08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

'ਬਹੁਤਾ' ਕਰਕੇ ਵੀ 'ਵਧੀਆ' ਨਹੀਂ ਕਰ ਸਕਿਆ ਪੰਜਾਬੀ ਸਿਨੇਮਾ

Ad Position 21
repet_subhas-goyals [Copy P29]
ਅਜੀਤ ਡੈਸਕ 31-12-2025

ਜੇਕਰ ਪੰਜਾਬੀ ਸਿਨੇਮਾ ਦੀ ਗੱਲ ਕੀਤੀ ਜਾਵੇ, ਤਾਂ ਇਥੇ ਨਿਵੇਕਲੇ ਅਤੇ ਸਾਰਥਕ ਵਿਸ਼ਿਆਂ ਨੂੰ ਮਹੱਤਵ ਦੇਣ ਦੀ ਥਾਂ ਹਲਕੇ-ਫੁਲਕੇ ਵਿਸ਼ਿਆਂ 'ਤੇ ਕੇਂਦਰਿਤ ਜ਼ਿਆਦਾਤਰ ਫ਼ਿਲਮਾਂ ਲਿਖੀਆਂ ਅਤੇ ਬਣਾਈਆਂ ਜਾ ਰਹੀਆਂ ਹਨ। ਬਹੁਤੀਆਂ ਪੰਜਾਬੀ ਫ਼ਿਲਮਾਂ ਦੇ ਨਿਰਮਾਤਾ ਤੇ ਨਿਰਦੇਸ਼ਕ ਕੁਝ ਨਵਾਂ ਜਾਂ ਹਟਵਾਂ ਕਰਨ ਦਾ ਜੋਖ਼ਮ ਉਠਾਉਣ ਦੀ ਥਾਂ ਨਿਰੋਲ ਕਾਮੇਡੀ 'ਤੇ ਹੀ ਆਪਣੀ ਟੇਕ ਰੱਖੀ ਬੈਠੇ ਹਨ। ਪੰਜਾਬ ਵਿਚ ਰੰਗਮੰਚ ਦੇ ਖੇਤਰ ਵਿਚ ਕਈ ਹੋਣਹਾਰ ਕਲਾਕਾਰ ਸਿਨੇਮਾ ਵਿਚ ਮੌਕਾ ਮਿਲਣ ਅਤੇ ਆਪਣੀ ਕਲਾ ਵਿਖਾਉਣ ਲਈ ਬੇਤਾਬ ਹਨ ਪਰ ਫਿਰ ਵੀ ਦੁੱਖ ਅਤੇ ਹੈਰਾਨੀ ਹੁੰਦੀ ਹੈ ਕਿ ਹਰੇਕ ਪੰਜਾਬੀ ਫ਼ਿਲਮ ਵਿਚ ਬਸ ਚੰਦ ਕੁ ਪ੍ਰਚਲਿਤ ਅਦਾਕਾਰਾਂ ਦਾ ਦੁਹਰਾਓ ਕੀਤਾ ਜਾਂਦਾ ਹੈ ਤੇ ਹਰੇਕ ਕਾਮੇਡੀ ਪੰਜਾਬੀ ਫ਼ਿਲਮ ਵੇਖ਼ ਕੇ ਇੰਜ ਲਗਦਾ ਹੈ ਜਿਵੇਂ ਕਿਸੇ ਟੀ.ਵੀ.ਲੜੀਵਾਰ ਦਾ ਅਗਲਾ ਭਾਗ ਵੇਖਿਆ ਜਾ ਰਿਹਾ ਹੋਵੇ। ਵੱਡੇ ਬੈਨਰਾਂ ਵਾਲੇ ਫ਼ਿਲਮ ਨਿਰਮਾਤਾਵਾਂ ਦੀ ਟੇਕ ਅੱਜ ਵੀ 'ਸੀਕੁਅਲ' ਫ਼ਿਲਮਾਂ 'ਤੇ ਟਿਕੀ ਵਿਖਾਈ ਦਿੰਦੀ ਹੈ, ਜਿਸ ਕਰਕੇ ਸਾਲ 2025 ਵਿਚ ਵੀ ਪਿਛਲੇ ਵਰ੍ਹਿਆਂ ਦੀਆਂ ਹਿੱਟ ਫ਼ਿਲਮਾਂ ਦੇ ਸੀਕੁਅਲ ਭਾਵ ਅਗਲੇ ਭਾਗ ਬਣਾਉਣ ਦੀ ਹੋੜ ਵਿਖਾਈ ਦਿੱਤੀ। ਨਿਵੇਕਲੇ ਤੇ ਦਿਲਚਸਪ ਵਿਸ਼ਿਆਂ ਵਾਲੀਆਂ ਕਹਾਣੀਆਂ, ਪਟਕਥਾਵਾਂ ਤੇ ਸੰਵਾਦਾਂ ਦੀ ਘਾਟ ਇਸ ਵਰ੍ਹੇ ਵਿਚ ਰੜ੍ਹਕਦੀ ਰਹੀ। ਸਾਲ 2025 ਵਿਚ ਕਈ ਪ੍ਰਤਿਭਾਵਾਨ ਅਤੇ ਦਮਦਾਰ ਅਦਾਕਾਰਾਂ ਦਾ ਸਦੀਵੀ ਵਿਛੋੜਾ ਵੀ ਪੰਜਾਬੀ ਸਿਨੇਮਾ ਨੂੰ ਕਦੇ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਪਾ ਗਿਆ।
ਸਾਲ 2025 ਦੀ ਜੇਕਰ ਵਪਾਰਕ ਪੱਖੋਂ ਸਭ ਤੋਂ ਸਫ਼ਲ ਰਹੀ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਵਾਈਟ ਹਿੱਲ ਸਟੂਡੀਓਜ਼ ਦੀ ਪੇਸ਼ਕਸ਼ 'ਸਰਦਾਰ ਜੀ-3' ਦਾ ਨਾਂਅ ਸਾਹਮਣੇ ਆਉਂਦਾ ਹੈ, ਜੋ ਕਿ 70 ਕਰੋੜ ਰੁਪਏ ਦੀ ਕਮਾਈ ਕਰਨ ਵਿਚ ਕਾਮਯਾਬ ਰਹੀ ਸੀ। ਇਸ ਸਾਲ ਦੀ ਦੂਜੀ ਸਭ ਤੋਂ ਸਫ਼ਲ ਫ਼ਿਲਮ ਰਹਿਣ ਦਾ ਸ਼ਰਫ਼ ਗਾਇਕ-ਅਦਾਕਾਰ ਤਰਸੇਮ ਜੱਸੜ ਦੀ 'ਵਿਹਲੀ ਜਨਤਾ ਫ਼ਿਲਮਜ਼' ਬੈਨਰ ਹੇਠ ਬਣੀ ਫ਼ਿਲਮ 'ਗੁਰੂ ਨਾਨਕ ਜਹਾਜ਼' ਦੇ ਹਿੱਸੇ ਆਇਆ ਹੈ, ਜੋ ਕਿ 37 ਕਰੋੜ ਦੇ ਕਰੀਬ ਕਮਾਉਣ ਵਿਚ ਕਾਮਯਾਬ ਰਹੀ ਹੈ ਤੇ ਤੀਜਾ ਸਥਾਨ ਹਾਸਿਲ ਕਰਨ ਵਾਲੀ ਫ਼ਿਲਮ 'ਧਰਮਾ ਪ੍ਰੋਡਕਸ਼ਨਜ਼' ਜਿਹੇ ਬਾਲੀਵੁੱਡ ਦੇ ਵੱਡੇ ਬੈਨਰ ਹੇਠ ਬਣੀ ਫ਼ਿਲਮ 'ਅਕਾਲ' ਰਹੀ, ਜਿਸ ਨੇ ਕਿ 25 ਕਰੋੜ ਰੁਪਏ ਕਮਾਏ ਹਨ। ਮਕਬੂਲ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ 'ਹੁਸ਼ਿਆਰ ਸਿੰਘ : ਆਪਣਾ ਅਰਸਤੂ' ਤੋਂ ਇਲਾਵਾ ਸੀਕੁਅਲ ਫ਼ਿਲਮਾਂ 'ਸੌਂਕਣ ਸੌਂਕਣੇ-2' , 'ਡਾਕੂਆਂ ਦਾ ਮੁੰਡਾ-2' ਅਤੇ 'ਨਿੱਕਾ ਜ਼ੈਲਦਾਰ-4' ਆਦਿ ਵੱਡੀ ਸਟਾਰਕਾਸਟ ਵਾਲੀਆਂ ਫ਼ਿਲਮਾਂ ਬਾਕਸ ਆਫ਼ਿਸ 'ਤੇ ਔਸਤ ਸਫ਼ਲਤਾ ਹਾਸਿਲ ਕਰ ਗਈਆਂ ਸਨ ਪਰ ਬੇਹੱਦ ਪ੍ਰਚਾਰੀਆਂ ਗਈਆਂ 'ਮਝੈਲ', 'ਗੈਂਗਲੈਂਡ' , 'ਸਰਬਾਲਾ ਜੀ' , 'ਫ਼ੱਫ਼ੇ ਕੁਟਣੀਆਂ' ਅਤੇ 'ਇੱਲਤੀ' ਆਦਿ ਜਿਹੀਆਂ ਕੁਝ ਹੋਰ ਫ਼ਿਲਮਾਂ ਬਾਕਸ ਆਫਿਸ 'ਤੇ ਓਨਾ ਜ਼ਬਰਦਸਤ ਕਮਾਲ ਨਹੀਂ ਵਿਖਾ ਸਕੀਆਂ ਸਨ, ਜਿਸ ਦਾ ਕਿ ਇਨ੍ਹਾਂ ਦੇ ਪ੍ਰਚਾਰ ਦੌਰਾਨ ਦਾਅਵਾ ਕੀਤਾ ਗਿਆ ਸੀ। । ਅਮਰਿੰਦਰ ਗਿੱਲ ਅਤੇ ਸਿੰਮੀ ਚਾਹਲ ਦੀ ਜੋੜੀ 'ਤੇ ਆਧਾਰਿਤ ਸੀਕੁਅਲ ਫ਼ਿਲਮ 'ਚੱਲ ਮੇਰਾ ਪੁੱਤ' ਵਿਦੇਸ਼ਾਂ ਵਿਚ 19 ਲੱਖ ਡਾਲਰ ਕਮਾਅ ਕੇ ਕਾਮਯਾਬ ਰਹੀ ਸੀ ਪਰ ਭਾਰਤ-ਪਾਕਿਸਤਾਨ ਦਰਮਿਆਨ ਕਸ਼ੀਦਗੀ ਦੇ ਮਾਹੌਲ ਕਰਕੇ ਇਸ ਫ਼ਿਲਮ ਵਿਚ ਪਾਕਿਸਤਾਨੀ ਕਲਾਕਾਰਾਂ ਦੇ ਸ਼ਾਮਿਲ ਹੋਣ ਦੇ ਵਿਵਾਦ ਦੇ ਚਲਦਿਆਂ ਇਹ ਫ਼ਿਲਮ ਭਾਰਤ 'ਚ ਰਿਲੀਜ਼ ਨਹੀਂ ਹੋ ਸਕੀ ਸੀ। ਪੰਜਾਬ ਦੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਅਤੇ ਸ਼ਹਾਦਤ ਦੇਣ ਵਾਲੇ ਸ.ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਬਤੌਰ ਅਦਾਕਾਰ ਦਿਲਜੀਤ ਦੁਸਾਂਝ ਦੀ ਫ਼ਿਲਮ 'ਪੰਜਾਬ 95' ਸੰਨ 2023 ਤੋਂ ਰਿਲੀਜ਼ ਦਾ ਇੰਤਜ਼ਾਰ ਕਰ ਰਹੀ ਸੀ ਤੇ ਮਾਰਚ ਅਤੇ ਮਈ, 2025 ਵਿਚ ਇਸ ਫ਼ਿਲਮ ਨੂੰ ਰਿਲੀਜ਼ ਕਰਨ ਦੇ ਐਲਾਨ ਤਾਂ ਸਾਹਮਣੇ ਆਏ ਪਰ ਭਾਰਤੀ ਫ਼ਿਲਮ ਸੈਂਸਰ ਬੋਰਡ ਵਲੋਂ 120 ਦੇ ਕਰੀਬ ਕੱਟ ਲਗਾਉਣ ਅਤੇ ਫ਼ਿਲਮ ਵਿੱਚੋਂ ਅਸਲ ਕਿਰਦਾਰਾਂ ਅਤੇ ਸਥਾਨਾਂ ਦੇ ਨਾਂਅ ਬਦਲਣ ਦੀ ਕੀਤੀ ਗਈ ਸਿਫ਼ਾਰਿਸ਼ ਫ਼ਿਲਮ ਦੇ ਨਿਰਮਾਤਾ ਰੌਨੀ ਸਕ੍ਰਿਊਵਾਲਾ, ਨਿਰਦੇਸ਼ਕ ਹਨੀ ਤ੍ਰੇਹਨ ਅਤੇ ਅਦਾਕਾਰ ਦਿਲਜੀਤ ਵਲੋਂ ਨਾਮਨਜ਼ੂਰ ਕੀਤੇ ਜਾਣ ਕਰਕੇ ਇਹ ਫ਼ਿਲਮ ਰਿਲੀਜ਼ ਨਹੀਂ ਹੋ ਸਕੀ ਸੀ। ਇਸੇ ਤਰ੍ਹਾਂ ਅਪ੍ਰੈਲ, 2025 ਵਿਚ ਪਹਿਲਗਾਮ ਵਿਖੇ ਵਾਪਰੇ ਨਿਰਦੋਸ਼ ਸੈਲਾਨੀਆਂ ਦੇ ਵਾਪਰੇ ਹੱਤਿਆਕਾਂਡ ਕਰਕੇ ਦਿਲਜੀਤ ਦੀ ਇਕ ਹੋਰ ਫ਼ਿਲਮ 'ਸਰਦਾਰ ਜੀ-3' ਭਾਰਤ ਵਿਚ ਰਿਲੀਜ਼ ਹੋਣ ਤੋਂ ਰੋਕ ਦਿੱਤੀ ਗਈ ਸੀ, ਕਿਉਂਕਿ ਇਸ ਫ਼ਿਲਮ ਵਿਚ ਵਿਚ ਪਾਕਿਸਤਾਨੀ ਅਦਾਕਾਰਾ ਹਾਨਿਆ ਆਮਿਰ ਨੇ ਵੀ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਸੀ ਤੇ ਉਸ ਵੇਲੇ ਪਾਕਿਸਤਾਨੀ ਕਲਾਕਾਰਾਂ ਦਾ ਬਾਈਕਾਟ ਕੀਤੇ ਜਾਣ ਸੰਬੰਧੀ ਦੇਸ਼ ਭਰ ਵਿਚ ਹਵਾ ਚੱਲ ਰਹੀ ਸੀ, ਜਦੋਂ ਕਿ ਪਾਕਿਸਤਾਨੀ ਕ੍ਰਿਕਟ ਟੀਮ ਨਾਲ ਮੈਚ ਜ਼ਰੂਰ ਖੇਡਿਆ ਜਾ ਰਿਹਾ ਸੀ।
ਸਾਲ 2025 ਦੇ ਆਰੰਭਲੇ ਮਹੀਨੇ ਵਿਚ ਜਿਹੜੀਆਂ ਪੰਜਾਬੀ ਫ਼ਿਲਮਾਂ ਵੱਡੇ ਪਰਦੇ ਦਾ ਸ਼ਿੰਗਾਰ ਬਣੀਆਂ ਸਨ ਉਨ੍ਹਾਂ ਵਿਚ 'ਅੱਕੜ ਬੱਕੜ ਬੰਬੇ ਬੋ, ਅੱਸੀ ਨੱਬੇ ਪੂਰੇ ਸੌ', 'ਸੌਦਾ ਖਰ੍ਹਾ ਖਰ੍ਹਾ', 'ਗੁਰਮੁੱਖ : ਦਿ ਆਈ ਵਿਟਨੈੱਸ' ਅਤੇ ਨਾਮਵਰ ਨਿਰਦੇਸ਼ਕ ਧੀਰਜ ਰਤਨ ਦੀ ਫ਼ਿਲਮ 'ਮਝੈਲ' ਆਦਿ ਸ਼ਾਮਿਲ ਸਨ। ਐਕਸ਼ਨ ਭਰਪੂਰ ਫ਼ਿਲਮ 'ਮਝੈਲ' ਦੇ ਮੁੱਖ ਸਿਤਾਰੇ ਸਨ ਗੁੱਗੂ ਗਿੱਲ, ਦੇਵ ਖਰੌੜ ਅਤੇ ਰੂਪੀ ਗਿੱਲ। 'ਅੱਕੜ ਬੱਕੜ' ਤਾਂ ਦਰਸ਼ਕਾਂ ਨੂੰ ਬਹੁਤੀ ਪਸੰਦ ਨਾ ਆਈ ਪਰ 5.5 ਕਰੋੜ ਰੁਪਏ ਦੀ ਲਾਗਤ ਵਾਲੀ ਫ਼ਿਲਮ 'ਮਝੈਲ' 9 ਕਰੋੜ ਤੋਂ ਵੱਧ ਦੀ ਕਮਾਈ ਕਰ ਗਈ । ਤਿੰਨ ਠੱਗ ਦੋਸਤਾਂ ਦੀ ਕਹਾਣੀ 'ਤੇ ਆਧਾਰਿਤ ਕਾਮੇਡੀ ਫ਼ਿਲਮ 'ਸੌਦਾ ਖਰ੍ਹਾ ਖਰ੍ਹਾ' ਦੀ ਸਫ਼ਲਤਾ ਦਾ ਗ੍ਰਾਫ਼ ਵੀ ਕੋਈ ਜ਼ਿਆਦਾ ਉੱਚਾ ਨਹੀਂ ਸੀ ਗਿਆ ਜਦੋਂ ਕਿ ਓ.ਟੀ.ਟੀ. ਪਲੇਟਫ਼ਾਰਮ 'ਤੇ ਰਿਲੀਜ਼ ਹੋਈ ਅਦਾਕਾਰ ਕੁਲਜਿੰਦਰ ਸਿੱਧੂ ਦੀ ਫ਼ਿਲਮ 'ਗੁਰਮੁਖ' ਨੂੰ ਦਰਸ਼ਕਾਂ ਦਾ ਠੀਕ-ਠਾਕ ਹੁੰਗਾਰਾ ਮਿਲ ਗਿਆ ਸੀ। ਫ਼ਰਵਰੀ ਮਹੀਨੇ ਵਿਚ ਕੇਵਲ ਤਿੰਨ ਪ੍ਰਮੁੱਖ ਫ਼ਿਲਮਾਂ ਰਿਲੀਜ਼ ਹੋਈਆਂ ਸਨ, ਜਿਨ੍ਹਾਂ ਵਿਚ ਨਿਰਦੇਸ਼ਕ ਉਦੈ ਪ੍ਰਤਾਪ ਸਿੰਘ ਦੇ ਨਿਰਦੇਸ਼ਨ ਵਿਚ ਬਣੀ ਅਤੇ ਸਤਿੰਦਰ ਸਰਤਾਜ ਤੇ ਸਿੰਮੀ ਚਾਹਲ ਵਲੋਂ ਅਭਿਨੀਤ ਵਿਅੰਗਾਤਮਕ ਫ਼ਿਲਮ 'ਹੁਸ਼ਿਆਰ ਸਿੰਘ : ਆਪਣਾ ਅਰਸਤੂ' ਬਾਕੀ ਦੋਵਾਂ ਫ਼ਿਲਮਾਂ ਦੇ ਮੁਕਾਬਲਤਨ ਔਸਤ ਤੋਂ ਵੱਧ ਸਫ਼ਲ ਰਹੀ ਸੀ ਤੇ ਆਪਣਾ ਮੁੱਲ ਵਧੀਆ ਢੰਗ ਨਾਲ ਮੋੜ ਗਈ ਸੀ। ਇਸ ਮਹੀਨੇ ਵਿਚ ਆਈਆਂ ਬਾਕੀ ਦੋ ਫ਼ਿਲਮਾਂ ਵਿੱਚੋਂ ਅਦਾਕਾਰ-ਨਿਰਮਾਤਾ ਜਗਜੀਤ ਸੰਧੂ ਦੀ ਫ਼ਿਲਮ 'ਇੱਲਤੀ' ਔਸਤ ਸਫ਼ਲਤਾ ਹਾਸਿਲ ਕਰਨ ਵਾਲੀ ਫ਼ਿਲਮ ਰਹੀ ਸੀ, ਜਦੋਂ ਕਿ ਮਸ਼ਹੂਰ ਨਿਰਦੇਸ਼ਕ ਮਨੀਸ਼ ਭੱਟ ਦੇ ਨਿਰਦੇਸ਼ਨ ਵਿਚ ਬਣੀ ਫ਼ਿਲਮ ਅਦਾਕਾਰ ਜੈ ਰੰਧਾਵਾ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ 'ਬਦਨਾਮ' ਵੀ ਆਪਣੇ ਬਜਟ ਦੇ ਕੁੱਲ 4 ਕਰੋੜ ਰੁਪਏ ਤੋਂ ਦੁੱਗਣੀ ਭਾਵ ਅੱਠ ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਨ ਵਿਚ ਸਫ਼ਲ ਰਹੀ ਸੀ। 'ਬਦਨਾਮ' ਵਿਚ ਮੁੱਖ ਭੂਮਿਕਾਵਾਂ ਅਦਾਕਾਰ ਜੈ ਰੰਧਾਵਾ ਅਤੇ ਜੈਸਮੀਨ ਭਸੀਨ ਨੇ ਅਦਾ ਕੀਤੀਆਂ ਸਨ। ਸਾਲ ਦੀ ਪਹਿਲੀ ਤਿਮਾਹੀ ਦੇ ਤੀਜੇ ਮਹੀਨੇ ਵਿਚ ਸਰਦਾਰ ਸੋਹੀ, ਦਿਲਨੂਰ ਕੌਰ, ਵਿਕਰਮ ਚੌਹਾਨ ਅਤੇ ਰਜਿੰਦਰ ਕੌਰ ਰੀਤ ਅਭਿਨੀਤ ਫ਼ਿਲਮ 'ਜਰਨੈਲ' ਜਿੱਥੇ ਸਫ਼ਲਤਾ ਪੱਖੋਂ ਔਸਤ ਫ਼ਿਲਮ ਰਹੀ ਸੀ, ਉੱਥੇ ਹੀ ਸਿਮਰਜੀਤ ਸਿੰਘ ਦੇ ਨਿਰਦੇਸ਼ਨ ਵਿਚ ਬਣੀ 'ਨਿੱਕਾ ਜ਼ੈਲਦਾਰ-4' ਆਪਣੀ ਲਾਗਤ ਦੇ 4 ਕਰੋੜ ਰੁਪਏ ਦੀ ਬਨਿਸਪਤ 6 ਕਰੋੜ ਰੁਪਏ ਕਮਾਉਣ ਵਿਚ ਕਾਮਯਾਬ ਰਹੀ ਸੀ। ਉੱਘੇ ਲੇਖਕ-ਅਦਾਕਾਰ-ਨਿਰਦੇਸ਼ਕ ਅੰਬਰਦੀਪ ਸਿੰਘ ਵਲੋਂ ਆਪਣੇ ਪੁੱਤਰ ਲਕਸ਼ ਦੁਲੇਹ ਨੂੰ ਮੁੱਖ ਭੁਮਿਕਾ ਵਿਚ ਲੈ ਕੇ ਬਣਾਈ ਗਈ ਫ਼ਿਲਮ 'ਮਿੱਠੜੇ' ਅਤੇ ਅਦਾਕਾਰ ਹਰਬੀ ਸੰਘਾ ਦੀ ਫ਼ਿਲਮ 'ਤੈਨੂੰ ਘੋੜੀ ਕੀਹਨੇ ਚੜ੍ਹਾਇਆ' ਆਦਿ ਫ਼ਿਲਮਾਂ ਰਿਲੀਜ਼ ਹੋਈਆਂ ਸਨ, ਜੋ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਵਿਚ ਕੋਈ ਮਾਅਰਕੇਦਾਰ ਪ੍ਰਾਪਤੀ ਨਹੀਂ ਕਰ ਸਕੀਆਂ ਸਨ।
ਬਾਲੀਵੁੱਡ ਦੀ ਨਾਮਵਰ ਅਦਾਕਾਰਾ ਪੂਨਮ ਢਿੱਲੋਂ ਨੇ ਕਈ ਸਾਲਾਂ ਦੇ ਵਕਫ਼ੇ ਤੋਂ ਬਾਅਦ ਅਪ੍ਰੈਲ ਮਹੀਨੇ ਵਿਚ ਪ੍ਰਾਈਮ ਵੀਡੀਓ ਪਲੇਟਫਾਰਮ 'ਤੇ ਰਿਲੀਜ਼ ਹੋਈ ਫ਼ਿਲਮ 'ਜਾਗੋ ਆਈ ਆ' ਰਾਹੀਂ ਪੰਜਾਬੀ ਸਿਨੇਮਾ 'ਚ ਮੁੜ ਕਦਮ ਰੱਖਿਆ ਸੀ। ਆਮ ਲੋਕਾਂ ਦੇ ਹੱਕਾਂ ਪ੍ਰਤੀ ਜਾਗਰੂਕਤਾ ਦੀ ਗੱਲ ਕਰਦੀ ਇਸ ਫ਼ਿਲਮ ਵਿਚ ਪੂਨਮ ਦੇ ਸਾਥੀ ਕਲਾਕਾਰਾਂ ਵਿਚ ਗੁੱਗੂ ਗਿੱਲ, ਸਰਦਾਰ ਸੋਹੀ, ਰਵਨੀਤ ਕੌਰ ਅਤੇ ਸੁਖਵਿੰਦਰ ਰਾਜ ਆਦਿ ਫ਼ਨਕਾਰ ਸ਼ਾਮਿਲ ਸਨ। ਇਸ ਫ਼ਿਲਮ ਵਿਚ ਕਿਸਾਨੀ ਹੱਕਾਂ ਅਤੇ ਭ੍ਰਿਸ਼ਟਾਚਾਰ ਸਣੇ ਕੁਝ ਹੋਰ ਮੁੱਦਿਆਂ ਨੂੰ ਵੀ ਛੂਹਿਆ ਗਿਆ ਸੀ। ਅਦਾਕਾਰ, ਗਾਇਕ ਤੇ ਨਿਰਦੇਸ਼ਕ ਗਿੱਪੀ ਗਰੇਵਾਲ ਦੀ ਫ਼ਿਲਮ 'ਅਕਾਲ' ਵਿਚ ਗਿੱਪੀ ਦੇ ਨਾਲ ਨਿਮਰਤ ਖਹਿਰਾ, ਗੁਰਪ੍ਰੀਤ ਘੁੱਗੀ ਅਤੇ ਪ੍ਰਿੰਸ ਕੰਵਲਜੀਤ ਸਿੰਘ ਜਿਹੇ ਸਿਤਾਰੇ ਵੀ ਸ਼ਾਮਿਲ ਸਨ। ਲਗਪਗ 22 ਕਰੋੜ ਰੁਪਏ ਦੇ ਵੱਡੇ ਬਜਟ ਨਾਲ ਬਣੀ ਇਹ ਫ਼ਿਲਮ ਕੁੱਲ ਮਿਲਾ ਕੇ 25 ਕੁ ਕਰੋੜ ਰੁਪਏ ਹੀ ਕਮਾਅ ਸਕੀ ਸੀ। ਇਸ ਤੋਂ ਬਾਅਦ ਆਈ ਕਾਮੇਡੀਅਨ ਰਾਜੀਵ ਠਾਕੁਰ ਅਤੇ ਖ਼ੂਬਸੂਰਤ ਅਦਾਕਾਰਾ ਇਰਵਿਨਮੀਤ ਕੌਰ ਦੀ ਫ਼ਿਲਮ 'ਕਦੀ ਤਾਂ ਹੱਸ ਬੋਲ ਵੇ' ਅਤੇ ਗਾਇਕ-ਅਦਾਕਾਰ ਸਿੱਪੀ ਗਿੱਲ ਦੀ ਐਕਸ਼ਨ ਭਰਪੂਰ ਫ਼ਿਲਮ 'ਗੈਂਗਲੈਂਡ' ਨੇ ਤਾਂ ਬੜੇ ਹੀ ਉਤਸ਼ਾਹਿਤ ਦਰਸ਼ਕਾਂ ਦਾ ਉਤਸ਼ਾਹ ਠੰਢਾ ਕਰ ਦਿੱਤਾ ਸੀ। ਮਈ ਮਹੀਨੇ ਦੇ ਪਹਿਲੇ ਹੀ ਦਿਨ 'ਗੁਰੂ ਨਾਨਕ ਜਹਾਜ਼' ਨਾਮਕ ਪੰਜਾਬੀ ਫ਼ਿਲਮ ਤਾਂ 'ਚੌਪਾਲ' ਜਿਹੇ ਪਲੇਟਫ਼ਾਰਮ 'ਤੇ ਰਿਲੀਜ਼ ਹੋ ਕੇ ਮੋਟੀ ਕਮਾਈ ਕਰਨ ਅਤੇ ਦਰਸ਼ਕਾਂ ਦਾ ਭਰਪੂਰ ਪਿਆਰ ਹਾਸਿਲ ਕਰਨ ਵਿਚ ਸਫ਼ਲ ਰਹੀ ਸੀ। ਇਸ ਫ਼ਿਲਮ ਦੀ ਕਹਾਣੀ ਸੰਨ 1914 ਵਿਚ ਵਾਪਰੇ ਕਾਮਗਾਟਾ ਮਾਰੂ ਜਹਾਜ਼ ਕਾਂਡ ਦੇ ਦੁਆਲੇ ਬੁਣੀ ਗਈ ਸੀ। 16 ਮਈ ਨੂੰ ਰਿਲੀਜ਼ ਹੋਈ ਗਾਇਕ-ਅਦਾਕਾਰ ਬੱਬੂ ਮਾਨ , ਗੁਰੂ ਰੰਧਾਵਾ, ਗੁੱਗੂ ਗਿੱਲ ਅਤੇ ਸੁਨੀਤਾ ਧੀਰ ਅਭਿਨੀਤ ਅਤੇ ਧੀਰਜ ਰਤਨ ਦੁਆਰਾ ਨਿਰਦੇਸ਼ਿਤ ਫ਼ਿਲਮ 'ਸ਼ੌਂਕੀ ਸਰਦਾਰ' ਅਤੇ ਅਦਾਕਾਰ-ਨਿਰਦੇਸ਼ਕ ਸਮੀਪ ਕੰਗ ਵਲੋਂ ਐਮੀ ਵਿਰਕ, ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਆਦਿ ਜਿਹੀ ਸਟਾਰਕਾਸਟ ਨੂੰ ਲੈ ਕੇ ਬਣਾਈ ਗਈ ਫ਼ਿਲਮ 'ਸੌਂਕਣ-ਸੌਂਕਣੇ -2' ਤਾਂ ਦਰਸ਼ਕਾਂ ਦੀ ਭਾਰੀ ਭੀੜ ਜੁਟਾਉਣ ਵਿਚ ਬਹੁਤਾ ਸਫ਼ਲ ਨਹੀਂ ਹੋ ਸਕੀਆਂ ਸਨ। ਬੱਚਿਆਂ ਲਈ ਸਕੂਲਾਂ ਵਿਚ ਛੁੱਟੀਆਂ ਦਾ ਮਹੀਨਾ ਆਖੇ ਜਾਂਦੇ ਅਤੇ ਫ਼ਿਲਮ ਨਿਰਮਾਤਾਵਾਂ ਨੂੰ ਉਨ੍ਹਾਂ ਦੀ ਫ਼ਿਲਮ ਦੀ ਵਪਾਰਕ ਸਫ਼ਲਤਾ ਦੇ ਰੂਬਰੂ ਕਰਾਉਣ ਵਾਲੇ ਮਹੀਨੇ ਜੂਨ ਦੀ ਸ਼ੁਰੂਆਤ 13 ਜੂਨ ਨੂੰ ਰਿਲੀਜ਼ ਹੋਈ ਫ਼ਿਲਮ 'ਡਾਕੂਆਂ ਦਾ ਮੁੰਡਾ-3' ਰਾਹੀਂ ਹੋਈ ਸੀ, ਜਿਸ ਵਿਚ ਦੇਵ ਖਰੌੜ, ਜਪੁਜੀ ਖਹਿਰਾ, ਬਲਵਿੰਦਰ ਬੁਲੇਟ ਅਤੇ ਰਾਜ ਸਿੰਘ ਝਿੰਜੜ ਆਦਿ ਕਲਾਕਾਰਾਂ ਦੀਆਂ ਮੁੱਖ ਭੂਮਿਕਾਵਾਂ ਸਨ। ਇਹ ਫ਼ਿਲਮ ਬਾਅਦ ਵਿਚ 2 ਅਕਤੂਬਰ ਨੂੰ 'ਜ਼ੀ-5' ਨਾਮਕ ਪਲੇਟਫ਼ਾਰਮ 'ਤੇ ਵੀ ਰਿਲੀਜ਼ ਕੀਤੀ ਗਈ ਸੀ। 27 ਜੂਨ ਨੂੰ ਫ਼ਿਲਮੀ ਪਰਦੇ 'ਤੇ ਨਜ਼ਰ ਆਈ ਸੀਕੁਅਲ ਫ਼ਿਲਮ 'ਮਿਸਟਰ ਐਂਡ ਮਿਸਿਜ਼ 420 ਅਗੇਨ' ਤਾਂ ਆਪਣੀ 5 ਕਰੋੜ ਰੁਪਏ ਦੀ ਲਾਗਤ ਦਾ ਮੁੱਲ ਮੋੜਦਿਆਂ 9 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਕੇ ਔਸਤਨ ਸਫ਼ਲ ਫ਼ਿਲਮ ਰਹੀ ਸੀ। ਇਸੇ ਮਹੀਨੇ ਦੇ ਅਖ਼ੀਰ ਵਿਚ ਆਈ ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਦੀ ਫ਼ਿਲਮ 'ਸਰਦਾਰ ਜੀ-3' ਤਾਂ ਇਸ ਸਾਲ ਦੀ ਸਭ ਤੋਂ ਸਫ਼ਲ ਫ਼ਿਲਮ ਰਹੀ ਸੀ।
ਸਾਲ 2025 ਦੀ ਤੀਜੀ ਤਿਮਾਹੀ ਦਾ ਮਹੂਰਤ 18 ਜੁਲਾਈ ਨੂੰ ਰਿਲੀਜ਼ ਹੋਈ ਫ਼ਿਲਮ 'ਸਰਬਾਲਾ ਜੀ' ਨਾਲ ਹੋਇਆ ਸੀ, ਜਿਸ ਨੂੰ ਮਨਦੀਪ ਕੁਮਾਰ ਨੇ ਨਿਰਦੇਸ਼ਿਤ ਕੀਤਾ ਸੀ। ਗਿੱਪੀ ਗਰੇਵਾਲ, ਐਮੀ ਵਿਰਕ, ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਜਿਹੇ ਵੱਡੇ ਕਲਾਕਾਰਾਂ ਨੇ ਆਪਣੀ ਦਮਦਾਰ ਅਦਾਕਾਰੀ ਅਤੇ ਸੁਰੀਲੇ ਗੀਤਾਂ ਸਦਕਾ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਸੀ ਪਰ ਵਿੱਤੀ ਪੱਖੋਂ ਕੋਈ ਵੱਡਾ ਮਾਅਰਕਾ ਨਹੀਂ ਮਾਰਿਆ ਸੀ। ਅਗਸਤ ਮਹੀਨੇ ਵਿਚ ਆਈ ਨਿਰਦੇਸ਼ਕ ਰਾਕੇਸ਼ ਧਵਨ ਦੁਆਰਾ ਅਮਰਿੰਦਰ ਗਿੱਲ ਅਤੇ ਸਿੰਮੀ ਚਾਹਲ ਦੀ ਜੋੜੀ ਨੂੰ ਲੈ ਕੇ ਬਣਾਈ ਗਈ ਸੀਕੁਅਲ ਫ਼ਿਲਮ 'ਚੱਲ ਮੇਰਾ ਪੁੱਤ-4' ਜਿੱਥੇ ਵਿਦੇਸ਼ਾਂ ਵਿਚ ਸਫ਼ਲ ਰਹੀ ਸੀ, ਉਥੇ ਹੀ ਨਾਮਵਰ ਫ਼ਿਲਮਕਾਰ ਜਗਦੀਪ ਸਿੱਧੂ ਦੇ ਨਿਰਦੇਸ਼ਨ ਵਿਚ ਬਣੀ ਅਤੇ ਪੰਜਾਬ ਵਿਚ ਰਿਲੀਜ਼ ਹੋਈ ਫ਼ਿਲਮ 'ਫ਼ੱਫ਼ੇ ਕੁੱਟਣੀਆਂ' ਔਸਤ ਸਫ਼ਲਤਾ ਹਾਸਿਲ ਕਰਦਿਆਂ ਕੇਵਲ ਆਪਣੀ 4 ਕਰੋੜ ਰੁਪਏ ਦੀ ਲਾਗਤ ਰਾਸ਼ੀ ਹੀ ਪੂਰੀ ਕਰਕੇ ਅੱਗੇ ਵਧ ਗਈ ਸੀ, ਜਦੋਂ ਕਿ ਆਸ ਸੀ ਕਿ ਇਹ ਫ਼ਿਲਮ ਬਾਕਸ ਆਫ਼ਿਸ 'ਤੇ ਧਮਾਲ ਮਚਾ ਦੇਵੇਗੀ। ਪੰਜਾਬੀ ਸਿਨੇਮਾ ਵਿਚ ਆਪਣੀ ਮਹੱਤਵਪੂਰਨ ਥਾਂ ਬਣਾ ਚੁੱਕੇ ਅਦਾਕਾਰ ਪ੍ਰਿੰਸ ਕੰਵਲਜੀਤ, ਗਾਇਕ-ਅਦਾਕਾਰ ਸਿੰਘਾ ਅਤੇ ਨਾਇਕਾ ਟਵਿੰਕਲ ਅਰੋੜਾ ਦੀ ਫ਼ਿਲਮ 'ਪੰਜਾਬੀ ਆ ਗਏ ਓਏ' ਦਾ ਹਸ਼ਰ ਕੋਈ ਬਹੁਤਾ ਵਧੀਆ ਨਹੀਂ ਰਿਹਾ ਤੇ ਤਿੰਨ ਕਰੋੜ ਦੇ ਬਜਟ ਨਾਲ ਬਣੀ ਇਹ ਫ਼ਿਲਮ ਕੇਵਲ 75 ਕੁ ਲੱਖ ਰੁਪਏ ਹੀ ਕਮਾਅ ਪਾਈ ਸੀ। ਅੱਧ ਅਕਤੂਬਰ ਵਿਚ ਰਿਲੀਜ਼ ਹੋਈ ਫ਼ਿਲਮ 'ਮੇਹਰ' ਵਿਚ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਅਤੇ ਫ਼ਿਲਮ ਨਿਰਮਾਤਾ ਤੋਂ ਅਦਾਕਾਰ ਬਣੇ ਰਾਜ ਕੁੰਦਰਾ ਨੇ ਮੁੱਖ ਭੂਮਿਕਾ ਅਦਾ ਕੀਤੀ ਸੀ ਪਰ ਇਹ ਫ਼ਿਲਮ ਬਾਕਸ ਆਫ਼ਿਸ 'ਤੇ ਬੁਰੀ ਤਰ੍ਹਾਂ ਫ਼ਲਾਪ ਹੋ ਗਈ ਸੀ। 31 ਅਕਤੂਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ ਡਰਾਮਾ ਤੇ ਰੁਮਾਂਸ ਭਰਪੂਰ ਫ਼ਿਲਮ 'ਮਧਾਣੀਆਂ' ਤਾਂ ਔਸਤ ਤੋਂ ਵੀ ਘੱਟ ਸਫ਼ਲ ਰਹੀ ਸੀ। ਇਸ ਫ਼ਿਲਮ ਦੀ ਸਟਾਰਕਾਸਟ ਵਿਚ ਦੇਵ ਖਰੌੜ, ਨੀਰੂ ਬਾਜਵਾ, ਨਵ ਬਾਜਵਾ ਅਤੇ ਗੁਰਪ੍ਰੀਤ ਘੁੱਗੀ ਜਿਹੇ ਸਿਤਾਰੇ ਸ਼ਾਮਿਲ ਸਨ। ਨਵੰਬਰ ਦੇ ਮਹੀਨੇ ਵਿਚ ਇੱਕੋ ਹੀ ਦਿਨ ਰਿਲੀਜ਼ ਹੋਈਆਂ ਦੋ ਕਾਮੇਡੀ ਫ਼ਿਲਮਾਂ ਲੇਖਕ-ਅਦਾਕਾਰ ਨਰੇਸ਼ ਕਥੂਰੀਆ ਦੀ 'ਹੈਪੀ ਖ਼ੁਸ਼ ਹੋ ਗਿਆ' ਅਤੇ ਛੇ ਭੈਣਾਂ ਦੀ ਕਹਾਣੀ 'ਤੇ ਆਧਾਰਿਤ ਉਪਾਸਨਾ ਸਿੰਘ, ਕੰਵਲਜੀਤ ਨੀਰੂ, ਕੁਲਰਾਜ ਰੰਧਾਵਾ ਆਦਿ ਦੀਆਂ ਮੁੱਖ ਭੂਮਿਕਾਵਾਂ ਵਾਲੀ ਫ਼ਿਲਮ 'ਬੜਾ ਕਰਾਰਾ ਪੂਦਨਾ' ਦਰਸ਼ਕਾਂ ਨੂੰ ਹਸਾ-ਹਸਾ ਕੇ ਢਿੱਡੀਂ ਪੀੜਾਂ ਪਾਉਣ ਦੇ ਆਪਣੇ ਮਕਸਦ ਵਿਚ ਪੂਰੀ ਤਰ੍ਹਾਂ ਤਾਂ ਸਫ਼ਲ ਨਾ ਹੋ ਸਕੀਆਂ ਪਰ ਹਲਕਾ-ਫ਼ੁਲਕਾ ਮਨੋਰੰਜਨ ਕਰਨ ਵਿਚ ਜ਼ਰੂਰ ਕਾਮਯਾਬ ਰਹੀਆਂ। 14 ਨਵੰਬਰ ਨੂੰ ਅਦਾਕਾਰ ਪ੍ਰਭ ਗਿੱਲ ਅਤੇ ਨਿਰਦੇਸ਼ਕ ਬੰਟੀ ਜੰਡਵਾਲੀਆ ਦੀ ਫ਼ੈਮਿਲੀ ਡਰਾਮਾ ਸ੍ਰੇਣੀ ਦੀ ਫ਼ਿਲਮ 'ਇਕ ਤੇਰੇ ਕਰ ਕੇ' ਵੀ ਔਸਤ ਸਫ਼ਲਤਾ ਹਾਸਿਲ ਕਰ ਗਈ ਸੀ। ਸਾਲ 2025 ਦੀ ਪਹਿਲੀ ਛਿਮਾਹੀ ਵਿਚ 34 ਦੇ ਕਰੀਬ ਫਿਲਮਾਂ ਰਿਲੀਜ਼ ਹੋਈਆਂ ਸਨ, ਜਦੋਂ ਕਿ ਦੂਜੀ ਛਿਮਾਹੀ ਦੌਰਾਨ ਰਿਲੀਜ਼ ਹੋਈਆਂ ਪੰਜਾਬੀ ਫ਼ਿਲਮਾਂ ਦੀ ਸੰਖਿਆ ਵਿਚ ਸ਼ਾਮਿਲ ਕਰਕੇ ਸਾਰੇ ਸਾਲ ਦਾ ਕੁੱਲ ਅੰਕੜਾ 50 ਨੂੰ ਪਾਰ ਕਰ ਗਿਆ ਸੀ। ਮੁੱਕਦੀ ਗੱਲ ਇਹ ਹੈ ਕਿ ਇਸ ਵਰ੍ਹੇ ਦਾ ਪੰਜਾਬੀ ਸਿਨੇਮਾ ਗਿਣਾਤਮਕ ਪੱਖੋਂ 'ਬਹੁਤਾ' ਕਰਕੇ ਵੀ ਗੁਣਾਤਮਕ ਪੱਖੋਂ 'ਬਹੁਤਾ ਵਧੀਆ' ਨਹੀਂ ਕਰ ਪਾਇਆ ਸੀ। 'ਪਿੰਡ ਪਿਆ ਸਾਰਾ ਜ਼ੌਂਬੀਲੈਂਡ ਬਣਿਆ' ਨਾਮਕ ਫ਼ਿਲਮ ਰਾਹੀਂ ਹਾੱਰਰ-ਕਾਮੇਡੀ ਅਤੇ ਫਿਲਮ 'ਅਕਾਲ' ਰਾਹੀਂ ਇਤਿਹਾਸਕ ਪੱਖੋਂ 'ਪੀਰੀਅਡ ਡਰਾਮਾ' ਰਚਣ ਦੀ ਕੋਸ਼ਿਸ਼ ਇਸ ਵਰ੍ਹੇ ਵਿਚ ਪੰਜਾਬੀ ਫ਼ਿਲਮਕਾਰਾਂ ਵਲੋਂ ਜ਼ਰੂਰ ਕੀਤੀ ਗਈ ਪਰ ਬਹੁਤੀ ਸਫ਼ਲ ਨਾ ਹੋ ਸਕੀ। ਨਵੇਂ ਤੇ ਨਿਵੇਕਲੇ ਵਿਸ਼ੇ, ਚੁਸਤ ਅਤੇ ਮਜ਼ੇਦਾਰ ਪਟਕਥਾਵਾਂ ਅਤੇ ਸੁੱਘੜ-ਸਿਆਣਾ ਨਿਰਦੇਸ਼ਨ ਪੰਜਾਬੀ ਸਿਨੇਮਾ ਨੂੰ ਅੱਜ ਵੀ ਬਹੁਤ ਲੋੜੀਂਦਾ ਹੈ। ਪੰਜਾਬੀ ਫ਼ਿਲਮਕਾਰ ਅਜੇ ਵੀ ਆਪਣੀਆਂ ਬਹੁਤੀਆਂ ਫ਼ਿਲਮਾਂ ਨੂੰ ਕੱਚੇ ਕੋਠਿਆਂ ਅਤੇ ਕੱਚੀਆਂ ਸੜਕਾਂ ਵਾਲੇ ਪਿੰਡਾਂ ਅਤੇ ਵਿਆਹਾਂ ਦੁਆਲੇ ਘੁੰਮਦੀਆਂ ਕਹਾਣੀਆਂ ਦੇ ਇਰਦ-ਗਿਰਦ ਉਲਝਾਈ ਬੈਠੇ ਹਨ ਤੇ ਸਮੇਂ ਅਤੇ ਸਥਾਨ ਦੀ ਬਦਲੀ ਚਾਲ ਨਾਲ ਤਾਲ ਮਿਲਾ ਕੇ ਨਹੀਂ ਚੱਲ ਪਾ ਰਹੇ ਹਨ।
ਪੰਜਾਬੀ ਸਿਨੇਮਾ ਨੇ ਵਪਾਰਕ ਪੱਖੋਂ ਇਸ ਸਾਲ ਬੇਸ਼ੱਕ ਪਿਛਲੇ ਵਰ੍ਹਿਆਂ ਦੀ ਤੁਲਨਾ ਵਿਚ ਘਾਟਾ ਖਾਧਾ ਹੋਵੇ ਪਰ ਜੋ ਘਾਟਾ ਪੰਜਾਬੀ ਫ਼ਿਲਮ ਜਗਤ ਦੇ ਕੁਝ ਨਾਮਵਰ ਫ਼ਨਕਾਰਾਂ ਦੇ ਸਦੀਵੀ ਵਿਛੋੜਾ ਦੇ ਜਾਣ ਕਰਕੇ ਪਿਆ ਉਹ ਲਫ਼ਜ਼ਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਪੰਜਾਬੀ ਤੇ ਹਿੰਦੀ ਸਿਨੇਮਾ ਦੇ ਦਿੱਗਜ ਅਤੇ ਚਹੇਤੇ ਕਲਾਕਾਰ ਧਰਮਿੰਦਰ ਸਿੰਘ ਦਿਓਲ ਦੇ ਦਿਹਾਂਤ ਨਾਲ ਇਕ ਯੁੱਗ ਦਾ ਅੰਤ ਹੋ ਗਿਆ ਸੀ। ਧਰਮ ਭਾਅ ਜੀ ਨੇ 'ਕਣਕਾਂ ਦੇ ਓਹਲੇ', 'ਪੁੱਤ ਜੱਟਾਂ ਦੇ', 'ਤੇਰੀ ਮੇਰੀ ਇਕ ਜਿੰਦੜੀ', 'ਕੁਰਬਾਨੀ ਜੱਟ ਦੀ', 'ਡਬਲ ਦੀ ਟਰਬਲ', 'ਸੰਤੋ ਬੰਤੋ', 'ਦੋ ਸ਼ੇਰ', 'ਰਾਂਝਣ ਮੇਰਾ ਯਾਰ', 'ਗਿੱਧਾ' ਅਤੇ ਦੁੱਖ ਭੰਜਨ ਤੇਰਾ ਨਾਮ' ਆਦਿ ਪੰਜਾਬੀ ਫ਼ਿਲਮਾਂ ਵਿਚ ਆਪਣੀ ਦਮਦਾਰ ਅਦਾਕਾਰੀ ਦੇ ਜੌਹਰ ਬਾਖ਼ੂਬੀ ਵਿਖਾਏ ਸਨ ਤੇ ਦਰਸ਼ਕਾਂ ਦਾ ਭਰਪੂਰ ਪਿਆਰ ਹਾਸਿਲ ਕੀਤਾ ਸੀ।
ਆਸ ਕੀਤੀ ਜਾਂਦੀ ਹੈ ਕਿ ਆਪਣੀ ਦਮਦਾਰ ਅਦਾਕਾਰੀ ਸਦਕਾ ਆਉਣ ਵਾਲੇ ਸਾਲਾਂ ਵਿਚ ਇਹ ਕਲਾਕਾਰ ਸਿਤਾਰੇ ਬਣ ਕੇ ਪੰਜਾਬੀ ਸਿਨੇਮਾ ਦੇ ਅੰਬਰ 'ਤੇ ਜ਼ਰੂਰ ਟਿਮਟਿਮਾਉਣਗੇ।

-410, ਚੰਦਰ ਨਗਰ, ਬਟਾਲਾ।

 

 

 

 

Ad Position 22
No active advertisement
ਪਿਛਲੀ ਖ਼ਬਰ ਜ਼ਿੰਦਗੀ ਵਿਚ ਐਨੀਆਂ ਗ਼ਲਤੀਆਂ ਨਾ ਕਰੋ ਕਿ ਪੈਂਸਿਲ ਤੋਂ ਪਹਿਲਾਂ ਰਬੜ ਘਸ ਜਾਏ ਤੇ ਰਬੜ ਨਾਲ ਕਾਗਜ਼ ਹੀ ਫਟ ਜਾਏ। ਓਸ਼ੋ ਅਗਲੀ ਖ਼ਬਰ 99 ਨਾਕਿਆਂ 'ਤੇ 1300 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ- ਭੁੱਲਰ
Ad Position 24