ਲੈਸਟਰ (ਇੰਗਲੈਂਡ), 28 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਯੂਨਾਈਟਿਡ ਕਿੰਗਡਮ (ਯੂ.ਕੇ.) ਸਰਕਾਰ ਨੇ ਅਫ਼ਰੀਕਾ ਦੇ ਦੇਸ਼ ਡੈਮੋਕ੍ਰੇਟਿਕ ਰਿਪਬਲਿਕ ਆਫ਼ ਕਾਂਗੋ (ਡੀਆਰ ਕਾਂਗੋ) ਤੋਂ ਆਉਣ ਵਾਲੇ ਲੋਕਾਂ ਲਈ ਵੀਜ਼ਾ ਨਿਯਮ ਹੋਰ ਜਿਆਦਾ ਸਖ਼ਤ ਕਰ ਦਿੱਤੇ ਹਨ | ਯੂ.ਕੇ. ਸਰਕਾਰ ਦਾ ਕਹਿਣਾ ਹੈ ਕਿ ਡੀਆਰ ਕਾਂਗੋ ਦੀ ਸਰਕਾਰ ਯੂ.ਕੇ. ਵਿਚ ਗੈਰਕਾਨੂੰਨੀ ਤੌਰ 'ਤੇ ਰਹਿ ਰਹੇ ਆਪਣੇ ਨਾਗਰਿਕਾਂ ਅਤੇ ਵਿਦੇਸ਼ੀ ਅਪਰਾਧੀਆਂ ਨੂੰ ਵਾਪਸ ਲੈਣ ਲਈ ਤਿਆਰ ਨਹੀਂ ਹੋ ਰਹੀ, ਜਿਸ ਕਾਰਨ ਇਹ ਕਦਮ ਚੁੱਕਣਾ ਪਿਆ | ਯੂ.ਕੇ. ਦੇ ਮੰਤਰੀਆਂ ਨੇ ਦੱਸਿਆ ਕਿ ਕਾਫ਼ੀ ਸਮੇਂ ਤੋਂ ਡੀਆਰ ਕਾਂਗੋ ਨਾਲ ਗੱਲਬਾਤ ਚੱਲ ਰਹੀ ਸੀ ਤਾਂ ਜੋ ਉਥੋਂ ਦੇ ਗੈਰ-ਕਾਨੂੰਨੀ ਪਰਵਾਸੀਆਂ ਨੂੰ ਵਾਪਸ ਭੇਜਿਆ ਜਾ ਸਕੇ, ਪਰ ਕੋਈ ਢੁੱਕਵਾਂ ਨਤੀਜਾ ਨਹੀਂ ਨਿਕਲਿਆ | ਸਰਕਾਰ ਅਨੁਸਾਰ ਜਦੋਂ ਕੋਈ ਦੇਸ਼ ਆਪਣੇ ਲੋਕਾਂ ਨੂੰ ਵਾਪਸ ਲੈਣ ਤੋਂ ਟਾਲਮਟੋਲ ਕਰੇ ਤਾਂ ਫਿਰ ਉਸ ਦੇਸ਼ ਦੇ ਨਾਗਰਿਕਾਂ ਲਈ ਵੀਜ਼ਾ ਨੀਤੀ ਸਖਤ ਕਰਨੀ ਪੈਂਦੀ ਹੈ | ਪੇਂਡੂ ਬੋਲੀ ਵਿਚ ਸਮਝੀਏ ਤਾਂ ਯੂ.ਕੇ. ਸਰਕਾਰ ਇਹ ਕਹਿਣਾ ਚਾਹੁੰਦੀ ਹੈ ਕਿ ਜਿਹੜੇ ਲੋਕ ਗਲਤ ਤਰੀਕੇ ਨਾਲ ਆ ਕੇ ਰਹਿ ਜਾਂਦੇ ਨੇ ਜਾਂ ਕਾਨੂੰਨ ਤੋੜਦੇ ਨੇ, ਉਨ੍ਹਾਂ ਨੂੰ ਵਾਪਸ ਆਪਣੇ ਦੇਸ਼ ਭੇਜਣਾ ਜ਼ਰੂਰੀ ਹੈ | ਪਰ ਜੇ ਮੂਲ ਦੇਸ਼ ਹੀ ਆਪਣੇ ਲੋਕਾਂ ਨੂੰ ਲੈਣ ਤੋਂ ਇਨਕਾਰ ਕਰੇ, ਤਾਂ ਫਿਰ ਅੱਗੋਂ ਆਉਣ ਵਾਲਿਆਂ ਲਈ ਰਾਹ ਔਖਾ ਕੀਤਾ ਜਾਂਦਾ ਹੈ | ਯੂ.ਕੇ. ਦੇ ਹੋਮ ਦਫ਼ਤਰ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਦੇਸ਼ ਵਿਚ ਆਸ਼੍ਰਯ ਅਤੇ ਪਰਵਾਸ ਨਿਯਮਾਂ ਨੂੰ ਸਾਫ਼ ਸੁਥਰਾ ਅਤੇ ਸਖ਼ਤ ਬਣਾਉਣ ਲਈ ਇਹ ਫ਼ੈਸਲਾ ਲਿਆ ਗਿਆ ਹੈ | ਜ਼ਿਕਰਯੋਗ ਹੈ ਕਿ ਡੀਆਰ ਕਾਂਗੋ ਅਫ਼ਰੀਕਾ ਦਾ ਇੱਕ ਵੱਡਾ ਦੇਸ਼ ਹੈ, ਜਿੱਥੇ ਗਰੀਬੀ, ਅੰਦਰੂਨੀ ਲੜਾਈਆਂ ਅਤੇ ਬੇਰੁਜ਼ਗਾਰੀ ਕਾਰਨ ਕਈ ਲੋਕ ਆਪਣਾ ਦੇਸ਼ ਛੱਡ ਕੇ ਯੂਰਪ ਅਤੇ ਹੋਰ ਅਮੀਰ ਮੁਲਕਾਂ ਵੱਲ ਰੁਖ ਕਰਦੇ ਹਨ | ਪਰ ਹੁਣ ਯੂ.ਕੇ. ਦੇ ਨਵੇਂ ਫ਼ੈਸਲੇ ਨਾਲ ਉਥੋਂ ਦੇ ਲੋਕਾਂ ਲਈ ਬਰਤਾਨੀਆ ਆਉਣਾ ਹੋਰ ਮੁਸ਼ਕਿਲ ਹੋ ਜਾਵੇਗਾ |