ਐਬਟਸਫੋਰਡ, 6 ਸਤੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੀ ਪ੍ਰਮੱੁਖ ਕੁਸ਼ਤੀ ਸੰਸਥਾ 'ਰੈਸਲਿੰਗ ਕੈਨੇਡਾ ਲੂਟੇ' ਨੇ ਕਰੋਸ਼ੀਆ ਦੀ ਰਾਜਧਾਨੀ ਜੈਗਰੇਬ ਵਿਖੇ ਹੋ ਰਹੇ 'ਸੀਨੀਅਰ ਵਿਸ਼ਵ ਚੈਂਪੀਅਨਸ਼ਿਪ 2025' ਕੁਸ਼ਤੀ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਪਹਿਲਵਾਨਾਂ ਦੀ ਟੀਮ ਦਾ ਐਲਾਨ ਕਰ ਦਿੱਤਾ ਹੈ | 50 ਕਿੱਲੋ ਵਰਗ ਤੋਂ 97 ਕਿੱਲੋ ਵਰਗ ਦੇ ਪਹਿਲਵਾਨਾਂ ਦੀ ਕੈਨੇਡਾ ਦੀ 15 ਮੈਂਬਰੀ ਟੀਮ ਵਿਚ ਐਬਟਸਫੋਰਡ ਦੇ ਜੰਮਪਲ 28 ਸਾਲਾ ਪਹਿਲਵਾਨ ਨਿਸ਼ਾਨਪ੍ਰੀਤ ਸਿੰਘ ਰੰਧਾਵਾ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ | ਕਪੂਰਥਲਾ ਨੇੜਲੇ ਪਿੰਡ ਵਡਾਲਾ ਕਲਾਂ ਦੇ ਉੱਘੇ ਕਬੱਡੀ ਖਿਡਾਰੀ ਰਹੇ ਹਰਜੀਤ ਸਿੰਘ ਰੰਧਾਵਾ ਦਾ ਫਰਜੰਦ ਪਹਿਲਵਾਨ ਨਿਸ਼ਾਨਪ੍ਰੀਤ ਸਿੰਘ ਰੰਧਾਵਾ ਕੈਨੇਡੀਅਨ ਟੀਮ ਦਾ ਇਕੋ ਇਕ ਪੰਜਾਬੀ ਪਹਿਲਵਾਨ ਹੈ, ਜਿਹੜਾ ਕਰੋਸ਼ੀਆ ਦੀ ਧਰਤੀ 'ਤੇ 97 ਕਿੱਲੋ ਵਰਗ ਫ੍ਰੀ ਸਟਾਈਲ ਮੁਕਾਬਲੇ 'ਚ ਆਪਣੀ ਕੁਸ਼ਤੀ ਦੇ ਜੌਹਰ ਦਿਖਾਏਗਾ | 13 ਤੋਂ 21 ਸਤੰਬਰ ਤੱਕ ਹੋ ਰਹੇ ਇਨ੍ਹਾਂ ਸੀਨੀਅਰ ਵਿਸ਼ਵ ਚੈਂਪੀਅਨਸ਼ਿਪ ਕੁਸ਼ਤੀ ਮੁਕਾਬਲਿਆਂ ਵਿਚ ਤਕਰੀਬਨ 100 ਦੇਸ਼ਾਂ ਦੇ 1200 ਪਹਿਲਵਾਨ ਭਾਗ ਲੈ ਰਹੇ ਹਨ | ਬਰਨਬੀ ਰੈਸਲਿੰਗ ਕਲੱਬ ਦੇ ਪਹਿਲਵਾਨ ਨਿਸ਼ਾਨਪ੍ਰੀਤ ਸਿੰਘ ਨੇ 2022 ਦੀਆਂ ਬਰਮਿੰਘਮ ਰਾਸ਼ਟਰ ਮੰਡਲ ਖੇਡਾਂ ਵਿਚ ਸੋਨੇ ਦਾ ਤਗਮਾ ਜਿੱਤਿਆ ਸੀ |