'ਪਿਆਰ ਬਿਨਾਂ ਚੈਨ ਕਹਾਂ ਰੇ... ' ਵਰਗੇ ਸੁਪਰ ਡੁਪਰ ਹਿੱਟ ਗੀਤ ਨੂੰ ਜਦੋਂ ਸੁਣਦੇ ਹਾਂ ਤਾਂ ਇਕ ਵਾਰ ਤਾਂ ਇਹ ਆਵਾਜ਼ ਗਾਇਕਾ ਆਸ਼ਾ ਭੌਂਸਲੇ ਦੀ ਲਗਦੀ ਏ, ਪਰ ਆਸ਼ਾ ਜੀ ਦੀ ਆਵਾਜ਼ ਨਾਲ ਮਿਲਦੀ ਜੁਲਦੀ ਇਹ ਆਵਾਜ਼ ਹੈ ਏ. ਐਸ. ਜਾਨਕੀ ਦੀ | ਐਸ. ਜਾਨਕੀ ਦਾ ਪੂਰਾ ਨਾਂਅ ਸਿਸਟਲ ਸ੍ਰੀਰਾਮ ਮੂਰਤੀ ਹੈ | ਐਸ. ਜਾਨਕੀ ਆਪਣੀ ਮਿੱਠੀ ਆਵਾਜ਼ ਕਾਰਨ ਸਰੋਤਿਆਂ ਦੇ ਦਿਲਾਂ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਰਹੀ | ਪਿਛਲੇ ਦਿਨੀਂ ਇਸ ਗਾਇਕਾ ਦੇ ਦਿਹਾਂਤ ਦੀ ਖ਼ਬਰ ਆਈ ਤਾਂ ਇਸ ਤਰ੍ਹਾਂ ਲੱਗਿਆ ਜਿਵੇਂ ਸੰਗੀਤ ਦਾ ਇਕ ਅਨਮੋਲ ਸੁਰ ਸਦਾ ਲਈ ਖ਼ਾਮੋਸ਼ ਹੋ ਗਿਆ ਹੋਵੇ | ਐਸ. ਜਾਨਕੀ ਦਾ ਜਨਮ ਮਦਰਾਸ ਦੇ ਪੱਲਾਪਟਲ ਪਿੰਡ 'ਚ ਹੋਇਆ | ਉਸ ਦਾ ਸੰਗੀਤ ਪ੍ਰਤੀ ਬਚਪਨ ਤੋਂ ਹੀ ਰੁਝਾਨ ਸੀ | ਉਹ ਬਚਪਨ ਤੋਂ ਹੀ ਲਤਾ ਜੀ ਦੀ ਫੈਨ ਸੀ ਤੇ ਲਤਾ ਜੀ ਦੇ ਗੀਤ ਗਾਇਆ ਕਰਦੀ ਸੀ | ਉਸ ਨੇ ਗਾਡਵੱਲੀ ਪੈਡੀਸਵਾਮੀ ਤੋਂ ਸੰਗੀਤ ਦੀ ਸਿੱਖਿਆ ਲਈ ਤੇ ਨਿਰੰਤਰ ਅਭਿਆਸ ਜਾਰੀ ਰੱਖਿਆ ਜਿਸ ਕਾਰਨ ਉਸ ਦੀ ਗਾਇਕੀ 'ਚ ਨਿਖਾਰ ਆਉਂਦਾ ਗਿਆ | ਫਿਰ ਉਹ ਸਮਾਂ ਵੀ ਆਇਆ ਜਦ ਉਸ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ | ਸਭ ਤੋਂ ਪਹਿਲਾਂ ਉਹ ਤੇਲਗੂ ਫ਼ਿਲਮਾਂ 'ਚ ਪਿਠਵਰਤੀ ਗਾਇਕਾ ਬਣੀ | ਉਸ ਦੀ ਸੁਰੀਲੀ ਆਵਾਜ਼ ਨੇ ਚਾਰੋਂ ਪਾਸੇ ਧੁੰਮਾਂ ਪਾ ਦਿੱਤੀਆਂ | ਇਸ ਤੋਂ ਬਾਅਦ ਜਾਨਕੀ ਦੀ ਗੱਡੀ ਚੱਲ ਨਿਕਲੀ ਤੇ ਉਸ ਨੂੰ ਤਮਿਲ, ਕੰਨੜ, ਮਲਿਆਲਮ, ਕੰਨੜ, ਬੰਗਾਲੀ, ਮਰਾਠੀ, ਗੁਜਰਾਤੀ ਤੇ ਸੰਸਕ੍ਰਿਤ ਭਾਸ਼ਾਵਾਂ ਲਈ ਪਲੇਅ ਬੈਕ ਦਾ ਮੌਕਾ ਮਿਲਿਆ, ਉਸ ਦੀ ਮਿੱਠੀ ਆਵਾਜ਼ ਤੋਂ ਬਾਲੀਵੁੱਡ ਵੀ ਅਛੂਤਾ ਨਹੀਂ ਰਿਹਾ , ਉਸ ਨੇ ਕੁਝ ਹਿੰਦੀ ਗੀਤ ਵੀ ਬੜੀ ਖ਼ੂਬਸੂਰਤੀ ਨਾਲ ਗਾਏ | ਉਸ ਦੇ ਗਾਏ ਹਿੰਦੀ ਗੀਤਾਂ ਦਿਲ ਮੇਂ ਹੋ ਤੁਮ ਦਿਲ ਮੇਂ ਹੋ ਤੁਮ...(ਸੱਤਯਮ ਸ਼ਿਵਮ ਸੁੰਦਰਮ)', ਸੁਨ ਰੂਬੀਆ ਪਿਆਰ ਹੋ ਗਿਆ... (ਮਰਦ, ਸ਼ਬੀਰ ਕੁਮਾਰ/ਐੱਸ. ਜਾਨਕੀ)', ਗੋਰੀ ਕਾ ਸਾਜਨ, ਸਾਜਨ ਕੀ ਗੋਰੀ ਲੋ ਜੀ ਸ਼ੁਰੂ ਹੋ ਗਈ ਲਵ ਸਟੋਰੀ...(ਆਖ਼ਰੀ ਰਾਸਤਾ, ਮੁਹੰਮਦ ਅਜ਼ੀਜ਼/ ਐੱਸ. ਜਾਨਕੀ)', ਤੇਰੀ ਪਿਆਰੀ ਪਿਆਰੀ ਬਾਤੇਂ ਮੁਝੇ ਅੱਛੀ ਲਗਤੀ ਹੈਾ..., ਤੇਰੇ ਪਿਆਰ ਮੇਂ ਹਮ ਡੂਬ ਗਏ ਕਿਤਨੇ ਸਨਮ... (ਜਵਾਈ ਰਾਜਾ, ਬਾਲਾ ਸੁਬਰਾਮਨੀਅਮ/ ਐੱਸ.ਜਾਨਕੀ)', ਮੇਰੀ ਕਦਰ ਜਾਨ.. (ਸ਼ਿਵਾ, ਸੁਰੇਸ਼ ਵਾਡਕਰ /ਐੱਸ. ਜਾਨਕੀ), ਪਿਆਰ ਤੁਮ ਮੁਝ ਸੇ ਕਰਤੀ ਹੋ...(ਘਾਇਲ, ਅਮਿਤ ਕੁਮਾਰ/ ਐੱਸ. ਜਾਨਕੀ), ਪਿਆਰ ਬਿਨਾ ਚੈਨ ਕਹਾਂ ਰੇ... (ਸਾਹੇਬ, ਭੱਪੀ ਲਹਿਰੀ /ਐੱਸ.ਜਾਨਕੀ)', (ਜਬ ਲੜਕੀ ਸੀਟੀ ਬਜਾਏ... ਧਰਮਅਧਿਕਾਰੀ ਕਿਸ਼ੋਰ ਕੁਮਾਰ/ ਐੱਸ ਜਾਨਕੀ) ਰਾਤ ਖ਼ਾਮੋਸ਼ ਹੈ.. ਮਹਿੰਦਰ ਕਪੂਰ /ਐੱਸ. ਜਾਨਕੀ) 'ਚੋਂ ਮਧੁਰਤਾ ਝਲਕਦੀ ਹੈ | ਜਾਨਕੀ ਨੇ ਗੀਤਾਂ ਨੂੰ ਕੇਵਲ ਆਵਾਜ਼ ਹੀ ਨਹੀਂ ਦਿੱਤੀ ਬਲਕਿ ਆਪਣੀ ਭਾਵਪੂਰਨ ਆਵਾਜ਼ ਨਾਲ ਉਨ੍ਹਾਂ ਗੀਤਾਂ ਨੂੰ ਜਿਊਾਦਾ ਵੀ ਕਰ ਦਿੱਤਾ | ਜਦ ਵੀ ਜਾਨਕੀ ਦੇ ਗੀਤ ਸੁਣਦੇ ਹਾਂ ਤਾਂ ਉਸ ਦੇ ਹਰ ਸੁਰ 'ਚ ਮਿਠਾਸ ਤੇ ਹਰ ਗੀਤ 'ਚ ਰੂਹ ਦੀ ਗਹਿਰਾਈ ਮਹਿਸੂਸ ਹੁੰਦੀ ਹੈ | ਉਸ ਦੀ ਆਵਾਜ਼ ਉਹ ਮਹਿਕ ਹੈ ਜੋ ਕਦੇ ਵੀ ਨਹੀਂ ਮੁਰਝਾਏਗੀ, ਉਸ ਦੇ ਸੁਰ, ਸੰਗੀਤ ਪ੍ਰੇਮੀਆਂ ਦੇ ਦਿਲਾਂ 'ਚ ਸਦਾ ਲਈ ਵਸੇ ਰਹਿਣਗੇ |
-ਸਿਮਰਨ, ਜਗਰਾਉਂ