![]()
18 ਸਤੰਬਰ, 1997 ਨੂੰ ਜੰਮੂ ਅਤੇ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿਚ ਭਦਰਵਾਹ ਪਿੰਡ ਵਿਚ ਪੈਦਾ ਹੋਈ ਹਿੰਦੀ ਸਿਨੇਮਾ ਜਗਤ ਦੀ ਉੱਭਰਦੀ ਹੋਈ ਪ੍ਰਤਿਭਾਸ਼ਾਲੀ ਅਭਿਨੇਤਰੀ ਸਾਦੀਆ ਖਤੀਬ ਨੇ ਬਹੁਤ ਘੱਟ ਸਮੇਂ ਵਿਚ ਆਪਣੀ ਬਿਹਤਰੀਨ ਅਦਾਕਾਰੀ ਦੇ ਦਮ 'ਤੇ ਹਿੰਦੀ ਸਿਨੇਮਾ ਵਿਚ ਇਕ ਖ਼ਾਸ ਥਾਂ ਬਣਾਈ ਹੈ | ਉਸ ਵਲੋਂ ਨਿਭਾਏ ਗਏ ਭਾਵਨਾਤਮਿਕ ਕਿਰਦਾਰ ਬੇਹੱਦ ਡੂੰਘੇ ਅਤੇ ਚੁਣੌਤੀਪੂਰਨ ਰਹੇ ਹਨ |
ਸਾਦੀਆ ਖਤੀਬ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਜੰਮੂ ਤੋਂ ਪੂਰੀ ਕੀਤੀ ਅਤੇ ਇਸ ਤੋਂ ਬਾਅਦ ਜੰਮੂ ਦੇ ਜੀ.ਸੀ.ਈ.ਟੀ. ਤੋਂ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਵਿਚ ਇੰਜੀਨੀਅਰਿੰਗ ਦੀ ਡਿਗਰੀ ਹਾਸਿਲ ਕੀਤੀ | ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਅਭਿਨੈ ਵਿਚ ਆਪਣਾ ਕਰੀਅਰ ਬਣਾਉਣ ਲਈ ਮੁੰਬਈ ਆ ਗਈ | ਸਾਦੀਆ ਨੇ ਫ਼ਿਲਮ ਨਿਰਮਾਤਾ ਵਿਧੂ ਵਿਨੋਦ ਚੋਪੜਾ ਦੀ 1990 ਦੇ ਦਹਾਕੇ ਵਿਚ ਕਸ਼ਮੀਰੀ ਪੰਡਿਤਾਂ ਦੇ ਪਲਾਇਨ ਅਤੇ ਉਥੋਂ ਦੀ ਪਿੱਠਭੂਮੀ 'ਤੇ ਆਧਾਰਿਤ ਫ਼ਿਲਮ 'ਸ਼ਿਕਾਰਾ' ਨਾਲ ਆਪਣੇ ਅਭਿਨੈ ਸਫ਼ਰ ਦੀ ਸ਼ੁਰੂਆਤ ਕੀਤੀ | ਫ਼ਿਲਮ ਵਿਚ ਇਕ ਕਸ਼ਮੀਰੀ ਔਰਤ ਸ਼ਾਂਤੀ ਧਰ ਦੇ ਕਿਰਦਾਰ ਵਿਚ ਉਸ ਦੇ ਸੰਵੇਦਨਸ਼ੀਲ ਅਤੇ ਸੁਭਾਵਿਕ ਐਕਟਿੰਗ ਦੀ ਜੰਮ ਕੇ ਪ੍ਰਸੰਸਾ ਹੋਈ ਸੀ | ਇਸ ਕਿਰਦਾਰ ਲਈ ਉਸ ਨੂੰ ਬੈਸਟ ਅਦਾਕਾਰਾ ਕੈਟੇਗਰੀ ਵਿਚ ਫ਼ਿਲਮ ਫੇਅਰ ਪੁਰਸਕਾਰ ਲਈ ਨਾਮਜ਼ਦਗੀ ਵੀ ਮਿਲੀ | ਇਸ ਤੋਂ ਬਾਅਦ ਉਹ ਆਨੰਦ ਐੱਲ. ਰਾਏ. ਵਲੋਂ ਨਿਰਦੇਸ਼ਿਤ ਪਰਿਵਾਰਕ ਡਰਾਮਾ ਫ਼ਿਲਮ 'ਰਕਸ਼ਾ ਬੰਧਨ' ਵਿਚ ਅਕਸ਼ੈ ਕੁਮਾਰ ਦੀ ਭੈਣ ਦੀ ਭੂਮਿਕਾ ਵਿਚ ਉਸ ਦੇ ਕੰਮ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ ਅਤੇ ਸਮੀਖਿਆਕਾਰਾਂ ਨੇ ਵੀ ਉਸ ਦੀ ਤਾਰੀਫ਼ ਕੀਤੀ | ਉਹ ਥਿ੍ਲਰ-ਡਰਾਮਾ ਫ਼ਿਲਮ 'ਦ ਡਿਪਲੋਮੈਟ' ਵਿਚ ਜਾਨ ਅਬ੍ਰਾਹਮ ਨਾਲ ਸੀ | ਇਸ ਵਿਚ ਉਸ ਦੀ ਐਕਟਿੰਗ ਦਾ ਇਕ ਵੱਖਰਾ ਹੀ ਅੰਦਾਜ਼ ਨਜ਼ਰ ਆਇਆ ਸੀ | ਇਸ ਸਾਲ 22 ਮਈ ਨੂੰ ਰਿਲੀਜ਼ ਪਰਿਵਾਰਕ ਭਾਵਨਾਵਾਂ ਨਾਲ ਭਰਪੂਰ 'ਦਾਦੀ ਕੀ ਸ਼ਾਦੀ' ਵਿਚ ਵੀ ਉਹ ਨਜ਼ਰ ਆਈ ਸੀ | ਸਾਦੀਆ ਛੇਤੀ ਹੀ ਨੈਸ਼ਨਲ ਪੁਰਸਕਾਰ ਜੇਤੂ ਨਿਰਦੇਸ਼ਕ ਓਮੰਗ ਕੁਮਾਰ ਦੇ ਨਿਰਦੇਸ਼ਨ ਵਿਚ ਬਣ ਰਹੀ ਰੋਮਾਂਟਿਕ, ਐਕਸ਼ਨ, ਡਰਾਮਾ ਫ਼ਿਲਮ 'ਸਿਲਾ' ਵਿਚ ਨਜ਼ਰ ਆਵੇਗੀ | ਇਸ ਫ਼ਿਲਮ ਨੂੰ ਉਸ ਦੇ ਕਰੀਅਰ ਦੀਆਂ ਸਭ ਤੋਂ ਮਹੱਤਵਪੂਰਨ ਫ਼ਿਲਮਾਂ ਵਿਚੋਂ ਇਕ ਮੰਨਿਆ ਜਾ ਰਿਹਾ ਹੈ | ਫ਼ਿਲਮ ਵਿਚ ਉਸ ਦੇ ਨਾਲ ਹਰਸ਼ਵਰਧਨ ਰਾਣੇ ਮੁੱਖ ਭੂਮਿਕਾ ਵਿਚ ਨਜ਼ਰ ਆਉਣਗੇ |
-0-