'ਰੇਸ' ਦੇ ਚੌਥੇ ਵਿਸਥਾਰ 'ਰੇਸ-4' ਦਾ ਦਰਸ਼ਕ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਇਸ ਦੀ ਸਟਾਰ ਕਾਸਟ ਨੂੰ ਲੈ ਕੇ ਵੱਖ-ਵੱਖ ਨਾਂਅ ਸਾਹਮਣੇ ਆ ਰਹੇ ਹਨ। ਫ਼ਿਲਮ ਵਿਚ ਐਕਟਰ ਹਰਸ਼ਵਰਧਨ ਦੇ ਨਾਲ-ਨਾਲ ਅਦਾਕਾਰਾ ਰਕੁਲ ਪ੍ਰੀਤ ਸਿੰਘ ਦੇ ਹੋਣ ਦੀਆਂ ਖ਼ਬਰਾਂ ਵੀ ਇਕ ਲੰਮੇ ਸਮੇਂ ਤੋਂ ਸੁਰਖੀਆਂ ਬਣੀਆਂ ਹੋਈਆਂ ਹਨ। ਪਰ ਫ਼ਿਲਮ ਦੇ ਪ੍ਰੋਡਿਊਸਰ ਰਮੇਸ਼ ਤੌਰਾਨੀ ਨੇ ਇਸ ਬਾਰੇ ਸਾਰੀਆਂ ਅਫ਼ਵਾਹਾਂ 'ਤੇ ਰੋਕ ਲਗਾਉਂਦੇ ਹੋਏ ਹਾਲ ਹੀ ਵਿਚ ਦੱਸਿਆ ਕਿ 'ਰੇਸ-4' ਲਈ ਉਸ ਨੇ ਦੋ ਬਾਲੀਵੁੱਡ ਸਿਤਾਰਿਆਂ ਸੈਫ਼ ਅਲੀ ਖਾਨ ਅਤੇ ਸਿਧਾਰਥ ਮਲਹੋਤਰਾ ਨਾਲ ਚਰਚਾ ਕੀਤੀ ਹੈ, ਜੋ ਹਾਲੇ ਆਪਣੀ ਪਟਕਥਾ ਦੇ ਪੜਾਅ ਵਿਚ ਹੈ।ਸਾਲ 2016 ਵਿਚ ਉਸ ਨੇ ਰੋਮਾਂਟਿਕ ਫ਼ਿਲਮ 'ਸਨਮ ਤੇਰੀ ਕਸਮ' ਜ਼ਰੀਏ ਹਿੰਦੀ ਫ਼ਿਲਮਾਂ ਵਿਚ ਪ੍ਰਵੇਸ਼ ਕੀਤਾ। ਇਸ ਫ਼ਿਲਮ ਵਿਚ ਉਸ ਨੇ ਪਾਕਿਸਤਾਨੀ ਅਦਾਕਾਰਾ ਮਾਵਰਾ ਹਾਕੇਨ ਨਾਲ ਇੰਦਰ ਲਾਲ ਪਰਿਹਾਰ ਦਾ ਕਿਰਦਾਰ ਨਿਭਾਇਆ।
ਫ਼ਿਲਮ ਨੇ ਟਿਕਟ ਖਿੜਕੀ 'ਤੇ ਔਸਤ ਪ੍ਰਦਰਸ਼ਨ ਹੀ ਕੀਤਾ ਸੀ ਪਰ ਇਸ ਫ਼ਿਲਮ ਨੇ ਨਾ ਸਿਰਫ਼ ਹਰਸ਼ਵਰਧਨ ਨੂੰ ਪਛਾਣ ਦਿਵਾਈ, ਸਗੋਂ ਇਸ ਲਈ ਉਸ ਨੂੰ ਸਟਾਰਡਸਟ ਐਵਾਰਡ ਫਾਰ ਸੁਪਰ ਸਟਾਰ ਆਫ਼ ਟੁਮਾਰੋ (ਮਰਦ) ਲਈ ਨਾਮਜ਼ਦਗੀ ਵੀ ਮਿਲੀ। ਇਸ ਤੋਂ ਬਾਅਦ ਉਸ ਨੇ ਫ਼ਿਲਮ 'ਤੈਸ਼' ਅਤੇ 'ਹਸੀਨ ਦਿਲਰੁਬਾ' ਵਰਗੀਆਂ ਫ਼ਿਲਮਾਂ ਵਿਚ ਕੰਮ ਕੀਤਾ। ਪਿਛਲੀ ਵਾਰ ਉਹ ਦਿਵਿਆ ਕੁਮਾਰ ਖੋਸਲਾ ਦੀ ਫ਼ਿਲਮ 'ਸਵੀ' ਵਿਚ ਨਜ਼ਰ ਆਏ।
ਹੁਣ ਉਸ ਦੇ ਪਾਈਪਲਾਈਨ ਵਿਚ 'ਸਨਮ ਤੇਰੀ ਕਸਮ-2', 'ਕੁਨ ਫਾਇਆ ਕੁਨ', 'ਮਿਰਾਂਡਾ ਬੁਆਏਜ਼' ਅਤੇ 'ਦੀਵਾਨੀਅਤ' ਵਰਗੀਆਂ ਫ਼ਿਲਮਾਂ ਹਨ। 'ਦੀਵਾਨੀਅਤ' ਵਿਚ ਉਸ ਨਾਲ ਸੋਨਮ ਬਾਜਵਾ ਨਜ਼ਰ ਆਵੇਗੀ।
ਹਰਸ਼ਵਰਧਨ ਰਾਣੇ ਦਾ ਜਨਮ 16 ਦਸੰਬਰ, 1983 ਨੂੰ ਆਂਧਰਾ ਪ੍ਰਦੇਸ਼ ਦੇ ਰਾਜਮਹੇਂਦਰਵਰਮ ਵਿਚ ਹੋਇਆ ਪਰ ਉਸ ਦਾ ਪਾਲਣ-ਪੋਸ਼ਣ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਚ ਹੋਇਆ। ਉਸ ਦੇ ਪਿਤਾ ਵਿਵੇਕ ਰਾਣੇ ਇਕ ਮਰਾਠੀ ਭਾਸ਼ੀ ਡਾਕਟਰ ਸਨ ਅਤੇ ਉਸ ਦੀ ਮਾਂ ਤੇਲਗੂ ਮੂਲ ਦੀ ਇਕ ਸੁਆਣੀ ਹੈ।
ਹਰਸ਼ਵਰਧਨ ਨੇ ਦਿੱਲੀ ਦੇ ਸ਼ਹੀਦ ਭਗਤ ਸਿੰਘ ਕਾਲਜ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ। ਮੁੰਬਈ ਆ ਕੇ ਉਸ ਨੇ ਬੈਰੀ ਜਾਨ ਐਕਟਿੰਗ ਸਟੂਡੀਓ ਤੋਂ ਅਭਿਨੈ ਦੀ ਰਸਮੀ ਟ੍ਰੇਨਿੰਗ ਵੀ ਲਈ।
ਹਰਸ਼ਵਰਧਨ ਦੀ ਜ਼ਿੰਦਗੀ ਸੰਘਰਸ਼ਾਂ ਨਾਲ ਭਰੀ ਰਹੀ। ਇਕ ਐਕਟਰ ਦੇ ਰੂਪ ਵਿਚ ਸਥਾਪਿਤ ਹੋਣ ਤੋਂ ਪਹਿਲਾਂ ਉਸ ਨੇ ਕਈ ਛੋਟੋ-ਮੋਟੇ ਕੰਮ ਕਰਦੇ ਹੋਏ ਕਾਫ਼ੀ ਸੰਘਰਸ਼ ਕੀਤਾ ਹੈ ਪਰ ਆਖਿਰਕਾਰ ਉਹ ਬਿਨਾਂ ਕਿਸੇ ਫ਼ਿਲਮੀ ਪਿਛੋਕੜ ਜਾਂ ਗਾਡਫਾਦਰ ਦੇ ਆਪਣੀ ਮਿਹਨਤ, ਲਗਨ ਅਤੇ ਪ੍ਰਤਿਭਾ ਦੇ ਦਮ 'ਤੇ ਫ਼ਿਲਮ ਸਨਅਤ ਵਿਚ ਇਕ ਖ਼ਾਸ ਪਛਾਣ ਬਣਾਉਣ ਵਿਚ ਕਾਮਯਾਬ ਹੋ ਗਿਆ।
ਟਾਈਮਜ਼ ਆਫ਼ ਇੰਡੀਆ ਨੇ 'ਮੋਸਟ ਡਿਜ਼ਾਇਰੇਬਲ ਮੈਨ' ਸੂਚੀ ਵਿਚ ਹਰਸ਼ਵਰਧਨ ਰਾਣੇ ਨੂੰ 2016 ਤੋਂ ਲਗਾਤਾਰ ਪੰਜ ਵਾਰ ਸ਼ਾਮਿਲ ਕੀਤਾ।