ਲੈਸਟਰ (ਇੰਗਲੈਂਡ), 28 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਦੁਨੀਆ ਦੇ ਸਭ ਤੋਂ ਵੱਡੇ ਅਤੇ ਦਰਦਨਾਕ ਹਵਾਈ ਰਹੱਸਾਂ ਵਿਚ ਸ਼ਾਮਿਲ ਮਲੇਸ਼ੀਆ ਏਅਰਲਾਈਨਜ਼ ਦੀ ਉਡਾਣ ਐਮਐਚ-370 ਨੂੰ ਲਾਪਤਾ ਹੋਏ ਹੁਣ ਲੰਮਾ ਸਮਾਂ ਬੀਤ ਚੁੱਕਾ ਹੈ, ਪਰ ਅੱਜ ਵੀ ਇਹ ਮਾਮਲਾ ਲੋਕਾਂ ਦੇ ਦਿਲਾਂ 'ਚ ਸਵਾਲ ਬਣਿਆ ਹੋਇਆ ਹੈ | ਇਹ ਜਹਾਜ਼ 8 ਮਾਰਚ 2014 ਨੂੰ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਤੋਂ ਚੀਨ ਦੇ ਸ਼ਹਿਰ ਬੀਜਿੰਗ ਵੱਲ ਉਡਾਣ ਭਰਨ ਤੋਂ ਕੁਝ ਘੰਟਿਆਂ ਬਾਅਦ ਅਚਾਨਕ ਰਾਡਾਰ ਤੋਂ ਗਾਇਬ ਹੋ ਗਿਆ ਸੀ | ਜਹਾਜ਼ 'ਚ ਕੁੱਲ 239 ਲੋਕ ਸਵਾਰ ਸਨ, ਜਿਨ੍ਹਾਂ 'ਚ ਯਾਤਰੀ ਅਤੇ ਕਰਿਊ ਮੈਂਬਰ ਸ਼ਾਮਿਲ ਸਨ | ਉਡਾਣ ਦੌਰਾਨ ਜਦੋਂ ਜਹਾਜ਼ ਨੇ ਵਿਅਤਨਾਮੀ ਹਵਾਈ ਖੇਤਰ 'ਚ ਦਾਖਲ ਹੋਣਾ ਸੀ, ਉਸ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਉਸ ਨਾਲ ਸੰਪਰਕ ਟੁੱਟ ਗਿਆ | ਇਸ ਤੋਂ ਬਾਅਦ ਦੁਨੀਆ ਭਰ 'ਚ ਚਿੰਤਾ ਦੀ ਲਹਿਰ ਦੌੜ ਗਈ ਅਤੇ ਤੁਰੰਤ ਵੱਡੇ ਪੱਧਰ 'ਤੇ ਖੋਜ ਮੁਹਿੰਮ ਸ਼ੁਰੂ ਕੀਤੀ ਗਈ | ਕਈ ਸਾਲਾਂ ਤੱਕ ਹਿੰਦ ਮਹਾਂਸਾਗਰ ਦੇ ਵੱਡੇ ਹਿੱਸੇ 'ਚ ਖੋਜ ਕੀਤੀ ਗਈ | ਆਧੁਨਿਕ ਜਹਾਜ਼, ਜਹਾਜ਼ੀ ਬੋਟਾਂ ਅਤੇ ਤਕਨੀਕੀ ਸਾਧਨਾਂ ਦੀ ਮਦਦ ਨਾਲ ਲੱਖਾਂ ਵਰਗ ਕਿਲੋਮੀਟਰ ਖੇਤਰ ਛਾਣ ਮਾਰਿਆ ਗਿਆ, ਪਰ ਜਹਾਜ਼ ਦਾ ਮੁੱਖ ਮਲਬਾ ਨਹੀਂ ਮਿਲ ਸਕਿਆ | ਹਾਲਾਂਕਿ ਕੁਝ ਟੁਕੜੇ ਬਾਅਦ 'ਚ ਅਫ਼ਰੀਕਾ ਦੇ ਤਟਾਂ ਨੇੜੇ ਮਿਲੇ, ਜਿਨ੍ਹਾਂ ਦੀ ਪੁਸ਼ਟੀ ਐਮਐਚ-370 ਨਾਲ ਜੋੜ ਕੇ ਕੀਤੀ ਗਈ, ਪਰ ਇਸ ਨਾਲ ਪੂਰਾ ਸੱਚ ਸਾਹਮਣੇ ਨਹੀਂ ਆ ਸਕਿਆ | ਹੁਣ ਮਾਹਿਰਾਂ ਵਲੋਂ ਦੱਸਿਆ ਜਾ ਰਿਹਾ ਹੈ ਕਿ ਨਵੇਂ ਵਿਗਿਆਨਕ ਅੰਕੜਿਆਂ, ਸੈਟੇਲਾਈਟ ਜਾਣਕਾਰੀ ਅਤੇ ਸਮੁੰਦਰੀ ਧਾਰਾਵਾਂ ਦੇ ਨਵੇਂ ਅਧਿਅਨ ਦੇ ਆਧਾਰ 'ਤੇ ਇੱਕ ਵਾਰ ਫਿਰ ਖੋਜ ਮੁਹਿੰਮ ਦੀ ਤਿਆਰੀ ਕੀਤੀ ਗਈ ਹੈ | ਇਸ ਵਾਰੀ ਖੋਜ ਹਿੰਦ ਮਹਾਂਸਾਗਰ ਦੇ ਉਸ ਹਿੱਸੇ 'ਚ ਕੀਤੀ ਜਾਵੇਗੀ, ਜਿੱਥੇ ਪਹਿਲਾਂ ਪੂਰੀ ਤਰ੍ਹਾਂ ਤਲਾਸ਼ ਨਹੀਂ ਹੋ ਸਕੀ ਸੀ | ਯਾਤਰੀਆਂ ਦੇ ਪਰਿਵਾਰਾਂ ਲਈ ਇਹ ਮਾਮਲਾ ਅਜੇ ਵੀ ਇੱਕ ਨਾ ਭਰਨ ਵਾਲਾ ਜ਼ਖ਼ਮ ਹੈ | ਉਨ੍ਹਾਂ ਦਾ ਕਹਿਣਾ ਹੈ ਕਿ 8 ਮਾਰਚ 2014 ਦੀ ਉਹ ਸਵੇਰ ਅਜੇ ਵੀ ਉਨ੍ਹਾਂ ਦੀ ਜਿੰਦਗੀ 'ਚ ਦਰਦ ਬਣ ਕੇ ਵਸੀ ਹੋਈ ਹੈ | ਨਵੀਂ ਖੋਜ ਨੇ ਉਨ੍ਹਾਂ ਦੇ ਦਿਲਾਂ 'ਚ ਫਿਰ ਤੋਂ ਆਸ ਜਗਾਈ ਹੈ ਕਿ ਸ਼ਾਇਦ ਹੁਣ ਉਨ੍ਹਾਂ ਨੂੰ ਆਪਣੇ ਪਿਆਰਿਆਂ ਬਾਰੇ ਸੱਚ ਪਤਾ ਲੱਗ ਸਕੇ | ਹਵਾਈ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਇਸ ਵਾਰੀ ਜਹਾਜ਼ ਦਾ ਮਲਬਾ ਜਾਂ ਕੋਈ ਪੱਕਾ ਸਬੂਤ ਮਿਲ ਜਾਂਦਾ ਹੈ, ਤਾਂ ਇਹ ਸਿਰਫ਼ ਐਮਐਚ-370 ਦੇ ਭੇਦ ਨੂੰ ਹੀ ਨਹੀਂ ਖੋਲੇਗਾ, ਸਗੋਂ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਤੋਂ ਬਚਾਅ ਲਈ ਵੀ ਵੱਡੀ ਸਿੱਖ ਸਾਬਤ ਹੋਵੇਗਾ |