ਸਿੱਖਿਆ ਦੇ ਖੇਤਰ ਵਿਚ ਕੁਝ ਸ਼ਖ਼ਸੀਅਤਾਂ ਅਜਿਹੀਆਂ ਹੁੰਦੀਆਂ ਹਨ ਜੋ ਸਿਰਫ਼ ਆਪਣੇ ਵਿਸ਼ੇ ਦੀ ਜਾਣਕਾਰੀ ਹੀ ਨਹੀਂ ਦਿੰਦੀਆਂ, ਸਗੋਂ ਆਪਣੇ ਗਿਆਨ, ਬੋਲਚਾਲ, ਸ਼ਖ਼ਸੀਅਤ ਅਤੇ ਕਲਾਤਮਕ ਅੰਦਾਜ਼ ਨਾਲ ਵਿਦਿਆਰਥੀਆਂ ਅਤੇ ਸਮਾਜ 'ਤੇ ਆਪਣੀ ਵਿਲੱਖਣ ਛਾਪ ਛੱਡਦੀਆਂ ਹਨ | ਡਾ. ਮਨੀਤਾ ਜੋਸ਼ੀ ਵੀ ਅਜਿਹੀ ਹੀ ਬਹੁਪੱਖੀ ਸ਼ਖ਼ਸੀਅਤ ਹੈ, ਜਿਸ ਨੇ ਅਧਿਆਪਨ ਦੇ ਨਾਲ-ਨਾਲ ਮੰਚ-ਸੰਚਾਲਨ ਅਤੇ ਪੰਜਾਬੀ ਸੱਭਿਆਚਾਰ ਨਾਲ ਆਪਣੇ ਗੂੜ੍ਹੇ ਰਿਸ਼ਤੇ ਨੂੰ ਬਾਖੂਬੀ ਨਿਭਾਇਆ ਹੈ |

ਡਾ. ਮਨੀਤਾ ਜੋਸ਼ੀ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿਚ ਅਰਥਸ਼ਾਸਤਰ ਦੀ ਪ੍ਰੋਫੈਸਰ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ |
ਮੰਚ-ਸੰਚਾਲਨ ਵਿਚ ਵਿਲੱਖਣ ਪਛਾਣ : ਡਾ. ਮਨੀਤਾ ਜੋਸ਼ੀ ਦੀ ਸ਼ਖ਼ਸੀਅਤ ਦਾ ਇਕ ਹੋਰ ਮਹੱਤਵਪੂਰਨ ਪੱਖ ਉਨ੍ਹਾਂ ਦੀ ਮੰਚ-ਸੰਚਾਲਨ ਦੀ ਕਲਾ ਹੈ | ਕਾਲਜ ਵਿਚ ਹੋਣ ਵਾਲੇ ਵੱਖ-ਵੱਖ ਸਮਾਗਮਾਂ ਦੌਰਾਨ ਮੰਚ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਉਹ ਬੜੇ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਂਦੇ ਹਨ |
ਮੰਚ 'ਤੇ ਸ਼ਬਦਾਂ ਦੀ ਚੋਣ, ਆਵਾਜ਼ ਦਾ ਉਤਾਰ-ਚੜ੍ਹਾਅ, ਸਮਾਗਮ ਦੀ ਗੰਭੀਰਤਾ ਅਨੁਸਾਰ ਬੋਲਣ ਦਾ ਅੰਦਾਜ਼ ਅਤੇ ਹਾਜ਼ਰੀਨ ਨੂੰ ਆਪਣੇ ਨਾਲ ਜੋੜ ਕੇ ਰੱਖਣ ਦੀ ਕਲਾ-ਇਹ ਸਭ ਉਨ੍ਹਾਂ ਦੇ ਮੰਚ-ਸੰਚਾਲਨ ਨੂੰ ਖ਼ਾਸ ਬਣਾਉਂਦੇ ਹਨ | ਇਸੇ ਕਰਕੇ ਕਾਲਜ ਦੇ ਸਮਾਗਮਾਂ ਵਿਚ ਉਨ੍ਹਾਂ ਦੀ ਹਾਜ਼ਰੀ ਮੰਚ ਨੂੰ ਇਕ ਵੱਖਰੀ ਰੌਣਕ ਅਤੇ ਗਰਿਮਾ ਪ੍ਰਦਾਨ ਕਰਦੀ ਹੈ |
ਡਾ. ਮਨੀਤਾ ਜੋਸ਼ੀ ਦੀ ਬੋਲਣ ਦੀ ਕਲਾ ਅਤੇ ਸਾਹਿਤਕ-ਸੱਭਿਆਚਾਰਕ ਸਮਝ ਨੂੰ ਦੇਖਦਿਆਂ ਇਹ ਕਹਿਣਾ ਉਚਿਤ ਹੋਵੇਗਾ ਕਿ ਉਨ੍ਹਾਂ 'ਤੇ ਮਾਂ ਸਰਸਵਤੀ ਦੀ ਅਪਾਰ ਕਿਰਪਾ ਹੈ | ਸ਼ਬਦਾਂ ਨੂੰ ਸੁਚੱਜੇ ਢੰਗ ਨਾਲ ਪੇਸ਼ ਕਰਨਾ ਅਤੇ ਕਿਸੇ ਵੀ ਸਮਾਗਮ ਦੇ ਮਾਹੌਲ ਨੂੰ ਆਪਣੀ ਆਵਾਜ਼ ਰਾਹੀਂ ਪ੍ਰਭਾਵਸ਼ਾਲੀ ਬਣਾਉਣਾ ਉਨ੍ਹਾਂ ਦੀ ਵਿਸ਼ੇਸ਼ ਖੂਬੀ ਹੈ |
ਉਨ੍ਹਾਂ ਦੀ ਸ਼ਖ਼ਸੀਅਤ ਵਿਚ ਗਿਆਨ ਅਤੇ ਕਲਾ ਦਾ ਸੁੰਦਰ ਸੁਮੇਲ ਨਜ਼ਰ ਆਉਂਦਾ ਹੈ | ਇਕ ਪਾਸੇ ਉਹ ਅਰਥਸ਼ਾਸਤਰ ਦੀ ਅਧਿਆਪਕ ਹਨ ਅਤੇ ਦੂਜੇ ਪਾਸੇ ਪੰਜਾਬੀ ਬੋਲੀ, ਪੰਜਾਬੀ ਸੱਭਿਆਚਾਰ ਅਤੇ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਦਿਲੋਂ ਜੁੜੇ ਹੋਏ ਹਨ |
ਪੰਜਾਬੀ ਸੱਭਿਆਚਾਰ, ਬੋਲੀ ਅਤੇ ਪਰੰਪਰਾਵਾਂ ਪ੍ਰਤੀ ਉਨ੍ਹਾਂ ਦਾ ਪਿਆਰ ਉਨ੍ਹਾਂ ਦੀ ਗੱਲਬਾਤ ਅਤੇ ਮੰਚ-ਸੰਚਾਲਨ ਵਿਚ ਵੀ ਸਪੱਸ਼ਟ ਰੂਪ ਵਿਚ ਝਲਕਦਾ ਹੈ | ਕਾਲਜ ਦੇ ਸਮਾਗਮਾਂ ਵਿਚ ਉਨ੍ਹਾਂ ਦੀ ਭੂਮਿਕਾ ਸਿਰਫ਼ ਮੰਚ ਸੰਭਾਲਣ ਤੱਕ ਸੀਮਿਤ ਨਹੀਂ ਰਹਿੰਦੀ, ਸਗੋਂ ਉਹ ਸਮਾਗਮ ਦੀ ਰੂਹ ਨੂੰ ਸਮਝਦੇ ਹੋਏ ਉਸ ਨੂੰ ਇਕ ਸੁਚੱਜੀ ਦਿਸ਼ਾ ਦੇਣ ਵਿਚ ਵੀ ਆਪਣਾ ਯੋਗਦਾਨ ਪਾਉਂਦੇ ਹਨ | ਡਾ. ਮਨੀਤਾ ਜੋਸ਼ੀ ਵਰਗੀਆਂ ਸ਼ਖ਼ਸੀਅਤਾਂ ਕਿਸੇ ਵੀ ਸਿੱਖਿਆ ਸੰਸਥਾ ਦੀ ਸ਼ਾਨ ਹੁੰਦੀਆਂ ਹਨ | ਉਨ੍ਹਾਂ ਦੀ ਅਧਿਆਪਨ ਪ੍ਰਤੀ ਸਮਰਪਣ ਭਾਵਨਾ, ਮੰਚ-ਸੰਚਾਲਨ ਦੀ ਮੁਹਾਰਤ, ਪ੍ਰਭਾਵਸ਼ਾਲੀ ਬੋਲਣ ਦੀ ਕਲਾ ਅਤੇ ਪੰਜਾਬੀ ਸੱਭਿਆਚਾਰ ਪ੍ਰਤੀ ਪਿਆਰ ਉਨ੍ਹਾਂ ਨੂੰ ਇਕ ਬਹੁਪੱਖੀ ਅਤੇ ਸਨਮਾਨਯੋਗ ਸ਼ਖ਼ਸੀਅਤ ਬਣਾਉਂਦਾ ਹੈ |
-ਪੱਤਰਕਾਰ“'ਅਜੀਤ'”ਸੁਨਾਮ |