ਲੰਡਨ, 21 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਵਿਸ਼ਵ ਯੁੱਧਾਂ 'ਚ ਕੁਰਬਾਨੀਆਂ ਦੇਣ ਵਾਲੇ ਸਿੱਖ ਯੋਧਿਆਂ ਦੀ ਯਾਦ 'ਚ ਕੇਂਦਰੀ ਲੰਡਨ ਵਿਚ 'ਰਾਸ਼ਟਰੀ ਸਿੱਖ ਯੁੱਧ ਯਾਦਗਾਰ' ਬਣਾਉਣ ਲਈ ਬੀਤੇ ਕਈ ਸਾਲਾਂ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਵੱਲੋਂ ਭਾਈਚਾਰੇ ਦੇ ਸਹਿਯੋਗ ਨਾਲ ਯਤਨ ਕੀਤੇ ਜਾ ਰਹੇ ਹਨ | ਅੱਜ ਨੈਸ਼ਨਲ ਸਿੱਖ ਵਾਰ ਮੈਮੋਰੀਅਲ ਟਰੱਸਟ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹਾਲ ਦੇ ਸਾਲਾਂ ਦੌਰਾਨ ਵੱਖ-ਵੱਖ ਥਾਵਾਂ ਦੀ ਜਾਂਚ ਕਰਨ ਤੋਂ ਬਾਅਦ, ਅਸੀਂ ਵੈਸਟਮਿੰਸਟਰ ਦੇ ਅੰਦਰ ਇਕ ਪ੍ਰਮੁੱਖ ਸਥਾਨ ਨੂੰ ਯਾਦਗਾਰ ਲਈ ਪ੍ਰਸਤਾਵਿਤ ਸਥਾਨ ਵਜੋਂ ਚੁਣਿਆ ਹੈ | ਬੀਤੇ ਸਾਲ ਜ਼ਮੀਨ ਮਾਲਕ ਨਾਲ ਹੋਈਆਂ ਮੀਟਿੰਗਾਂ ਵਿਚ ਰਾਸ਼ਟਰੀ ਸਿੱਖ ਯੁੱਧ ਯਾਦਗਾਰ ਬਣਾਉਣ ਲਈ ਸਹਿਮਤੀ ਬਣ ਗਈ ਹੈ | ਯਾਦਗਾਰ ਲਈ ਜਗ੍ਹਾ ਇਕ ਵੱਡੇ ਜਨਤਕ ਖੇਤਰ ਦਾ ਹਿੱਸਾ ਹੈ, ਜਿਸਨੂੰ ਸਬੰਧਤ ਧਿਰ ਵਲੋਂ ਮੁੜ ਵਿਕਸਤ ਕੀਤਾ ਜਾਵੇਗਾ | ਪੁਨਰ ਵਿਕਾਸ ਯੋਜਨਾਵਾਂ ਲਈ ਪਿਛਲੇ 12 ਤੋਂ 18 ਮਹੀਨਿਆਂ ਦੌਰਾਨ ਹੋਈਆਂ ਮੀਟਿੰਗਾਂ ਵਿਚ ਖੇਤਰ ਦੇ ਵੱਡੇ ਪੁਨਰ ਵਿਕਾਸ, ਯਾਦਗਾਰ ਲਈ ਸਥਾਨ ਅਤੇ ਆਕਾਰ 'ਤੇ ਸਹਿਮਤੀ ਬਣੀ ਹੈ | ਟਰੱਸਟ ਨੇ ਕਿਹਾ ਕਿ 2026 ਵਿਚ ਸਮਾਰਕ ਦੇ ਡਿਜ਼ਾਈਨ 'ਤੇ ਸਹਿਮਤੀ ਹੋਣ ਉਪਰੰਤ ਵੈਸਟਮਿੰਸਟਰ ਸਿਟੀ ਕੌਂਸਲ ਨੂੰ ਯੋਜਨਾਬੰਦੀ ਅਰਜ਼ੀ ਦੇ ਜ਼ਰੀਏ ਅਗਲੇਰੀ ਪ੍ਰਵਾਨਗੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ | ਸੰਸਦ ਮੈਂਬਰ ਢੇਸੀ ਨੇ ਕਿਹਾ ਕਿ ਰਾਸ਼ਟਰੀ ਸਿੱਖ ਯੁੱਧ ਯਾਦਗਾਰ ਬਣਾਉਣ ਲਈ ਸਿੱਖ ਭਾਈਚਾਰੇ ਦਾ ਵੱਡਾ ਯੋਗਦਾਨ ਹੈ | ਇਹ ਭਾਈਚਾਰੇ ਵਾਸਤੇ ਬਹੁਤ ਹੀ ਮਾਣ ਅਤੇ ਸਨਮਾਨ ਦੀ ਗੱਲ ਹੋਵੇਗੀ, ਇਹ ਯਾਦਗਰ ਪੂਰੇ ਵਿਸ਼ਵ ਨੂੰ ਸਿੱਖਾਂ ਦੇ ਯੋਗਦਾਨ ਦੀ ਦਾਸਤਾਨ ਦੱਸੇਗੀ |
ਲੰਡਨ 'ਚ 'ਰਾਸ਼ਟਰੀ ਸਿੱਖ ਯੁੱਧ ਯਾਦਗਾਰ' ਬਣਾਉਣ ਲਈ ਢੁਕਵੀਂ ਜ਼ਮੀਨ ਦਾ ਹੋਇਆ ਪ੍ਰਬੰਧ-ਢੇਸੀ <br/>
ਅਜੀਤ ਡੈਸਕ
22-12-2025