ਆਖ਼ਰੀ ਵਾਰ ਬਾਲੀਵੁੱਡ ਫ਼ਿਲਮ 'ਦ ਸਕਾਈ ਇਜ਼ ਪਿੰਕ' (2019) ਵਿਚ ਅਦਿਤੀ ਚੌਧਰੀ ਦੇ ਕਿਰਦਾਰ ਵਿਚ ਨਜ਼ਰ ਆਉਣ ਤੋਂ ਬਾਅਦ ਹੁਣ ਪ੍ਰਿਅੰਕਾ ਚੋਪੜਾ ਇਕ ਵਾਰ ਫਿਰ ਬਾਲੀਵੁੱਡ ਵਿਚ ਵਾਪਸੀ ਕਰਨ ਜਾ ਰਹੀ ਹੈ। ਰਿਤਿਕ ਰੌਸ਼ਨ ਵਲੋਂ ਨਿਰਦੇਸ਼ਤ ਕੀਤੀ ਜਾਣ ਵਾਲੀ ਪਹਿਲੀ ਫ਼ਿਲਮ 'ਕ੍ਰਿਸ਼-4' ਪ੍ਰੀ ਪ੍ਰੋਡਕਸ਼ਨ ਦੀ ਸਟੇਜ ਵਿਚ ਹੈ। ਇਹ ਇਕ ਇੰਟਰਨੈਸ਼ਨਲ ਪੱਧਰ ਦੀ ਐਕਸ਼ਨ ਸਾਇੰਸ ਫਿਕਸ਼ਨ ਫ਼ਿਲਮ ਹੋਵੇਗੀ। ਇਸ ਵਿਚ ਰਿਤਿਕ ਦੇ ਨਾਲ ਪ੍ਰਿਅੰਕਾ ਚੋਪੜਾ ਦੇ ਨਾਂਅ ਦਾ ਐਲਾਨ ਹੋ ਚੁੱਕਾ ਹੈ। ਇਹ ਫ਼ਿਲਮ ਸਾਲ 2027 'ਚ ਰਿਲੀਜ਼ ਹੋਵੇਗੀ। ਇਕ ਦਹਾਕਾ ਪਹਿਲਾਂ ਸਾਲ 2015 ਵਿਚ ਅਮਰੀਕਾ ਚਲੀ ਜਾਣ ਤੋਂ ਬਾਅਦ ਪ੍ਰਿਅੰਕਾ ਦੀ ਸਰਗਰਮੀ ਬਾਲੀਵੁੱਡ ਵਿਚ ਘੱਟ ਹੋਈ ਹੈ ਜਦ ਕਿ ਉਹ ਹਾਲੀਵੁੱਡ ਵਿਚ ਧੂਮ ਮਚਾ ਰਹੀ ਹੈ। ਪ੍ਰਿਅੰਕਾ ਨੇ ਹਾਲ ਹੀ ਵਿਚ ਫ੍ਰੈਂਕ ਈ ਫਲੋਅਰਜ਼ ਵਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਫ਼ਿਲਮ 'ਦ ਬਲੱਫ਼' ਦੀ ਸ਼ੂਟਿੰਗ ਪੂਰੀ ਕੀਤੀ ਹੈ। ਫ਼ਿਲਮ ਵਿਚ ਪ੍ਰਿਅੰਕਾ ਦੇ ਨਾਲ ਕਾਰਲ ਅਰਬਨ ਅਹਿਮ ਭੂਮਿਕਾ ਵਿਚ ਨਜ਼ਰ ਆਉਣਗੇ। ਫ਼ਿਲਮ ਦੀ ਰਿਲੀਜ਼ ਤਰੀਕ ਹਾਲੇ ਤੱਕ ਐਲਾਨੀ ਨਹੀਂ ਗਈ ਹੈ। ਇਸ ਤੋਂ ਇਲਾਵਾ ਪ੍ਰਿਅੰਕਾ ਸਾਲ 2023 ਵਿਚ ਰਿਲੀਜ਼ 'ਸਿਟਾਡੇਲ' ਦਾ ਦੂਜਾ ਹਿੱਸਾ ਕਰ ਰਹੀ ਹੈ। ਇਸ ਨੂੰ ਅਗਲੇ ਸਾਲ ਰਿਲੀਜ਼ ਕੀਤੇ ਜਾਣ ਦੀ ਖ਼ਬਰ ਹੈ। ਇਸ ਤੋਂ ਇਲਾਵਾ ਪ੍ਰਿਅੰਕਾ ਐਸ. ਐਸ. ਰਾਜਾਮੌਲੀ ਨਾਲ ਤੇਲਗੂ ਫ਼ਿਲਮ 'ਐਸ. ਐਸ. ਐਮ. ਬੀ. 29' ਕਰ ਰਹੀ ਹੈ। ਇਸ ਫ਼ਿਲਮ ਨੂੰ ਵੱਡੇ ਪੱਧਰ 'ਤੇ ਬਣਾਇਆ ਜਾ ਰਿਹਾ ਹੈ। ਇਸ ਵਿਚ ਪ੍ਰਿਅੰਕਾ ਨਾਲ ਐਕਟਰ ਮਹੇਸ਼ ਬਾਬੂ ਮੁੱਖ ਭੂਮਿਕਾ ਵਿਚ ਹੈ। ਫ਼ਿਲਮ ਦੀ ਸ਼ੂਟਿੰਗ ਜਾਰੀ ਹੈ। ਜੇਕਰ ਖ਼ਬਰਾਂ ਵੱਲ ਦੇਖੀਏ ਤਾਂ ਪ੍ਰਿਅੰਕਾ ਚੋਪੜਾ ਫ਼ਿਲਮ ਨਿਰਮਾਤਾ ਸੰਜੈ ਲੀਲਾ ਭੰਸਾਲੀ, ਰਣਵੀਰ ਕਪੂਰ, ਆਲੀਆ ਭੱਟ ਅਤੇ ਵਿੱਕੀ ਕੌਸ਼ਲ ਵਰਗੇ ਸਿਤਾਰਿਆਂ ਵਾਲੀ ਫ਼ਿਲਮ 'ਲਵ ਐਂਡ ਵਾਰ' ਦੇ ਇਕ ਡਾਂਸ ਨੰਬਰ ਵਿਚ ਨਜ਼ਰ ਆ ਸਕਦੀ ਹੈ। ਹਾਲਾਂਕਿ ਹਾਲੇ ਤੱਕ ਇਸ 'ਤੇ ਪ੍ਰਿਅੰਕਾ ਅਤੇ ਨਿਰਮਾਤਾ ਨੇ ਕੋਈ ਅਧਿਕਾਰਕ ਬਿਆਨ ਨਹੀਂ ਦਿੱਤਾ ਹੈ। ਸੰਜੈ ਲੀਲਾ ਭੰਸਾਲੀ ਦੀ ਇਸ ਫ਼ਿਲਮ ਦਾ ਪ੍ਰਸੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਕਿਹਾ ਜਾ ਰਿਹਾ ਹੈ ਕਿ ਫ਼ਿਲਮ ਅਗਲੇ ਸਾਲ ਰਿਲੀਜ਼ ਹੋ ਸਕਦੀ ਹੈ।
'ਕ੍ਰਿਸ਼-4' ਵਿਚ ਪ੍ਰਿਅੰਕਾ ਚੋਪੜਾ ਤੀਹਰੀ ਭੂਮਿਕਾ ਵਿਚ ਨਜ਼ਰ ਆਏਗੀ
ਅਜੀਤ ਡੈਸਕ
22-10-2025