ਬੁਰੀ ਖ਼ਬਰ ਕਿ 'ਜਿਉਲ ਥੀਫ਼' ਤੇ 'ਕਬੀਰ ਸਿੰਘ' ਫ਼ਿਲਮਾਂ ਵਾਲੀ ਅਭਿਨੇਤਰੀ ਨਿਕਿਤਾ ਦੱਤਾ ਨੂੰ ਹੁਣੇ ਜਿਹੇ ਪਰਤੇ ਨਾ-ਮੁਰਾਦ 'ਕੋਰੋਨਾ' ਨੇ ਆਪਣਾ ਸ਼ਿਕਾਰ ਬਣਾ ਲਿਆ ਹੈ। ਵਿਚਾਰੀ 'ਕੋਵਿਡ-19' ਨਾਲ ਕਰਾਹ ਰਹੀ ਨਿਕਿਤਾ ਨੇ ਇੰਸਟਾਗ੍ਰਾਮ 'ਤੇ ਆਪਣੇ ਚਹੇਤਿਆਂ ਨੂੰ ਆਪਣੀ ਸਿਹਤ ਦਾ ਬੁਲੇਟਿਨ ਆਪ ਹੀ ਜਾਰੀ ਕੀਤਾ ਹੈ। ਉਸ ਦੱਸਿਆ ਕਿ ਤੁਹਾਡੀ ਪਿਆਰੀ ਨਿਕਿਤਾ ਦੱਤਾ ਦੇ ਨਾਲ ਉਸ ਦੀ ਪਿਆਰੀ ਮੰਮੀ ਵੀ 'ਕੋਰੋਨਾ' ਦਾ ਸ਼ਿਕਾਰ ਹੋ ਚੁੱਕੀ ਹੈ। ਚੜ੍ਹਦੀ ਕਲਾ 'ਚ ਕਹੇ ਇਹ ਨਿਕਿਤਾ ਦੇ ਸ਼ਬਦ ਲੱਗੇ ਹਨ, ਜਿਸ 'ਚ ਕਿਹਾ ਗਿਆ ਕਿ ਇਹ ਬਿਨ ਸੱਦਿਆ ਪ੍ਰਾਹੁਣਾ ਆ ਗਿਆ ਹੈ ਸਾਡੇ ਘਰੇ ਪਰ ਜਲਦੀ ਹੀ ਇਸ ਨੂੰ ਬਾਏ-ਬਾਏ ਕਹਾਂਗੇ ਤੇ ਤਦ ਤੱਕ ਮੈਂ ਮੰਮੀ ਘਰੇ ਕੁਆਰਨਟਾਈਨ 'ਚ ਜਾ ਰਹੇ ਹਾਂ, ਤੁਸੀਂ ਬਚ ਕੇ ਰਹਿਣਾ, ਜਲਦੀ ਮਿਲੇਂਗੇ। ਉਸ ਦੀ ਸਹੇਲੀ ਦੀ ਸਹੇਲੀ ਸ਼ਿਲਪਾ ਸਿਰੋਢਕਰ ਵੀ ਕੋਰੋਨਾ ਦੀ ਸ਼ਿਕਾਰ ਬਣ ਚੁੱਕੀ ਹੈ ਤੇ ਨਿਕਿਤਾ ਨੇ ਤੰਦਰੁਸਤ ਹੋਣ ਤੱਕ ਸਾਰੇ ਪ੍ਰਾਜੈਕਟ ਫਿਲਹਾਲ ਟਾਲ ਦਿੱਤੇ ਹਨ। 'ਫੈਮਿਨਾ ਮਿਸ ਇੰਡੀਆ' ਰਹੀ ਦੱਤਾ ਨੇ 'ਲੇਕਰ ਹਮ ਦੀਵਾਨਾ ਦਿਲ' ਨਾਲ ਫ਼ਿਲਮ ਨਗਰੀ 'ਚ ਪ੍ਰਵੇਸ ਕੀਤਾ ਸੀ। ਦਿੱਲੀ ਦੇ ਪੰਜਾਬੀ ਪਰਿਵਾਰ ਦੀ ਜੰਮਪਲ ਨਿਕਿਤਾ ਦੱਤਾ ਨੇ ਜੀ-ਟੀ.ਵੀ. 'ਤੇ ਵੀ ਆਪਣੀ ਵਧੀਆ ਪਹਿਚਾਣ ਬਣਾਈ। ਉਹ ਨੌਜਵਾਨ ਅਭਿਨੇਤਰੀਆਂ 'ਚ ਅੱਡ ਜਿਹੀ ਦਿਸਦੀ ਹੈ ਤੇ ਪਿਆਰੀ ਲਗਦੀ ਹੈ, ਫ਼ਿਲਮੀ ਪੰਡਿਤਾਂ ਨੇ ਇਹ ਗੱਲ ਆਖੀ ਸੀ। ਪਹਿਲਾਂ ਜਦ 'ਕੋਰੋਨਾ' ਨਵਾਂ-ਨਵਾਂ ਆਇਆ ਸੀ, ਤਦ ਉਸ ਨੇ 'ਹੇਮਕੁੰਟ ਫਾਊਂਡੇਸ਼ਨ' ਨਾਲ ਲੋਕਾਂ ਦੀ ਸੇਵਾ ਵੀ ਕੀਤੀ ਸੀ। 'ਮਾਲਾਬਾਰ ਗੋਲਡ' ਦੀ ਉਹ 'ਬਰਾਂਡ ਅੰਬੈਸਡਰ' ਵੀ ਹੈ। 'ਰਾਕੇਟ ਗੈਂਗ', 'ਡਾਂਗੇ', 'ਡਿਬੁਕ', 'ਦਾ ਬਿਗ ਬੁਲ', 'ਮਸਕਾ' ਤੇ 'ਸੋਨਾ' ਫ਼ਿਲਮਾਂ ਕਰ ਚੁੱਕੀ ਨਿਕਿਤਾ ਦੱਤਾ ਦੀ ਇਕ ਕੁ ਸਾਲ ਪਹਿਲਾਂ ਆਈ ਮਰਾਠੀ ਫ਼ਿਲਮ 'ਘਰਾਟ ਗਣਪਤੀ' ਵੀ ਚੰਗੀ ਰਹੀ ਸੀ। 'ਗਹਿਨਾ ਚੋਰ' ਉਸ ਦੀ ਨਵੀਂ ਹਿੰਦੀ ਫ਼ਿਲਮ ਹੈ। ਇਕ ਹੋਰ ਫ਼ਿਲਮ 'ਗੁਲ ਗੁਲੇ ਬਕਾਵਲੀ' ਵੀ ਉਹ ਕਰ ਰਹੀ ਹੈ। ਬਿਹਾਰ ਚੈਪਟਰ ਟੀ.ਵੀ. 'ਤੇ ਆਇਆ ਤਾਂ ਉਸ ਦਾ ਕਿਰਦਾਰ ਤਨੂ ਲੋਡਾ ਸਭ ਨੂੰ ਪਿਆਰਾ ਲੱਗਿਆ। ਇਸ ਸਾਲ 'ਇਕ ਰਾਸ਼ਟਰ ਕਾ ਜਾਗਰਣ ਨਾਲ ਉਹ ਟੀ.ਵੀ. 'ਤੇ ਆਈ ਹੈ। ਅਪਾਰਸ਼ਕਤੀ ਖੁਰਾਨਾ ਦੇ ਵੀਡੀਓ ਗੀਤ 'ਨੀਂਦਰਾਂ ਨਹੀਂ ਆਉਂਦੀਆਂ' ਦੀ ਮੁੱਖ ਮਾਡਲ ਰਹੀ ਨਿਕਿਤਾ ਦੱਤਾ ਨੇ ਕਿਹਾ ਕਿ ਜਜ਼ਬਾਤ ਹਨ ਕਿ ਉਹ ਕਿਸੇ ਪਾਕਿਸਤਾਨੀ ਕਲਾਕਾਰ ਦਾ ਨਾਂਅ ਸੁਣਨਾ ਪਸੰਦ ਨਹੀਂ ਕਰ ਸਕਦੀ ਹੈ ਤੇ ਨਾ ਹੀ ਉਨ੍ਹਾਂ ਨੂੰ ਉਹ ਦੇਖਣਾ ਚਾਹੁੰਦੀ ਹੈ। ਹੋਸ਼ਿਆਰ ਨਿਕਿਤਾ ਦੱਤਾ ਨੇ ਕਿਹਾ ਕਿ ਝੂਠ ਹਰ ਥਾਂ 'ਤੇ ਹੈ, ਤੁਸੀਂ ਟੀ.ਵੀ. ਪੱਤਰਕਾਰ ਝੂਠੀਆਂ ਖ਼ਬਰਾਂ ਦਿੰਦੇ ਹੋ, ਇਹੀ ਹਾਲ ਬਾਲੀਵੁੱਡ ਦਾ ਹੈ। ਗ਼ਲਤੀਆਂ ਹਰ ਥਾਂ ਹੁੰਦੀਆਂ ਹਨ ਪਰ ਇਸ ਦਾ ਮਤਲਬ ਨਹੀਂ ਕਿ ਗ਼ਲਤੀ ਤੇ ਗ਼ਲਤੀ ਤੁਸੀਂ ਕਰਦੇ ਰਹੋ, ਉਸ ਨੇ ਕਿਹਾ ਕਿ ਆਖਿਰ 'ਚ ਫਿਰ ਕਿਹਾ ਕਿ 'ਕੋਰੋਨਾ' ਤੋਂ ਬਚਣਾ ਆਪਣੇ ਹੱਥ ਹੈ, ਸਾਵਧਾਨੀਆਂ ਵਰਤਦੇ ਰਹਿਣਾ, ਕੁਆਰਨਟਾਈਨ ਭਾਵ ਅਲਹਿਦਾ ਰਹਿਣ ਦਾ ਸਮਾਂ ਖਤਮ ਹੋਣ 'ਤੇ ਫਿਰ ਟੈਸਟ ਕਰਵਾ ਕੇ ਮਿਲਾਂਗੀ।
-ਸੁਖਜੀਤ ਕੌਰ