ਰਾਜਸ਼੍ਰੀ ਦੀ ਪ੍ਰੇਮ ਕਥਾ ਇਸ ਤਰ੍ਹਾਂ ਦੀ ਹੈ ਜਿਵੇਂ ਉਸ ਨੂੰ 18ਵੀਂ ਸ਼ਤਾਬਦੀ ਦੇ ਕਿਸੇ ਰੋਮਾਂਟਿਕ ਨਾਵਲ ਤੋਂ ਲਿਆ ਗਿਆ ਹੋਵੇ। ਉਹ ਆਪਣੇ ਕਰੀਅਰ ਦੀਆਂ ਬੁਲੰਦੀਆਂ 'ਤੇ ਸੀ। ਉਦੋਂ ਰਾਜ ਕਪੂਰ ਦੀ ਫ਼ਿਲਮ 'ਅਰਾਊਂਡ ਦ ਵਰਲਡ ਇਨ ਐਟ ਡਾਲਰਸ' (1967) ਦੀ ਸ਼ੂਟਿੰਗ ਦੇ ਸਿਲਸਿਲੇ ਵਿਚ ਉਸ ਨੂੰ ਅਮਰੀਕਾ ਜਾਣਾ ਪਿਆ। ਉਥੇ ਰਹਿੰਦਿਆਂ ਉਨ੍ਹਾਂ ਦੀ ਮੁਲਾਕਾਤ ਇਕ ਅਮਰੀਕੀ ਵਿਦਿਆਰਥੀ ਗ੍ਰੈਗ ਚੈਪਮੈਨ ਨਾਲ ਹੋਈ। ਦੋਵਾਂ ਵਿਚ ਪਿਆਰ ਹੋ ਗਿਆ। ਤਿੰਨ ਸਾਲ ਦੀ ਨੇੜਤਾ ਤੋਂ ਬਾਅਦ ਉਹ ਦੋਵੇਂ ਰਵਾਇਤੀ ਭਾਰਤੀ ਵਿਆਹ ਬੰਧਨ ਵਿਚ ਬੱਝ ਗਏ। ਭਾਰਤ ਵਿਚ ਵਿਆਹ ਪ੍ਰੋਗਰਾਮ ਪੰਜ ਦਿਨਾਂ ਤੱਕ ਚੱਲਿਆ ਸੀ। ਇਸ ਤੋਂ ਬਾਅਦ ਰਾਜਸ਼੍ਰੀ ਸਭ ਕੁਝ ਵਿਚਾਲੇ ਛੱਡ ਕੇ ਆਪਣੇ ਪਤੀ ਨਾਲ ਅਮਰੀਕਾ ਚਲੀ ਗਈ ਅਤੇ ਉਥੇ ਸਥਾਈ ਰੂਪ ਵਿਚ ਵਸ ਗਈ।
ਉਸ ਸਮੇਂ ਰਾਜਸ਼੍ਰੀ ਦੇ ਪਿਤਾ ਵੀ. ਸ਼ਾਂਤਾਰਾਮ ਆਪਣੀ ਫ਼ਿਲਮ 'ਬੂੰਦ ਜੋ ਬਨ ਗਈ ਮੋਤੀ' 'ਤੇ ਕੰਮ ਕਰ ਰਹੇ ਸਨ, ਜੋ ਨਿਰਮਾਣ ਦੇ ਸ਼ੁਰੂਆਤੀ ਦੌਰ ਵਿਚ ਸੀ। ਰਾਜਸ਼੍ਰੀ ਇਸ ਫ਼ਿਲਮ ਦੀ ਹੀਰੋਇਨ ਸੀ। ਪਰ ਜਦੋਂ ਉਹ ਇਸ ਫ਼ਿਲਮ ਨੂੰ ਵਿਚਾਲੇ ਹੀ ਛੱਡ ਕੇ ਅਮਰੀਕਾ ਚਲੀ ਗਈ ਤਾਂ ਸ਼ਾਂਤਾਰਾਮ ਨੂੰ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਸੀ ਹੋਇਆ। ਉਹ ਇਹ ਮੰਨਣ ਲਈ ਤਿਆਰ ਨਹੀਂ ਸਨ ਕਿ ਉਨ੍ਹਾਂ ਦੀ ਬੇਟੀ ਨੇ ਉਨ੍ਹਾਂ ਨੂੰ ਧੋਖਾ ਦਿੱਤਾ, ਜਿਸ ਨੂੰ ਉਨ੍ਹਾਂ ਨੇ ਆਪਣੀ ਫ਼ਿਲਮ 'ਗੀਤ ਗਾਇਆ ਪੱਥਰੋਂ ਨੇ' ਰਾਹੀਂ ਲਾਂਚ ਕੀਤਾ ਸੀ। ਫ਼ਿਲਮ ਦੇ ਹੀਰੋ ਜਤਿੰਦਰ, ਜੋ ਰਾਜਸ਼੍ਰੀ ਦੇ ਨੇੜਲੇ ਦੋਸਤ ਸਨ, ਨੇ ਬਾਅਦ ਵਿਚ ਇਕ ਮੁਲਾਕਾਤ ਵਿਚ ਦੱਸਿਆ ਸੀ, 'ਚੰਗੀ ਗੱਲ ਇਹ ਸੀ ਕਿ ਸ਼ਾਂਤਾਰਾਮ ਜੀ ਰਾਜ (ਰਾਜਸ਼੍ਰੀ ਦਾ ਪਿਆਰ ਦਾ ਨਾਂਅ) ਨੂੰ ਲੈ ਕੇ ਚਿੰਤਤ ਨਹੀਂ ਸਨ ਕਿ ਉਨ੍ਹਾਂ ਨੇ ਇਕ ਅਮਰੀਕੀ ਨਾਲ ਵਿਆਹ ਕਰ। ਲਿਆ। ਉਹ ਫ਼ਿਲਮ ਨੂੰ ਲੈ ਕੇ ਚਿੰਤਤ ਸਨ। ਉਨ੍ਹਾਂ ਨੇ ਆਪਣੀ ਬੇਟੀ ਨੂੰ ਕਿਹਾ ਕਿ ਤੂੰ ਜੋ ਕਰਨਾ ਹੈ ਕਰ। ਫ਼ਿਲਮ ਦੀ ਮੁੱਖ ਹੀਰੋਇਨ ਦੇ ਤੌਰ 'ਤੇ ਮੁਮਤਾਜ਼ ਨੂੰ ਸਾਈਨ ਕਰ ਲਿਆ।'
ਰਾਜਸ਼੍ਰੀ ਹੁਣ ਆਪਣਾ ਵਿਆਹੁਤਾ ਜੀਵਨ ਆਪਣੇ ਪਤੀ ਤੇ ਬੇਟੀ ਚੰਦ੍ਰਿਕਾ ਚੈਪਮੈਨ ਨਾਲ ਅਮਰੀਕਾ ਵਿਚ ਬਤੀਤ ਕਰ ਰਹੀ ਹੈ। ਲਾਸ ਏਂਜਲਸ ਵਿਚ ਇਕ ਹਾਈ-ਐਂਡ ਕਸਟਮ ਟੇਲਰਿੰਗ ਸ਼ਾਪ ਹੈ। ਰਾਜਸ਼੍ਰੀ ਨੇ ਗ੍ਰੈਗ ਨਾਲ ਅਮਰੀਕਾ ਵਿਚ ਵਸਣ 'ਤੇ ਕਦੀ ਅਫ਼ਸੋਸ ਨਹੀਂ ਕੀਤਾ। 'ਰਾਜਸ਼੍ਰੀ 1960 ਦੇ ਦਹਾਕੇ ਦੀ ਸੁਪਰ ਸਟਾਰ ਸੀ। ਉਸ ਨੇ ਸ਼ੰਮੀ ਕਪੂਰ ਨਾਲ 'ਜਾਨਵਰ', 'ਬ੍ਰਹਮਚਾਰੀ' ਆਦਿ ਸਫਲ ਫ਼ਿਲਮਾਂ ਵਿਚ ਕੰਮ ਕੀਤਾ ਅਤੇ ਆਪਣੀ ਸੁੰਦਰਤਾ, ਅਭਿਨੈ ਪ੍ਰਤਿਭਾ ਤੇ ਨ੍ਰਿਤ ਕੌਸ਼ਲ ਨਾਲ ਸਭ ਨੂੰ ਪ੍ਰਭਾਵਿਤ ਕੀਤਾ। ਰਾਜਸ਼੍ਰੀ ਮੰਨੇ-ਪ੍ਰਮੰਨੇ ਫ਼ਿਲਮਕਾਰ ਵੀ. ਸ਼ਾਂਤਾਰਾਮ (ਜਿਨ੍ਹਾਂ ਨੇ 'ਡਾ. ਕੋਟਨਿਸ ਕੀ ਅਮਰ ਕਹਾਨੀ' ਅਤੇ ਅਮਰ 'ਭੋਪਾਲੀ' ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ) ਅਤੇ ਉਸ ਦੀ ਦੂਜੀ ਪਤਨੀ ਜੈਸ਼੍ਰੀ ਦੀ ਬੇਟੀ ਹੈ। ਜੈਸ਼੍ਰੀ ਵੀ ਅਭਿਨੇਤਰੀ ਸੀ ਅਤੇ 'ਨਾਈਟਮੇਅਰ ਇਨ ਰੈੱਡ ਚਾਈਨਾ', 'ਚੋਰੋਂ ਕਾ ਚੋਰ' ਵਰਗੀਆਂ ਸਫ਼ਲ ਫ਼ਿਲਮਾਂ ਲਈ ਪ੍ਰਸਿੱਧ ਸੀ। ਰਾਜਸ਼੍ਰੀ ਨੇ ਲਗਭਗ ਦੋ ਦਰਜਨ ਫ਼ਿਲਮਾਂ ਵਿਚ ਕੰਮ ਕੀਤਾ, ਜਿਨ੍ਹਾਂ ਵਿਚ 'ਸੁਹਾਗ ਰਾਤ', 'ਸਗਾਈ', 'ਗੀਤ ਗਾਇਆ ਪੱਥਰੋਂ ਨੇ', 'ਸ਼ਹਿਨਾਈ' ਆਦਿ ਸ਼ਾਮਿਲ ਹਨ।
(ਬਾਕੀ ਅਗਲੇ ਬੁੱਧਵਾਰ ਦੇ ਅੰਕ 'ਚ)
ਪਿਆਰ ਦੀ ਖ਼ਾਤਿਰ ਬਾਲੀਵੁੱਡ ਛੱਡ ਗਈ ਸੀ ਰਾਜਸ਼੍ਰੀ
ਅਜੀਤ ਡੈਸਕ
04-06-2025