08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਡਾਇਲਾਗ ਦੇ ਦਮ 'ਤੇ ਚੱਲੀ ਸੀ ਪ੍ਰੇਮ ਚੋਪੜਾ ਦੀ ਖ਼ਲਨਾਇਕੀ

ਡਾਇਲਾਗ ਦੇ ਦਮ 'ਤੇ ਚੱਲੀ ਸੀ ਪ੍ਰੇਮ ਚੋਪੜਾ ਦੀ ਖ਼ਲਨਾਇਕੀ

Ad Position 21
repet_subhas-goyals [Copy P29]
ਅਜੀਤ ਡੈਸਕ 09-09-2026

'ਤੁਮ ਆਪਨੀ ਸਹੇਲੀ ਕੋ ਬਸ ਇਤਨਾ ਬਤਾ ਦੋ ਕਿ ਉਸਸੇ ਕੋਈ ਪਿਆਰ ਕਰਨੇ ਲਗਾ ਹੈ |' ਫ਼ਿਲਮ 'ਸਮਾਜ ਕੋ ਬਦਲ ਡਾਲੋ' (1970) ਦੇ ਮੁਹੰਮਦ ਰਫ਼ੀ ਦੇ ਇਸ ਫ਼ਿਲਮ ਦੇ ਇਕ ਮਸ਼ਹੂਰ ਗੀਤ ਨੂੰ  ਪਰਦੇ 'ਤੇ ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ | ਪ੍ਰੇਮ ਚੋਪੜਾ ਨੇ ਗਾਇਆ ਸੀ ਜੋ ਆਪਣੀ ਖਲਨਾਇਕੀ ਲਈ 60 ਤੇ 70 ਦੇ ਦਹਾਕਿਆਂ ਵਿਚ ਪ੍ਰਸਿੱਧ ਸੀ |


ਪ੍ਰੇਮ ਚੋਪੜਾ ਹੋਰ ਖਲਨਾਇਕਾਂ ਦੀ ਤਰ੍ਹਾਂ ਪਰਦੇ ਉੱਤੇ ਬੁਰਾਈ ਨੂੰ  ਪ੍ਰਦਰਸ਼ਿਤ ਕਰਨ ਲਈ ਭਿਆਨਕ ਦਿਖਾਈ ਦੇਣ ਵਾਲੇ ਮੇਕਅੱਪ ਦਾ ਸਹਾਰਾ ਨਹੀਂ ਲੈਂਦੇ ਸਨ, ਨਾ ਹੀ 'ਬੁਰਾ ਕੰਮ' ਕਰਾਉਣ ਲਈ ਉਹ ਚਮਚਿਆਂ ਦਾ ਸਹਾਰਾ ਲੈਂਦੇ ਸਨ ਅਤੇ ਨਾ ਹੀ ਉਨ੍ਹਾਂ ਨੂੰ  ਨਫ਼ਰਤ ਪ੍ਰਗਟ ਕਰਨ ਵਾਲੇ ਨਾਵਾਂ ਦੀ ਜ਼ਰੂਰਤ ਸੀ | ਉਹ ਤਾਂ ਆਪਣੇ ਡਾਇਲਾਗ ਅਤੇ ਉਨ੍ਹਾਂ ਦੀ ਅਦਾਕਾਰੀ ਨਾਲ ਹੀ ਪਰਦੇ 'ਤੇ ਅੱਗ ਲਗਾ ਦਿੰਦੇ ਸਨ | ਇਸ ਲਈ ਉਨ੍ਹਾਂ ਦੇ ਬੋਲੇ ਡਾਇਲਾਗ ਅੱਜ ਵੀ ਚਰਚਾ ਦਾ ਵਿਸ਼ਾ ਹਨ, ਜਿਵੇਂ—
'ਪ੍ਰੇਮ ਨਾਮ ਹੈ ਮੇਰਾ... ਪ੍ਰੇਮ ਚੋਪੜਾ' (ਬੌਬੀ, 1974), ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹੈ | ਇਸ ਤੋਂ ਇਲਾਵਾ 'ਮੈਂ ਵੋ ਬਲਾ ਹੂੰ ਜੋ ਸ਼ੀਸ਼ੇ ਸੇ ਪੱਥਰ ਕੋ ਤੋੜਤੀ ਹੈ' (ਸੌਤਨ), 'ਸ਼ਰਾਫਤ ਔਰ ਇਮਾਨਦਾਰੀ ਕਾ ਸਰਟੀਫਿਕੇਟ ਯੇ ਦੁਨੀਆ ਸਿਰਫ਼ ਉਨ੍ਹੇਂ ਦੇਤੀ ਹੈ ਜਿਨਕੇ ਪਾਸ ਦੌਲਤ ਹੋਤੀ ਹੈ' (ਆਗ ਕਾ ਗੋਲਾ, 1989), 'ਭੈਂਸ ਪੂੰਛ ਉਠਾਏਗੀ ਤੋ ਗਾਨਾ ਤੋ ਨਹੀਂ ਗਾਯੇਗੀ, ਗੋਬਰ ਹੀ ਦੇਗੀ' (ਆਜ ਕਾ ਅਰਜੁਨ, 1990), 'ਤੂ ਮਾਧੁਰੀ ਸੇ ਥੋੜ੍ਹੀ ਕਮ ਔਰ ਮੰਦਾਕਿਨੀ ਸੇ ਥੋੜ੍ਹੀ ਜ਼ਿਆਦਾ ਹੈ' (ਆਜ ਕਾ ਗੁੰਡਾ ਰਾਜ, 1992), 'ਰਾਜਨੀਤੀ ਕੀ ਭੈਂਸ ਕੇ ਲੀਏ ਦੌਲਤ ਕੀ ਲਾਠੀ ਕੀ ਜ਼ਰੂਰਤ ਹੋਤੀ ਹੈ' (ਖਿਲਾੜੀ, 1992) ਆਦਿ |
ਪ੍ਰੇਮ ਚੋਪੜਾ ਦਾ ਜਨਮ 23 ਸਤੰਬਰ, 1935 ਨੂੰ  ਲਾਹੌਰ ਵਿਚ ਪੰਜਾਬੀ ਹਿੰਦੂ ਪਰਿਵਾਰ ਵਿਚ ਹੋਇਆ ਸੀ | ਉਹ ਰਣਬੀਰ ਲਾਲ ਤੇ ਰੂਪ ਰਾਣੀ ਚੋਪੜਾ ਦੇ 6 ਬੱਚਿਆਂ ਵਿਚੋਂ ਤੀਜੇ ਨੰਬਰ 'ਤੇ ਹਨ | ਦੇਸ਼ ਦੀ ਵੰਡ ਤੋਂ ਬਾਅਦ ਜਦੋਂ ਉਸ ਦਾ ਪਰਿਵਾਰ ਸ਼ਿਮਲਾ ਆ ਗਿਆ, ਜਿਥੇ ਉਨ੍ਹਾਂ ਨੇ ਸਕੂਲ ਤੇ ਕਾਲਜ ਦੀ ਸਿੱਖਿਆ ਪੂਰੀ ਕੀਤੀ, ਤਾਂ ਅਟਾਰਨੀ ਜਨਰਲ ਦੇ ਦਫ਼ਤਰ ਤੋਂ ਸੇਵਾਮੁਕਤ ਹੋਏ ਉਨ੍ਹਾਂ ਦੇ ਪਿਤਾ ਚਾਹੁੰਦੇ ਸਨ ਕਿ ਉਹ ਡਾਕਟਰ ਜਾਂ ਆਈ.ਏ.ਐਸ. ਅਧਿਕਾਰੀ ਬਣੇ | ਪਿਤਾ ਦੇ ਜ਼ੋਰ ਦੇਣ 'ਤੇ ਉਹ ਪੰਜਾਬ ਯੂਨੀਵਰਸਿਟੀ ਤੋਂ ਕਲਾ ਵਿਚ ਗ੍ਰੈਜੂਏਸ਼ਨ ਤਾਂ ਕਰ ਗਏ ਪਰ ਕਾਲਜ ਦੇ ਦਿਨਾਂ ਵਿਚ ਉਤਸ਼ਾਹ ਨਾਲ ਨਾਟਕਾਂ ਵਿਚ ਹਿੱਸਾ ਲੈਣ ਵਾਲੇ ਪ੍ਰੇਮ ਚੋਪੜਾ ਦਾ ਦਿਲ ਤਾਂ ਅਭਿਨੈ ਵਿਚ ਸੀ | ਇਸ ਲਈ ਉਹ ਘਰ ਤੋਂ ਬਗ਼ਾਵਤ ਕਰਕੇ ਮੁੰਬਈ ਆ ਗਏ | ਪ੍ਰੇਮ ਚੋਪੜਾ ਮੁੰਬਈ ਆ ਕੇ ਕੋਲਾਬਾ ਦੇ ਇਕ ਗੈਸਟ ਹਾਊਸ ਵਿਚ ਰਹਿਣ ਲੱਗੇ ਅਤੇ ਆਪਣੇ ਪੋਰਟਫੋਲੀਓ ਦੇ ਨਾਲ ਸਟੂਡੀਓਜ਼ ਦੇ ਚੱਕਰ ਲਗਾਉਣ ਲੱਗੇ, ਪਰ ਪ੍ਰਤੀਕਿਰਿਆ ਉਤਸ਼ਾਹਵਰਧਕ ਨਾ ਮਿਲੀ | ਲਿਹਾਜ਼ਾ ਜ਼ਿੰਦਾ ਰਹਿਣ ਲਈ 'ਦ ਟਾਈਮਜ਼ ਆਫ਼ ਇੰਡੀਆ' ਅਖ਼ਬਾਰ ਦੇ ਸਰਕੂਲੇਸ਼ਨ ਵਿਭਾਗ ਵਿਚ ਨੌਕਰੀ ਕਰ ਲਈ, ਜਿਥੇ ਉਨ੍ਹਾਂ ਲਈ ਜ਼ਰੂਰੀ ਸੀ ਕਿ ਮਹੀਨੇ ਵਿਚ 20 ਦਿਨ ਬੰਗਾਲ, ਬਿਹਾਰ ਤੇ ਓਡੀਸ਼ਾ ਦੀ ਯਾਤਰਾ ਕਰਨੀ | ਆਪਣੀ ਯਾਤਰਾ ਸਮੇਂ ਕੰਮ ਕਰਨ ਲਈ ਉਹ ਏਜੰਟਾਂ ਨੂੰ  ਸਟੇਸ਼ਨ 'ਤੇ ਹੀ ਬੁਲਾ ਲਿਆ ਕਰਦੇ ਸਨ, ਜਿਸ ਨਾਲ ਉਹ 12 ਦਿਨ ਵਿਚ ਆਪਣਾ ਕੰਮ ਪੂਰਾ ਕਰਕੇ ਬਾਕੀ ਸਮਾਂ ਇਕ ਤੋਂ ਦੂਜੇ ਸਟੂਡੀਓ ਦੇ ਚੱਕਰ ਲਗਾਉਂਦੇ ਰਹਿੰਦੇ ਸਨ |
ਇਕ ਦਿਨ ਸਬ ਅਰਬਨ ਗੱਡੀ ਰਾਹੀਂ ਯਾਤਰਾ ਕਰਦੇ ਹੋਏ ਪ੍ਰੇਮ ਚੋਪੜਾ ਦੀ ਮੁਲਾਕਾਤ ਇਕ ਅਜਨਬੀ ਨਾਲ ਹੋਈ, ਜਿਸ ਨੇ ਉਨ੍ਹਾਂ ਤੋਂ ਪੁੱਛਿਆ ਕਿ, ਕੀ ਉਹ ਫ਼ਿਲਮਾਂ ਵਿਚ ਕੰਮ ਕਰਨਾ ਪਸੰਦ ਕਰਨਗੇ? ਪ੍ਰੇਮ ਚੋਪੜਾ ਨੇ ਜਦੋਂ ਹਾਂ ਵਿਚ ਸਿਰ ਹਿਲਾਇਆ ਤਾਂ ਅਜਨਬੀ ਉਨ੍ਹਾਂ ਨੂੰ  ਰਣਜੀਤ ਸਟੂਡੀਓ ਲੈ ਕੇ ਗਿਆ, ਜਿਥੇ ਪੰਜਾਬੀ ਫ਼ਿਲਮ 'ਚੌਧਰੀ ਕਰਨੈਲ ਸਿੰਘ' ਦੇ ਨਿਰਮਾਤਾ ਜਗਜੀਤ ਸੇਠੀ ਨੇ ਉਨ੍ਹਾਂ ਨੂੰ  ਹੀਰੋ ਦੀ ਭੂਮਿਕਾ ਦੇ ਦਿੱਤੀ | ਦੇਸ਼ ਵੰਡ ਦੀ ਪਿੱਠਭੂਮੀ ਉੱਤੇ ਬਣੀ ਇਸ ਪ੍ਰੇਮ ਕਥਾ ਨੂੰ  ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਅਤੇ ਇਹ ਆਰਥਿਕ ਪੱਖ ਤੋਂ ਵੀ ਸਫਲ ਰਹੀ | ਇਸ ਫ਼ਿਲਮ ਵਿਚ ਕੰਮ ਕਰਨ ਲਈ ਪ੍ਰੇਮ ਚੋਪੜਾ ਨੂੰ  ਨਾ ਸਿਰਫ਼ 2500 ਰੁਪਏ ਮਿਲੇ, ਸਗੋਂ 'ਵੋ ਕੌਨ ਥੀ', 'ਸ਼ਹੀਦ', 'ਤੀਸਰੀ ਮੰਜ਼ਿਲ' ਵਰਗੀਆਂ ਫ਼ਿਲਮਾਂ ਵਿਚ ਕੰਮ ਵੀ ਮਿਲਿਆ | ਪਰ ਇਸ ਦੇ ਬਾਵਜੂਦ ਉਹ ਅਭਿਨੈ ਨੂੰ  ਆਪਣਾ ਪੂਰਾ ਸਮਾਂ ਪ੍ਰੋਫੈਸ਼ਨ ਬਣਾਉਣ ਲਈ ਤਿਆਰ ਨਹੀਂ ਸਨ, ਖ਼ਾਸ ਕਰਕੇ ਇਸ ਲਈ ਕਿ ਉਨ੍ਹਾਂ ਦੀਆਂ ਸ਼ੁਰੂਆਤੀ 6 ਫ਼ਿਲਮਾਂ ਵਿਚੋਂ ਚਾਰ ਫਲਾਪ ਹੋ ਗਈਆਂ ਸਨ | ਇਸ ਲਈ ਉਨ੍ਹਾਂ ਨੇ ਅਖ਼ਬਾਰ ਵਿਚ ਆਪਣੀ ਨੌਕਰੀ ਜਾਰੀ ਰੱਖੀ, ਜਿਸ ਨੂੰ  ਉਨ੍ਹਾਂ ਨੇ 1967 ਵਿਚ ਫ਼ਿਲਮ 'ਉਪਕਾਰ' ਦੇ ਆਉਣ ਤੋਂ ਬਾਅਦ ਛੱਡਿਆ, ਜਦੋਂ ਉਨ੍ਹਾਂ ਕੋਲ ਖ਼ਲਨਾਇਕ ਦੀਆਂ ਬਹੁਤ ਸਾਰੀਆਂ ਭੂਮਿਕਾਵਾਂ ਆਉਣ ਲੱਗੀਆਂ ਸਨ |

(ਬਾਕੀ ਅਗਲੇ ਬੁੱਧਵਾਰ ਦੇ ਅੰਕ 'ਚ)

Ad Position 22
No active advertisement
ਪਿਛਲੀ ਖ਼ਬਰ ਯਾਮੀ ਗੌਤਮ ਸੁਪਨੇ ਸੱਚ ਹੁੰਦੇ ਹਨ ਪਰ... ਅਗਲੀ ਖ਼ਬਰ ਕਈ ਭਾਸ਼ਾਵਾਂ ਦੀ ਗਾਇਕਾ ਸੀ ਐੱਸ. ਜਾਨਕੀ
Ad Position 24