ਟੋਰਾਂਟੋ, 21 ਨਵੰਬਰ (ਸਤਪਾਲ ਸਿੰਘ ਜÏਹਲ)ਕੈਨੇਡਾ, ਅਮਰੀਕਾ ਤੇ ਮੈਕਸੀਕੋ ਤੋਂ ਦੱਖਣੀ ਅਮਰੀਕੀ ਮਹਾਂਦੀਪ ਦੇ ਦੇਸ਼ਾਂ ਤੱਕ ਨਸ਼ਿਆਂ ਦੀ ਤਸਕਰੀ ਦਾ ਇਕ ਵੱਡਾ ਕੇਸ ਬੀਤੇ ਮਹੀਨਿਆਂ ਤੋਂ ਚਰਚਾ ਵਿਚ ਹੈ | ਉਸ ਕੇਸ ਵਿਚ ਤਸਕਰਾਂ ਦੇ ਗਰੋਹ ਦਾ ਮੁਖੀ ਕੈਨੇਡਾ ਦਾ ਉਲੰਪਿਕ ਪੱਧਰ ਦਾ (2002 'ਚ ਸਨੋਬੋਰਡ) ਖਿਡਾਰੀ ਰਿਹਾ ਬਿ੍ਟਿਸ਼ ਕੋਲੰਬੀਆ ਦਾ ਕਰਿੱਸ ਵੈਡਿੰਗ (44) ਦੱਸਿਆ ਜਾ ਰਿਹਾ ਹੈ ਜਿਸ ਦੀ ਗਿ੍ਫਤਾਰੀ ਲਈ ਅਮਰੀਕੀ ਜਾਂਚ ਏਜੰਸੀ ਐਫ.ਬੀ.ਆਈ. ਵਲੋਂ 15 ਮਿਲੀਅਨ ਡਾਲਰ ਇਨਾਮ ਦਾ ਐਲਾਨ ਕੀਤਾ ਗਿਆ ਹੈ ਤੇ ਉਸ ਦਾ ਨਾਂਅ ਅਮਰੀਕਾ ਦੀ 'ਮੋਸਟ ਵਾਂਟਿਡ ਲਿਸਟ' ਵਿਚ ਚੋਟੀ ਦੇ 10 ਨਾਂਵਾਂ ਵਿਚ ਸ਼ਾਮਿਲ ਕੀਤਾ ਗਿਆ ਹੈ | ਇਸ ਕੇਸ 'ਚ ਹੁਣ ਤੱਕ 36 ਗਿ੍ਫਤਾਰੀਆਂ ਹੋ ਚੁੱਕੀਆਂ ਹਨ ਜਿਨ੍ਹਾਂ 'ਚ ਉਂਟਾਰੀਓ ਅਲਬਰਟਾ ਤੇ ਕਿਊਬਕ ਤੋਂ 7 ਕੈਨੇਡਾ ਦੇ ਨਾਗਰਿਕ ਹਨ ਤੇ 2 ਕੈਨੇਡਾ ਵਾਸੀਆਂ ਦੀ ਭਾਲ ਅਜੇ ਜਾਰੀ ਹੈ | ਭਗੌੜੇ ਵੈਡਿੰਗ ਨੂੰ ਇਸ ਕੇਸ ਦੇ ਗਵਾਹ ਦਾ ਕਤਲ ਕਰਵਾਉਣ ਦੀ ਸਲਾਹ ਦੇਣ ਤੇ ਹੋਰ ਸਹਿਯੋਗ ਕਰਨ ਦੇ ਦੋਸ਼ 'ਚ ਉਸ ਦਾ ਵਕੀਲ ਦੀਪਕ ਪ੍ਰਾਦਕਰ (62) ਵੀ ਟੋਰਾਂਟੋ ਨੇੜਲੇ ਸ਼ਹਿਰ ਥÏਰਨਹਿੱਲ ਤੋਂ ਬੀਤੇ ਦਿਨ ਗਿ੍ਫਤਾਰ ਕੀਤਾ ਗਿਆ ਹੈ | ਇਸੇ ਤਰ੍ਹਾਂ ਤਸਕਰਾਂ ਨਾਲ ਸਹਿਯੋਗ ਕਰਨ ਤੇ ਕੇਸ ਦੇ ਗਵਾਹ ਨੂੰ (ਕਤਲ ਕਰਨ ਲਈ) ਲੱਭਣ ਵਾਸਤੇ ਸਹਿਯੋਗ ਕਰਨ ਜੇ ਦੋਸ਼ 'ਚ ਮਿਸੀਸਾਗਾ ਤੋਂ ਗੁਰਸੇਵਕ ਸਿੰਘ ਬੱਲ (31) ਨੂੰ ਫੜਿਆ ਗਿਆ ਹੈ | ਕੇਸ ਦੇ ਗਵਾਹ ਨੂੰ ਬੀਤੀ 31 ਜਨਵਰੀ ਨੂੰ 3 ਅਣਪਛਾਤੇ ਹਮਲਾਵਰਾਂ ਵਲੋਂ ਕੋਲੰਬੀਆ ਦੇਸ਼ ਦੇ ਸ਼ਹਿਰ ਮੈਡਲਿਨ ਵਿਖੇ ਰੈਸਟਰੈਂਟ ਅੰਦਰ ਸਿਰ ਵਿਚ 5 ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ | ਇਸ ਕੇਸ ਵਿਚ ਨਸ਼ੇ ਢੋਣ ਦੇ ਦੋਸ਼ਾਂ 'ਚ ਕੈਨੇਡਾ ਵਾਸੀ ਮਨਿੰਦਰਜੀਤ ਸਿੰਘ ਅਤੇ ਰਣਜੋਧ ਸਿੰਘ ਢਿੱਲੋਂ ਅਰਕੰਸਾਸ ਤੋਂ ਫੜੇ ਜਾ ਚੁੱਕੇ ਹਨ ਜਿਨ੍ਹਾਂ ਤੋਂ ਅਧਿਕਾਰੀਆਂ ਨੇ 521 ਕਿੱਲੋ ਕੋਕੀਨ ਫੜਨ ਦਾ ਦਾਅਵਾ ਕੀਤਾ ਹੈ | ਅੰਤਰਰਾਸ਼ਟਰੀ ਪੱਧਰ ਦੇ ਇਸ ਕੇਸ ਦੀ ਅਮਰੀਕੀ ਜਾਂਚ ਏਜੰਸੀਆਂ ਦੀ ਨਿਗਰਾਨੀ ਹੇਠ ਜਾਂਚ ਜਾਰੀ ਹੈ |