ਉਟਾਵਾ, 6 ਸਤੰਬਰ (ਇੰਟ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਨੇ ਅੰਤਰਰਾਸ਼ਟਰੀ ਪੱਧਰ 'ਤੇ ਸਨਮਾਨਿਤ ਮਨੁੱਖੀ ਅਧਿਕਾਰਾਂ ਦੇ ਰਾਖੇ ਜਸਵੰਤ ਸਿੰਘ ਖਾਲੜਾ ਦੀ ਯਾਦ ਤੇ ਵਿਰਾਸਤ ਦਾ ਸਨਮਾਨ ਕਰਨ ਲਈ 6 ਸਤੰਬਰ ਨੂੰ ਅਧਿਕਾਰਤ ਤÏਰ 'ਤੇ 'ਜਸਵੰਤ ਸਿੰਘ ਖਾਲੜਾ ਦਿਵਸ' ਵਜੋਂ ਐਲਾਨ ਕੀਤਾ ਹੈ | ਇਹ ਤਾਰੀਖ ਪੰਜਾਬ ਪੁਲਿਸ ਵਲੋਂ ਖਾਲੜਾ ਦੇ ਕਥਿਤ ਅਗਵਾ ਤੇ ਉਸ ਤੋਂ ਬਾਅਦ ਲਾਪਤਾ ਹੋਣ ਦੀ 30ਵੀਂ ਵਰ੍ਹੇਗੰਢ ਹੈ, ਇਕ ਅਜਿਹੀ ਘਟਨਾ ਜੋ ਵਿਸ਼ਵਵਿਆਪੀ ਮਨੁੱਖੀ ਅਧਿਕਾਰ ਭਾਈਚਾਰੇ 'ਚ ਗੂੰਜਦੀ ਰਹਿੰਦੀ ਹੈ | ਬਿ੍ਟਿਸ਼ ਕੋਲੰਬੀਆ ਸਰਕਾਰ ਨੇ ਆਪਣੇ ਪੱਤਰ 'ਚ ਕਿਹਾ ਹੈ ਕਿ ਜਸਵੰਤ ਸਿੰਘ ਖਾਲੜਾ ਇਕ ਅੰਤਰਰਾਸ਼ਟਰੀ ਪੱਧਰ 'ਤੇ ਸਨਮਾਨਿਤ ਮਨੁੱਖੀ ਅਧਿਕਾਰਾਂ ਦੇ ਰਾਖੇ ਸਨ ਤੇ ਬਿ੍ਟਿਸ਼ ਕੋਲੰਬੀਆ ਦੇ ਲੋਕਾਂ ਲਈ ਉਨ੍ਹਾਂ ਦੀ ਯਾਦ ਨੂੰ ਹਮੇਸ਼ਾ ਜ਼ਿੰਦਾ ਰੱਖਣਾ ਮਾਣ ਵਾਲੀ ਗੱਲ ਹੈ | ਸੂਬੇ ਦੀ ਲੈਫਟੀਨੈਂਟ ਗਵਰਨਰ ਵੈਂਡੀ ਕੋਕੀਆ ਨੇ ਇਸ ਦਸਤਾਵੇਜ਼ 'ਤੇ ਦਸਤਖਤ ਕੀਤੇ ਤੇ 6 ਸਤੰਬਰ ਨੂੰ ਜਸਵੰਤ ਸਿੰਘ ਖਾਲੜਾ ਦਿਵਸ ਵਜੋਂ ਘੋਸ਼ਿਤ ਕੀਤਾ | ਜ਼ਿਕਰਯੋਗ ਹੈ ਕਿ ਅਨੁਰਾਗ ਸਿੰਘ ਵਲੋਂ ਨਿਰਦੇਸ਼ਤ ਫਿਲਮ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਸੰਘਰਸ਼ ਨੂੰ ਦਰਸਾਉਂਦੀ ਹੈ ਪਰ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ (ਸੀ.ਬੀ.ਐਫ.ਸੀ.) ਨੇ ਫਿਲਮ ਨੂੰ ਪਾਸ ਕਰਨ ਤੋਂ ਪਹਿਲਾਂ 127 ਕੱਟ ਲਗਾਉਣ ਦੀ ਸ਼ਰਤ ਰੱਖੀ ਹੈ | ਫਿਲਮ ਨਾਲ ਜੁੜੇ ਲੋਕ ਤੇ ਮਨੁੱਖੀ ਅਧਿਕਾਰ ਕਾਰਕੁਨ ਇਸਨੂੰ ਪ੍ਰਗਟਾਵੇ ਦੀ ਆਜ਼ਾਦੀ 'ਤੇ ਹਮਲਾ ਕਹਿ ਰਹੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਖਾਲੜਾ ਦਾ ਜੀਵਨ ਸੰਘਰਸ਼ ਸੱਚਾਈ 'ਤੇ ਅਧਾਰਤ ਹੈ ਤੇ ਜੇਕਰ ਉਨ੍ਹਾਂ ਦੀ ਕਹਾਣੀ 'ਤੇ ਸੈਂਸਰਸ਼ਿਪ ਲਗਾਈ ਜਾਂਦੀ ਹੈ, ਤਾਂ ਇਹ ਨਿਆਂ ਤੇ ਇਤਿਹਾਸ ਦੋਵਾਂ ਨਾਲ ਬੇਇਨਸਾਫ਼ੀ ਹੋਵੇਗੀ |