੀ ਅੰਦਰ ਉਨ੍ਹਾਂ ਦਾ ਜੋ ਹਸ਼ਰ ਹੋਇਆ, ਉਹ ਕਿਸੇ ਤੋਂ ਭੁੱਲਿਆ ਹੋਇਆ ਨਹੀਂ। ਸ੍ਰੀਮਤੀ ਇੰਦਰਾ ਗਾਂਧੀ ਦੇ ਪ੍ਰਧਾਨ ਮੰਤਰੀ ਹੋਣ ਦੇ ਸਮੇਂ ਤੋਂ ਹੀ ਇਸ ਪਾਰਟੀ ਦੇ ਅੰਦਰ ਭਾਰੂ ਹੋਏ ਪਰਿਵਾਰਵਾਦ ਦੀ ਗੱਲ ਚਲਦੀ ਰਹੀ ਸੀ। ਇੰਦਰਾ ਗਾਂਧੀ ਇਕ ਮਜ਼ਬੂਤ ਇਰਾਦੇ ਵਾਲੀ ਸ਼ਖ਼ਸੀਅਤ ਸੀ, ਜਿਸ ਨੇ ਲੰਮਾ ਸਮਾਂ ਦੇਸ਼ ਦਾ ਪ੍ਰਸ਼ਾਸਨ ਚਲਾਇਆ ਪਰ ਆਪਣੇ ਪਰਿਵਾਰ ਨੂੰ ਹੀ ਸਿਆਸਤ ਦੇ ਖੇਤਰ ਵਿਚ ਅੱਗੇ ਰੱਖਣ ਦੀ ਉਸ ਦੀ ਮਨਸ਼ਾ ਉਸ ਦੀ ਕਮਜ਼ੋਰੀ ਸਾਬਿਤ ਹੋਈ।
ਸ੍ਰੀਮਤੀ ਗਾਂਧੀ ਆਪਣੇ ਪੁੱਤਰ ਸੰਜੇ ਗਾਂਧੀ ਨੂੰ ਕਮਾਨ ਦੇਣੀ ਚਾਹੁੰਦੀ ਸੀ। ਉਸ ਦੀ ਇਕ ਦੁਖਦਾਈ ਹਾਦਸੇ ਵਿਚ ਹੋਈ ਮੌਤ ਤੋਂ ਬਾਅਦ ਸਿਆਸਤ ਤੋਂ ਅਨਜਾਣ ਆਪਣੇ ਵੱਡੇ ਪੁੱਤਰ ਰਾਜੀਵ ਗਾਂਧੀ ਨੂੰ ਉਸ ਨੇ ਪਾਰਟੀ ਦੀਆਂ ਕੇਂਦਰੀ ਸਫ਼ਾਂ ਵਿਚ ਲਿਆ ਖੜ੍ਹਾ ਕੀਤਾ। ਇੰਦਰਾ ਦੀ ਹੱਤਿਆ ਤੋਂ ਬਾਅਦ ਪਾਰਟੀ ਦੇ ਸਾਹਮਣੇ ਰਾਜੀਵ ਗਾਂਧੀ ਤੋਂ ਬਗ਼ੈਰ ਕੋਈ ਹੋਰ ਨਾਂਅ ਨਹੀਂ ਸੀ। ਰਾਜੀਵ ਗਾਂਧੀ ਦੀ ਹੱਤਿਆ ਤੋਂ ਬਾਅਦ ਅਤੇ ਲਗਾਤਾਰ ਵਾਪਰਦੇ ਘਟਨਾ ਚੱਕਰ ਤੋਂ ਪਿੱਛੋਂ ਜੇਕਰ ਪ੍ਰਧਾਨ ਮੰਤਰੀ ਦਾ ਗੁਣਾ ਡਾ. ਮਨਮੋਹਨ ਸਿੰਘ 'ਤੇ ਪਿਆ ਤਾਂ ਉਸ ਸਮੇਂ ਵੀ ਸ੍ਰੀਮਤੀ ਸੋਨੀਆ ਗਾਂਧੀ ਅਤੇ ਉਨ੍ਹਾਂ ਦਾ ਪਰਿਵਾਰ ਸਿਆਸਤ 'ਤੇ ਛਾਏ ਰਹੇ। ਉਸ ਤੋਂ ਬਾਅਦ ਲਗਾਤਾਰ ਸਿਆਸੀ ਤੂਫ਼ਾਨਾਂ ਵਿਚ ਘਿਰੀ ਇਸ ਪਾਰਟੀ ਦੀ ਕਮਾਨ ਇਸ ਪਰਿਵਾਰ ਦੇ ਹੱਥਾਂ ਵਿਚ ਹੀ ਰਹੀ। ਪਿਛਲੇ ਲੰਮੇ ਸਮੇਂ ਤੋਂ ਜਿਸ ਤਰ੍ਹਾਂ ਰਾਹੁਲ ਗਾਂਧੀ ਸਿਆਸਤ ਵਿਚ ਵਿਚਰਦਾ ਰਿਹਾ ਹੈ, ਉਸ ਨੇ ਪਾਰਟੀ ਦੇ ਅੰਦਰ ਤੇ ਬਾਹਰ ਵੱਡੀ ਪੱਧਰ 'ਤੇ ਨਿਰਾਸ਼ਾ ਹੀ ਪੈਦਾ ਕੀਤੀ ਹੈ। ਅੱਜ ਚਾਹੇ ਪਾਰਟੀ ਰਸਾਤਲ ਵਲ ਜਾ ਰਹੀ ਹੈ ਅਤੇ ਅੰਦਰੋਂ ਖੋਖਲੀ ਹੋਈ ਨਜ਼ਰ ਆਉਂਦੀ ਹੈ ਤਾਂ ਵੀ ਉਹ ਇਸ ਪਰਿਵਾਰ ਦੀ ਜਕੜ ਵਿਚ ਹੀ ਹੈ। ਇਸ ਦਾ ਰਾਜ ਕੁਝ ਕੁ ਪ੍ਰਾਂਤਾਂ ਤੱਕ ਸੁੰਗੜ ਗਿਆ ਹੈ। ਇਨ੍ਹਾਂ ਰਾਜਾਂ ਵਿਚ ਵੀ ਪਾਰਟੀ ਅਤੇ ਉਸ ਦੀਆਂ ਸਰਕਾਰਾਂ 'ਚ ਜ਼ਾਬਤੇ ਦੀ ਘਾਟ ਸਪੱਸ਼ਟ ਰੂਪ ਵਿਚ ਦਿਖਾਈ ਦਿੰਦੀ ਹੈ, ਜਿਸ ਦਾ ਅਸਰ ਸਮੁੱਚੇ ਰੂਪ ਵਿਚ ਦੇਸ਼ ਦੀ ਸਿਆਸਤ 'ਤੇ ਪੈ ਰਿਹਾ ਹੈ। ਚਾਹੇ ਪਿਛਲੇ ਸਮੇਂ ਵਿਚ ਇਹ ਪਾਰਟੀ ਕੌਮੀ ਤੇ ਖੇਤਰੀ ਪੱਧਰ 'ਤੇ ਵਿਰੋਧੀ ਧਿਰ ਦੇ ਗਠਜੋੜਾਂ ਵਿਚ ਸ਼ਾਮਿਲ ਹੁੰਦੀ ਰਹੀ ਹੈ, ਪਰ ਤਾਂ ਵੀ ਚੋਣ ਰਾਜਨੀਤੀ ਵਿਚ ਇਹ ਕੋਈ ਵੱਡੀ ਪ੍ਰਾਪਤੀ ਹਾਸਿਲ ਨਹੀਂ ਕਰ ਸਕੀ। ਧਰਾਤਲ 'ਤੇ ਵੀ ਇਸ ਦਾ ਬਹੁਤਾ ਅਸਰ ਦੇਖਣ ਨੂੰ ਨਹੀਂ ਮਿਲਿਆ। ਅੱਜ ਇਸ ਦੀ ਸ਼ਮੂਲੀਅਤ ਵਾਲੇ ਗੱਠਜੋੜ ਵੀ ਬਿਖਰੇ ਹੋਏ ਦਿਖਾਈ ਦੇ ਰਹੇ ਹਨ।
ਇਸੇ ਸਾਲ ਦਿੱਲੀ ਅਤੇ ਬਿਹਾਰ ਵਿਚ ਨਮੋਸ਼ੀਜਨਕ ਹਾਰ ਤੋਂ ਬਾਅਦ ਆਉਂਦੇ ਵਰ੍ਹੇ ਕੁਝ ਹੋਰ ਮਹੱਤਵਪੂਰਨ ਰਾਜਾਂ ਤਾਮਿਲਨਾਡੂ, ਪੱਛਮੀ ਬੰਗਾਲ ਅਤੇ ਆਸਾਮ ਵਿਚ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਵਿਚ ਵੀ ਇਸ ਪਾਰਟੀ ਦਾ ਪ੍ਰਭਾਵ ਨਦਾਰਦ ਹੀ ਨਜ਼ਰ ਆਉਂਦਾ ਹੈ। ਪਿਛਲੇ ਦਿਨੀਂ ਕਾਂਗਰਸ ਦੇ ਹੀ ਕੁਝ ਵੱਡੇ ਆਗੂਆਂ ਨੇ ਪਾਰਟੀ ਦੀ ਖ਼ਸਤਾ ਹੁੰਦੀ ਸਥਿਤੀ ਬਾਰੇ ਸਾਹਮਣੇ ਆ ਕੇ ਆਪਣੇ ਕੁਝ ਵਿਚਾਰ ਜ਼ਰੂਰ ਪ੍ਰਗਟਾਏ ਹਨ ਪਰ ਇਨ੍ਹਾਂ ਦਾ ਕਿੰਨਾ ਕੁ ਪ੍ਰਭਾਵ ਪੈਂਦਾ ਹੈ, ਇਹ ਦੇਖਣ ਵਾਲੀ ਗੱਲ ਹੋਵੇਗੀ। ਅਜਿਹੀ ਸਥਿਤੀ ਵਿਚ ਇਹ ਯਕੀਨੀ ਨਜ਼ਰ ਆਉਂਦਾ ਹੈ ਕਿ ਜੇ ਪਾਰਟੀ ਦੇ ਢਾਂਚੇ ਵਿਚ ਵੱਡੀਆਂ ਤਬਦੀਲੀਆਂ ਨਾ ਕੀਤੀਆਂ ਗਈਆਂ ਤਾਂ ਨਿਰਾਸ਼ਾ ਦਾ ਇਹ ਆਲਮ ਹੋਰ ਵੀ ਲੰਮਾ ਹੋ ਸਕਦਾ ਹੈ। ਬਿਨਾਂ ਸ਼ੱਕ ਪਾਰਟੀ ਲਈ ਗੰਭੀਰਤਾ ਨਾਲ ਆਪਣੇ ਅੰਦਰ ਝਾਤੀ ਮਾਰਨ ਦਾ ਸਮਾਂ ਆ ਗਿਆ ਹੈ।
-ਬਰਜਿੰਦਰ ਸਿੰਘ ਹਮਦਰਦ