ਲੈਸਟਰ (ਇੰਗਲੈਂਡ), 2 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਕੈਮਬਰਿਜਸ਼ਾਇਰ 'ਚ ਹੰਟਿੰਗਡਨ ਸਟੇਸ਼ਨ 'ਤੇ ਬੀਤੀ ਰਾਤ ਇਕ ਤੇਜ਼ ਰਫ਼ਤਾਰ ਰੇਲਗੱਡੀ 'ਚ ਯਾਤਰੀਆਂ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ | ਇਸ ਭਿਆਨਕ ਘਟਨਾ 'ਚ 10 ਯਾਤਰੀ ਗੰਭੀਰ ਜ਼ਖ਼ਮੀ ਹੋ ਗਏ | ਪੁਲਿਸ ਨੇ 2 ਬਰਤਾਨਵੀ ਨਾਗਰਿਕਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਇਹ ਹਮਲਾ ਸਨਿਚਰਵਾਰ ਦੇਰ ਸ਼ਾਮ ਡੌਨਕਾਸਟਰ ਤੋਂ ਲੰਡਨ ਕਿੰਗਜ਼ ਕ੍ਰਾਸ ਜਾ ਰਹੀ ਰੇਲਗੱਡੀ 'ਚ ਵਾਪਰਿਆ | ਰੇਲਗੱਡੀ ਦੇ ਪੀਟਰਬਰੋ ਸਟੇਸ਼ਨ ਤੋਂ ਨਿਕਲਣ ਤੋਂ ਕੁਝ ਹੀ ਸਮੇਂ ਬਾਅਦ ਇਕ ਵਿਅਕਤੀ ਨੇ ਵੱਡੀ ਛੁਰੀ ਨਾਲ ਕਈ ਯਾਤਰੀਆਂ 'ਤੇ ਹਮਲਾ ਕਰ ਦਿੱਤਾ | ਜਿਸ ਤੋਂ ਬਾਅਦ ਡਰਾਈਵਰ ਨੇ ਤੁਰੰਤ ਟ੍ਰੇਨ ਨੂੰ ਹੰਟਿੰਗਡਨ ਸਟੇਸ਼ਨ 'ਤੇ ਰੋਕਿਆ ਤੇ ਐਮਰਜੈਂਸੀ ਸੇਵਾਵਾਂ ਨੂੰ ਸੂਚਿਤ ਕੀਤਾ | ਸਸ਼ਸਤ੍ਰ ਪੁਲਿਸ ਨੇ ਮੌਕੇ 'ਤੇ 2 ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰ ਲਿਆ | ਗਿ੍ਫ਼ਤਾਰ ਸ਼ੱਕੀ, ਇਕ 32 ਸਾਲ ਦਾ ਅਫ਼ਰੀਕੀ ਮੂਲ ਦਾ ਬਰਤਾਨਵੀ ਵਿਅਕਤੀ ਤੇ ਦੂਜਾ 35 ਸਾਲ ਦਾ ਕਰੀਬੀਅਨ ਮੂਲ ਦਾ ਬਰਤਾਨਵੀ ਵਿਅਕਤੀ ਹੈ | ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸੋਸ਼ਲ ਮੀਡੀਆ 'ਤੇ ਇਸ ਭਿਆਨਕ ਘਟਨਾ ਦੀ ਨਿੰਦਾ ਕੀਤੀ ਤੇ ਲੋਕਾਂ ਨੂੰ ਪੁਲਿਸ ਦੀ ਸਲਾਹ ਦੀ ਪਾਲਣਾ ਕਰਨ ਦੀ ਅਪੀਲ ਕੀਤੀ |