17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਹੁਣ ਬਾਲੀਵੁੱਡ 'ਚ ਆ ਰਿਹੈ ਅੱਲੂ ਅਰਜੁਨ

Ad Position 21
No active advertisement
ਅਜੀਤ ਡੈਸਕ 04-06-2025

8 ਅਪ੍ਰੈਲ, 1982 ਨੂੰ ਚੇਨਈ ਵਿਚ ਪੈਦਾ ਹੋਏ ਅੱਲੂ ਅਰਜੁਨ ਨੂੰ ਦੱਖਣ ਭਾਰਤ ਦੀ ਫ਼ਿਲਮ ਸਨਅਤ ਦੇ ਸਭ ਤੋਂ ਸਟਾਈਲਿਸ਼ ਸੁਪਰ ਸਟਾਰ ਦਾ ਦਰਜਾ ਹਾਸਿਲ ਹੈ। ਮੂਲ ਰੂਪ ਵਿਚ ਤੇਲਗੂ ਫ਼ਿਲਮਾਂ ਦੇ ਸਟਾਰ ਹੋਣ ਦੇ ਬਾਵਜੂਦ ਉਹ ਉਥੋਂ ਦੀਆਂ ਚਾਰੇ ਭਾਸ਼ਾਵਾਂ ਦੀਆਂ 100 ਤੋਂ ਜ਼ਿਆਦਾ ਫ਼ਿਲਮਾਂ ਵਿਚ ਕੰਮ ਕਰ ਚੁੱਕੇ ਹਨ।
ਇਕ ਫ਼ਿਲਮੀ ਪਿਛੋਕੜ ਦਾ ਹੋਣ ਦੀ ਵਜ੍ਹਾ ਕਰਕੇ ਅੱਲੂ ਦਾ ਰੁਝਾਨ ਹਮੇਸ਼ਾ ਹੀ ਫ਼ਿਲਮਾਂ ਵੱਲ ਸੀ। ਅੱਲੂ ਅਰਜੁਨ ਦੇ ਦਾਦਾ ਅੱਲੂ ਰਾਮਲਿੰਗਈਆ ਨੇ ਦੱਖਣ ਦੀਆਂ 1000 ਤੋਂ ਜ਼ਿਆਦਾ ਫ਼ਿਲਮਾਂ ਵਿਚ ਕੰਮ ਕੀਤਾ ਸੀ। ਉਹ ਤੇਲਗੂ ਫ਼ਿਲਮਾਂ ਦੇ ਬੇਹੱਦ ਪ੍ਰਸਿੱਧ ਐਕਟਰ ਸਨ।
ਅੱਲੂ ਅਰਜੁਨ ਦੇ ਪਿਤਾ ਅੱਲੂ ਅਰਵਿੰਦ ਦੱਖਣ ਭਾਰਤੀ ਫ਼ਿਲਮ ਸਨਅਤ ਦੇ ਇਕ ਬੇਹੱਦ ਸਨਮਾਨਿਤ ਫ਼ਿਲਮ ਨਿਰਮਾਤਾ ਹਨ ਅਤੇ ਉਨ੍ਹਾਂ ਨੇ ਹੁਣ ਤੱਕ ਕਈ ਹਿੱਟ ਫ਼ਿਲਮਾਂ ਬਣਾਈਆਂ ਹਨ।
ਅੱਲੂ ਅਰਜੁਨ ਦੇ ਕਰੀਅਰ ਵਿਚ ਇਕ ਵੱਡਾ ਬਦਲਾਅ ਉਦੋਂ ਆਇਆ ਜਦੋਂ 'ਪੁਸ਼ਪਾ : ਦ ਰਾਈਜ਼' ਵਿਚ ਉਸ ਦੀ ਅਦਾਕਾਰੀ ਨੇ ਉਨ੍ਹਾਂ ਨੂੰ ਇਕ ਨਵੀਂ ਉਚਾਈ 'ਤੇ ਪਹੁੰਚਾ ਦਿੱਤਾ। ਫ਼ਿਲਮ ਵਿਚ ਅੱਲੂ ਅਰਜੁਨ ਵਲੋਂ ਨਿਭਾਇਆ ਗਿਆ ਪੁਸ਼ਪਰਾਜ ਦਾ ਕਿਰਦਾਰ ਭਾਰਤੀ ਸਿਨੇਮਾ ਵਿਚ ਸਭ ਤੋਂ ਪਸੰਦੀਦਾ ਕਿਰਦਾਰਾਂ ਵਿਚੋਂ ਇਕ ਬਣ ਗਿਆ। ਇਸ ਫ਼ਿਲਮ ਨੇ ਉਸ ਨੂੰ ਗਲੋਬਲ ਪਛਾਣ ਦਿਵਾਈ।
69ਵੇਂ ਨੈਸ਼ਨਲ ਫ਼ਿਲਮ ਪੁਰਸਕਾਰ ਵਿਚ 'ਪੁਸ਼ਪਾ:ਦ ਰਾਈਜ਼' ਲਈ ਅੱਲੂ ਅਰਜੁਨ ਨੂੰ ਬੈਸਟ ਐਕਟਰ ਪੁਰਸਕਾਰ ਦਿੱਤਾ ਗਿਆ ਹੈ। ਇਹ ਸਨਮਾਨ ਹਾਸਿਲ ਕਰਨ ਵਾਲੇ ਅੱਲੂ ਪਹਿਲੇ ਤੇਲਗੂ ਐਕਟਰ ਹਨ। ਅੱਲੂ ਅਰਜੁਨ, ਹੁਣ ਤੱਕ 5 ਵਾਰ ਬੈਸਟ ਐਕਟਰ ਦੇ ਫ਼ਿਲਮ ਫੇਅਰ ਪੁਰਸਕਾਰ ਹਾਸਿਲ ਕਰ ਚੁੱਕਾ ਹੈ।
ਸੁਕੁਮਾਰ ਵਲੋਂ ਨਿਰਦੇਸ਼ਿਤ ਅਤੇ ਮੈਤਰੀ ਮੂਵੀ ਨਿਰਮਾਤਾ ਵਲੋਂ ਪ੍ਰੋਡਿਊਸ ਕੀਤੀ ਗਈ 350 ਕਰੋੜ ਦੇ ਬਜਟ ਵਿਚ ਬਣੀ ਅੱਲੂ ਅਰਜੁਨ ਅਤੇ ਰਸ਼ਮਿਕਾ ਮੰਦਾਨਾ ਦੀ ਫ਼ਿਲਮ 'ਪੁਸ਼ਪਾ 2 : ਦ ਰੂਲ' 15 ਅਗਸਤ, 2024 ਨੂੰ ਰਿਲੀਜ਼ ਹੋਈ ਸੀ। ਇਸ ਵਿਚ ਦਰਸ਼ਕਾਂ ਨੂੰ ਪਹਿਲੇ ਹਿੱਸੇ ਦੇ ਮੁਕਾਬਲੇ ਕਿਤੇ ਜ਼ਿਆਦਾ ਦਮਦਾਰ ਐਕਸ਼ਨ ਦੇਖਣ ਨੂੰ ਮਿਲੇ।
'ਪੁਸ਼ਪਾ 2 : ਦ ਰੂਲ' ਨੇ ਪਹਿਲੇ ਦਿਨ 175 ਕਰੋੜ ਦੀ ਕਮਾਈ ਕੀਤੀ ਇਸ ਤਰ੍ਹਾਂ ਇਹ ਫ਼ਿਲਮ 'ਆਰ.ਆਰ.ਆਰ.' ਦੀ ਪਹਿਲੇ ਦਿਨ ਦੀ 133 ਕਰੋੜ ਦੀ ਕਮਾਈ ਤੋਂ ਅੱਗੇ ਨਿਕਲ ਕੇ ਭਾਰਤ ਦੀ ਹੁਣ ਤੱਕ ਦੀ ਸ਼ੁਰੂਆਤੀ ਦਿਨ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ ਬਣੀ।
'ਪੁਸ਼ਪਾ 2 : ਦ ਰੂਲ' ਤੋਂ ਬਾਅਦ ਅੱਲੂ ਦੇ ਪ੍ਰਸੰਸਕਾਂ ਦਾ ਦਾਇਰਾ ਲਗਾਤਾਰ ਵਧਦਾ ਜਾ ਰਿਹਾ ਹੈ। ਬਾਲੀਵੁੱਡ ਦੇ ਜੋ ਦਰਸ਼ਕ ਦੱਖਣ ਭਾਰਤ ਦੀਆਂ ਫ਼ਿਲਮਾਂ ਦੇਖਦੇ ਹਨ, ਉਹ ਚਾਹੁੰਦੇ ਹਨ ਕਿ ਅੱਲੂ ਹੁਣ ਬਾਲੀਵੁੱਡ ਦੀਆਂ ਫ਼ਿਲਮਾਂ ਵਿਚ ਵੀ ਕੰਮ ਕਰੇ। ਅੱਲੂ ਉਨ੍ਹਾਂ ਦੀ ਖਵਾਹਿਸ਼ ਦਾ ਸਨਮਾਨ ਕਰਦੇ ਹੋਏ ਬਾਲੀਵੁੱਡ ਵਿਚ ਆਉਣ ਦੀ ਸੋਚ ਰਿਹਾ ਹੈ। ਉਸ ਦੀ ਇਕ ਹਾਂ ਲਈ ਵੱਡੇ ਨਿਰਮਾਤਾ ਇੰਤਜ਼ਾਰ ਕਰ ਰਹੇ ਹਨ।
ਅੱਲੂ ਅਰਜੁਨ ਦੇ ਪ੍ਰਸੰਸਕਾਂ ਲਈ ਹੁਣ ਇਕ ਚੰਗੀ ਖ਼ਬਰ ਆ ਰਹੀ ਹੈ ਕਿ ਉਹ ਛੇਤੀ ਹੀ ਸੰਦੀਪ ਰੈਡੀ ਵੰਗਾ ਅਤੇ ਭੂਸ਼ਨ ਕੁਮਾਰ ਦੀ ਫ਼ਿਲਮ ਦੇ ਨਾਲ ਬਾਲੀਵੁੱਡ ਵਿਚ ਦਾਖ਼ਲ ਹੋਣ ਜਾ ਰਿਹਾ ਹੈ।
 

Ad Position 22
No active advertisement
ਪਿਛਲੀ ਖ਼ਬਰ ਬਟਾਲਾ ਰੈਲੀ 'ਚ ਸ਼ਾਮਿਲ ਹੋਣ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਜਥਾ ਰਵਾਨਾ ਅਗਲੀ ਖ਼ਬਰ ਨਿਕਿਤਾ ਦੱਤਾ ਵੱਖਰੀ ਪਛਾਣ ਵਾਲੀ ਨਾਇਕਾ
Ad Position 24