ਮੁੰਬਈ, 7 ਦਸੰਬਰ (ਏਜੰਸੀ)-ਫਿਲਮ ਨਿਰਮਾਤਾ ਵਿਕਰਮ ਭੱਟ ਨੂੰ ਮੁੰਬਈ ਤੇ ਰਾਜਸਥਾਨ ਪੁਲਿਸ ਨੇ ਗਿ੍ਫਤਾਰ ਕਰ ਲਿਆ ਹੈ | ਉਸ 'ਤੇ ਉਦੈਪੁਰ ਦੇ ਇਕ ਵਪਾਰੀ ਨਾਲ 30 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ | ਪੁਲਿਸ ਟੀਮ ਨੇ ਉਸਨੂੰ ਮੁੰਬਈ ਦੇ ਯਾਰੀ ਰੋਡ ਇਲਾਕੇ ਦੇ ਗੰਗਾ ਭਵਨ ਅਪਾਰਟਮੈਂਟਸ ਤੋਂ ਗਿ੍ਫਤਾਰ ਕੀਤਾ | ਹੁਣ, ਰਾਜਸਥਾਨ ਪੁਲਿਸ ਉਸਨੂੰ ਉਦੈਪੁਰ ਲਿਜਾਣ ਲਈ ਬਾਂਦਰਾ ਅਦਾਲਤ 'ਚ ਟਰਾਂਜ਼ਿਟ ਰਿਮਾਂਡ ਲਈ ਅਰਜ਼ੀ ਦੇਵੇਗੀ | 17 ਨਵੰਬਰ ਨੂੰ , ਰਾਜਸਥਾਨ 'ਚ ਇੰਦਰਾ ਗਰੁੱਪ ਆਫ਼ ਕੰਪਨੀਜ਼ ਦੇ ਮਾਲਕ ਡਾ. ਅਜੇ ਮੁਰਦੀਆ ਨੇ ਵਿਕਰਮ ਭੱਟ ਅਤੇ 8 ਹੋਰਾਂ ਵਿਰੁੱਧ 30 ਕਰੋੜ ਦੀ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਸੀ | ਮੁਰਦੀਆ ਨੇ ਦੋਸ਼ ਲਗਾਇਆ ਕਿ ਭੱਟ ਤੇ ਉਨ੍ਹਾਂ ਦੀ ਟੀਮ ਨੇ ਉਨ੍ਹਾਂ ਨੂੰ ਇਕ ਫਿਲਮ ਪ੍ਰੋਜੈਕਟ 'ਚ 30 ਕਰੋੜ ਦਾ ਨਿਵੇਸ਼ ਕਰਨ ਲਈ ਲਾਲਚ ਦਿੱਤਾ | ਭੱਟ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਫਿਲਮ 200 ਕਰੋੜ ਕਮਾਏਗੀ ਤੇ ਲਾਭਦਾਇਕ ਹੋਵੇਗੀ | ਜ਼ਿਕਰਯੋਗ ਹੈ ਕਿ ਗਿ੍ਫ਼ਤਾਰੀ ਤੋਂ ਪਹਿਲਾਂ, ਵਿਕਰਮ ਭੱਟ ਸਮੇਤ 7 ਲੋਕਾਂ ਵਿਰੁੱਧ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਸੀ | ਹਾਲਾਂਕਿ, ਵਿਕਰਮ ਭੱਟ ਤੇ ਉਨ੍ਹਾਂ ਦੀ ਟੀਮ ਨੇ ਅਜੇ ਤੱਕ ਗਿ੍ਫ਼ਤਾਰੀ ਸੰਬੰਧੀ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ |