ਐੱਸ. ਏ. ਐੱਸ. ਨਗਰ, 3 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੀ. ਸੀ. ਏ. ਨੇ ਆਈ. ਸੀ. ਸੀ. ਮਹਿਲਾ ਕਿ੍ਕਟ ਵਿਸ਼ਵ ਕੱਪ-2025 ਵਿਚ ਭਾਰਤ ਦੀ ਇਤਿਹਾਸਕ ਜਿੱਤ ਦੇ ਚੱਲਦਿਆਂ ਹਰਮਨਪ੍ਰੀਤ ਕੌਰ ਤੇ ਅਮਨਜੋਤ ਕੌਰ ਨੂੰ 11-11 ਲੱਖ ਰੁ. ਤੇ ਫੀਲਡਿੰਗ ਕੋਚ ਮੁਨੀਸ਼ ਬਾਲੀ ਨੂੰ 5 ਲੱਖ ਰੁ. ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ | ਇਸ ਸੰਬੰਧੀ ਪੰਜਾਬ ਕਿ੍ਕਟ ਐਸੋਸੀਏਸ਼ਨ ਦੇ ਕਾਰਜਕਾਰੀ ਸਕੱਤਰ ਸਿਧਾਂਤ ਸ਼ਰਮਾ ਨੇ ਦੱਸਿਆ ਕਿ ਪੀ. ਸੀ. ਏ. ਵਲੋਂ ਜਲਦ ਹੀ ਇਕ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾ ਕੇ ਪੰਜਾਬ ਦੇ ਇਨ੍ਹਾਂ ਤਿੰਨਾਂ ਮੈਂਬਰਾਂ ਦਾ ਸਨਮਾਨ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਮੋਗਾ ਦੀ ਹਰਮਨਪ੍ਰੀਤ ਕੌਰ ਨੇ ਭਾਰਤ ਨੂੰ ਵਿਸ਼ਵ ਕੱਪ ਜਿਤਾਉਣ ਵਿਚ ਅਸਾਧਾਰਨ ਹੁਨਰ, ਦਿ੍ੜਤਾ ਤੇ ਅਗਵਾਈ ਦਾ ਪ੍ਰਦਰਸ਼ਨ ਕੀਤਾ ਹੈ | ਪੰਜਾਬ ਦੀ ਨੌਜਵਾਨ ਆਲ ਰਾਊਾਡਰ ਅਮਨਜੋਤ ਕੌਰ ਨੇ ਆਪਣੇ ਆਲ ਰਾਊਾਡ ਪ੍ਰਦਰਸ਼ਨ ਨਾਲ ਭਾਰਤ ਦੀ ਜਿੱਤ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ | ਭਾਰਤੀ ਮਹਿਲਾ ਟੀਮ ਦੇ ਫੀਲਡਿੰਗ ਕੋਚ ਵਜੋਂ ਮੁਨੀਸ਼ ਬਾਲੀ ਨੇ ਟੀਮ ਦੇ ਫੀਲਡਿੰਗ ਮਿਆਰਾਂ ਤੇ ਸਮੁੱਚੀ ਤਿਆਰੀ ਨੂੰ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ | ਪੰਜਾਬ ਕਿ੍ਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਨੇ ਕਿਹਾ ਕਿ ਇਹ ਜਿੱਤ ਪੂਰੇ ਦੇਸ਼ ਲਈ ਬਹੁਤ ਵੱਡੇ ਮਾਣ ਦਾ ਪਲ ਹੈ ਤੇ ਪੀ. ਸੀ. ਏ. ਲਈ ਵੱਡੀ ਖੁਸ਼ੀ ਦੀ ਗੱਲ ਹੈ ਕਿ ਇਸ ਇਤਿਹਾਸਕ ਜਿੱਤ ਦੇ ਮੁੱਖ ਮੈਂਬਰ ਪੰਜਾਬ ਤੋਂ ਹਨ | ਕਾਰਜਕਾਰੀ ਸਕੱਤਰ ਸਿਧਾਂਤ ਸ਼ਰਮਾ ਨੇ ਕਿਹਾ ਕਿ ਹਰਮਨਪ੍ਰੀਤ ਕੌਰ, ਅਮਨਜੋਤ ਕੌਰ ਅਤੇ ਮੁਨੀਸ਼ ਬਾਲੀ ਨੇ ਪੂਰੇ ਕਿ੍ਕਟ ਭਾਈਚਾਰੇ ਨੂੰ ਮਾਣ ਦਿਵਾਇਆ ਹੈ |