ਦਿੱਲੀ ਦੇ ਰਹਿਣ ਵਾਲੇ ਐਕਟਰ ਵਿਪਨ ਸ਼ਰਮਾ ਨੇ ਆਪਣੇ ਸ਼ੁਰੂਆਤੀ ਦਿਨਾਂ ਵਿਚ ਹੀ ਧਾਰ ਲਿਆ ਸੀ ਕਿ ਐਕਟਿੰਗ ਨੂੰ ਕਰੀਅਰ ਦੇ ਰੂਪ ਵਿਚ ਅਪਣਾਉਣਾ ਹੈ।
ਆਪਣੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਉਹ ਦਿੱਲੀ ਦੇ ਇਕ ਪੰਜਾਬੀ ਥੀਏਟਰ ਗਰੁੱਪ ਨਾਲ ਜੁੜ ਕੇ ਟਿਕਟ ਵੇਚਣ ਅਤੇ ਕਲਾਕਾਰਾਂ ਲਈ ਚਾਹ ਲੈ ਕੇ ਜਾਣ ਵਰਗੇ ਛੋਟੇ-ਮੋਟੇ ਕੰਮ ਕਰਨ ਲੱਗੇ।
ਦੂਰਦਰਸ਼ਨ ਟੈਲੀਵਿਜ਼ਨ ਲੜੀਵਾਰ 'ਭਾਰਤ ਇਕ ਖੋਜ' (1989) ਤੋਂ ਵਿਪਿਨ ਸ਼ਰਮਾ ਨੇ ਐਕਟਿੰਗ ਦੀ ਸ਼ੁਰੂਆਤ ਕੀਤੀ। ਫ਼ਿਲਮ 'ਕ੍ਰਿਸ਼ਨਾ' (1996) ਵਿਚ ਉਨ੍ਹਾਂ ਫ਼ਿਲਮ ਇੰਡਸਟਰੀ ਵਿਚ ਪ੍ਰਵੇਸ਼ ਕੀਤਾ ਪਰ ਉਸ ਤੋਂ ਬਾਅਦ ਵਿਪਿਨ ਸ਼ਰਮਾ ਨੂੰ ਕੋਈ ਨਵਾਂ ਕੰਮ ਨਹੀਂ ਮਿਲਿਆ। ਕਾਫੀ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਉਨ੍ਹਾਂ ਨੇ ਐਕਟਿੰਗ ਛੱਡਣ ਦਾ ਫ਼ੈਸਲਾ ਕਰ ਲਿਆ ਅਤੇ ਕੈਨੇਡਾ ਚਲੇ ਗਏ। ਉਨ੍ਹਾਂ ਨੇ ਕੈਨੇਡਾ ਦੇ ਕੈਨੇਡਾਈ ਫ਼ਿਲਮ ਸੈਂਟਰ ਤੋਂ ਐਕਟਿੰਗ ਦੀਆਂ ਸਾਰੀਆਂ ਬਰੀਕੀਆਂ ਸਿੱਖੀਆਂ।
ਉਸ ਤੋਂ ਬਾਅਦ ਉਨ੍ਹਾਂ ਨੇ ਭਾਰਤ ਵਾਪਸ ਆ ਕੇ ਦਿੱਲੀ ਦੇ ਐਨ.ਐਸ.ਡੀ. ਵਿਚ ਦਾਖ਼ਲਾ ਲਿਆ ਅਤੇ 2003 ਵਿਚ ਉਥੋਂ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਇਕ ਨਵੇਂ ਆਤਮ ਵਿਸ਼ਵਾਸ ਨਾਲ ਮੁੰਬਈ ਆ ਗਏ।
ਆਮਿਰ ਖਾਨ ਦੀ ਫ਼ਿਲਮ 'ਤਾਰੇ ਜ਼ਮੀਨ ਪਰ' (2007) ਵਿਚ ਨੰਦਕਿਸ਼ੋਰ ਅਵਸਥੀ ਦੀ ਭੂਮਿਕਾ ਵਿਚ ਉਨ੍ਹਾਂ ਨੇ ਪਹਿਲੀ ਵਾਰ ਲੋਕਾਂ ਦਾ ਧਿਆਨ ਖਿੱਚਿਆ। ਇਸ ਕਿਰਦਾਰ ਲਈ ਉਨ੍ਹਾਂ ਨੂੰ ਸਰਬਉੱਤਮ ਅਭਿਨੇਤਾ ਦੇ ਪਹਿਲਾ ਸਕ੍ਰੀਨ ਐਵਾਰਡ ਲਈ ਨਾਮਜ਼ਦ ਕੀਤਾ ਗਿਆ।
ਇਸ ਤੋਂ ਬਾਅਦ ਵਿਪਿਨ ਸ਼ਰਮਾ ਹਾਰਰ '1920', 'ਕਾਰਤਿਕ ਕਾਲਿੰਗ ਕਾਰਤਿਕ' (2010), ਰੋਮਾਂਟਿਕ ਥ੍ਰਿਲਰ 'ਸਾਹੇਬ, ਬੀਵੀ ਔਰ ਗੈਂਗਸਟਰ' (2011), 'ਪਾਨ ਸਿੰਘ ਤੋਮਰ' (2012), ਕ੍ਰਾਈਮ ਐਕਸ਼ਨ 'ਗੈਂਗਸ ਆਫ਼ ਵਾਸੇਪੁਰ' (2012), 'ਹੋਟਲ ਮੁੰਬਈ (2018) ਅਤੇ 'ਮੰਕੀ ਮੈਨ (2024) ਵਰਗੀਆਂ ਫ਼ਿਲਮਾਂ ਵਿਚ ਨਜ਼ਰ ਆਏ।
'ਮੰਕੀ ਮੈਨ' (2024) ਵਿਚ ਉਹ ਇਕ ਥਰਡ ਜੈਂਡਰ ਫ਼ਿਰਕੇ ਦੇ ਨੇਤਾ ਦੇ ਕਿਰਦਾਰ ਵਿਚ ਵਿਪਿਨ ਸ਼ਰਮਾ ਦੇ ਕੰਮ ਨੂੰ ਕਾਫੀ ਪਸੰਦ ਕੀਤਾ ਗਿਆ।
ਵਿਪਿਨ ਸ਼ਰਮਾ ਨੇ ਅਮੇਜ਼ਨ ਦੀ ਸੀਰੀਜ਼ 'ਪਾਤਾਲ ਲੋਕ' (2020) ਵਿਚ ਡੀ.ਸੀ.ਪੀ. ਭਗਤ ਦਾ ਕਿਰਦਾਰ ਨਿਭਾਇਆ ਸੀ, ਜਿਸ ਦੀ ਬੇਹੱਦ ਤਾਰੀਫ਼ ਹੋਈ। ਵੈੱਬ ਸੀਰੀਜ਼ 'ਦ ਫੈਮਿਲੀ ਮੈਨ 2' (2020), ਨੈਟਫਲਿਕਸ ਸੀਰੀਜ਼ 'ਗੰਨਸ ਐਂਡ ਗੁਲਾਬਜ਼' (2023), ਅਤੇ ਪ੍ਰੀਮ ਵੀਡੀਓ ਵੈੱਬ ਸੀਰੀਜ਼ 'ਪੀ ਆਈ ਮੀਨਾ' (2023) ਵਿਚ ਵੀ ਉਨ੍ਹਾਂ ਦੇ ਕੰਮ ਨੂੰ ਕਾਫੀ ਪਸੰਦ ਕੀਤਾ ਗਿਆ ਸੀ।
ਫਿਲਹਾਲ ਵਿਪਿਨ ਸ਼ਰਮਾ ਸਾਕਿਬ ਸਲੀਮ, ਰਾਜੇਸ਼ ਤੈਲੰਗ ਅਤੇ ਰਾਹੁਲ ਭੱਟ ਨਾਲ ਜੀ-5 ਦੀ ਵੈੱਬ ਸੀਰੀਜ਼ 'ਕ੍ਰਾਈਮ ਬੀਟ' (2025) ਵਿਚ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਹੌਲੀ-ਹੌਲੀ ਹੀ ਸਹੀ ਪਰ ਵਿਪਨ ਸ਼ਰਮਾ ਹੁਣ ਦਰਸ਼ਕਾਂ ਵਿਚ ਆਪਣੀ ਪਹਿਚਾਣ ਬਣਾਉਂਦੇ ਜਾ ਰਹੇ ਹਨ।