ਲੈਸਟਰ (ਇੰਗਲੈਂਡ), 28 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਇੱਕ ਸਮਾਂ ਸੀ ਜਦੋਂ ਬਿਹਤਰ ਰੋਜ਼ਗਾਰ, ਉੱਚ ਜੀਵਨ-ਮਿਆਰ ਅਤੇ ਮਜ਼ਬੂਤ ਅਰਥਵਿਵਸਥਾ ਦੀ ਆਸ ਵਿਚ ਪੋਲੈਂਡ ਸਮੇਤ ਪੂਰਬੀ ਯੂਰਪ ਦੇ ਲੱਖਾਂ ਲੋਕ ਬਰਤਾਨੀਆ ਵੱਲ ਰੁਖ ਕਰਦੇ ਸਨ | ਪਰ ਹੁਣ ਹਾਲਾਤ ਤੇ ਰੁਝਾਨ ਦੋਵੇਂ ਬਦਲਦੇ ਨਜ਼ਰ ਆ ਰਹੇ ਹਨ | ਤਾਜ਼ਾ ਰਿਪੋਰਟਾਂ ਮੁਤਾਬਕ ਹਜ਼ਾਰਾਂ ਦੀ ਗਿਣਤੀ ਵਿਚ ਬਿ੍ਟਿਸ਼ ਨਾਗਰਿਕ ਬਰਤਾਨੀਆ ਛੱਡ ਕੇ ਪੋਲੈਂਡ ਵੱਸਣ ਨੂੰ ਤਰਜੀਹ ਦੇ ਰਹੇ ਹਨ | ਮੱਧ 2000 ਦੇ ਦਹਾਕੇ ਦੌਰਾਨ ਪੋਲੈਂਡ ਦੇ ਯੂਰਪੀ ਸੰਘ ਵਿਚ ਸ਼ਾਮਿਲ ਹੋਣ ਤੋਂ ਬਾਅਦ ਬਰਤਾਨੀਆ ਵਿਚ ਪੋਲੈਂਡੀ ਨਾਗਰਿਕਾਂ ਦੀ ਗਿਣਤੀ 'ਚ ਤੇਜ਼ ਵਾਧਾ ਹੋਇਆ ਸੀ | ਸਾਲ 2004 ਵਿਚ ਜਿੱਥੇ ਇਹ ਗਿਣਤੀ ਲਗਭਗ 94 ਹਜ਼ਾਰ ਸੀ, ਉੱਥੇ ਕੁਝ ਸਾਲਾਂ ਵਿਚ ਹੀ ਇਹ ਲੱਖਾਂ ਤੱਕ ਪਹੁੰਚ ਗਈ | ਸਸਤਾ ਰਹਿਣ-ਸਹਿਣ, ਨੌਕਰੀਆਂ ਦੇ ਵੱਡੇ ਮੌਕੇ ਅਤੇ ਖੁੱਲ੍ਹੀ ਆਵਾਜਾਈ ਨੇ ਪੋਲੈਂਡੀ ਨਾਗਰਿਕਾਂ ਨੂੰ ਬਰਤਾਨੀਆ ਆਉਣ ਲਈ ਉਤਸ਼ਾਹਿਤ ਕੀਤਾ | ਪਰ ਬਰਤਾਨੀਆ ਦੇ ਯੂਰਪੀ ਸੰਘ ਤੋਂ ਵੱਖ ਹੋਣ ਤੋਂ ਬਾਅਦ ਸਥਿਤੀ ਬਦਲਣੀ ਸ਼ੁਰੂ ਹੋ ਗਈ | ਇਮੀਗ੍ਰੇਸ਼ਨ ਨੀਤੀਆਂ ਵਿਚ ਸਖ਼ਤੀ, ਮਹਿੰਗਾਈ ਵਿਚ ਲਗਾਤਾਰ ਵਾਧਾ, ਘਰਾਂ ਦੇ ਕਿਰਾਏ ਅਤੇ ਰੋਜ਼ਮਰਰਾ ਦੇ ਖਰਚਿਆਂ ਨੇ ਬਰਤਾਨੀਆ ਵਿਚ ਰਹਿਣਾ ਕਈ ਲੋਕਾਂ ਲਈ ਮੁਸ਼ਕਿਲ ਬਣਾ ਦਿੱਤਾ ਹੈ | ਇਸ ਦੇ ਉਲਟ ਪੋਲੈਂਡ ਵਿਚ ਤੇਜ਼ੀ ਨਾਲ ਵਿਕਸਿਤ ਹੋ ਰਹੀ ਅਰਥਵਿਵਸਥਾ, ਘੱਟ ਮਹਿੰਗਾਈ ਅਤੇ ਸੁਧਰਦਾ ਜੀਵਨ-ਮਿਆਰ ਬਿ੍ਟਿਸ਼ ਨਾਗਰਿਕਾਂ ਨੂੰ ਆਪਣੀ ਵੱਲ ਖਿੱਚ ਰਿਹਾ ਹੈ | ਰਿਪੋਰਟਾਂ ਅਨੁਸਾਰ ਪੋਲੈਂਡ ਦੇ ਵੱਡੇ ਸ਼ਹਿਰਾਂ ਵਿਚ ਨੌਕਰੀਆਂ ਦੇ ਮੌਕੇ ਵਧ ਰਹੇ ਹਨ ਅਤੇ ਤਨਖ਼ਾਹਾਂ ਵਿਚ ਵੀ ਲਗਾਤਾਰ ਸੁਧਾਰ ਆ ਰਿਹਾ ਹੈ | ਇਸ ਤੋਂ ਇਲਾਵਾ ਸਿਹਤ, ਸਿੱਖਿਆ ਅਤੇ ਆਵਾਜਾਈ ਵਰਗੀਆਂ ਸਹੂਲਤਾਂ ਵਿਚ ਹੋ ਰਹੇ ਵਿਕਾਸ ਨੇ ਵੀ ਵਿਦੇਸ਼ੀਆਂ ਦਾ ਭਰੋਸਾ ਵਧਾਇਆ ਹੈ | ਕਈ ਬਿ੍ਟਿਸ਼ ਨਾਗਰਿਕਾਂ ਦਾ ਕਹਿਣਾ ਹੈ ਕਿ ਪੋਲੈਂਡ ਵਿਚ ਉਹ ਘੱਟ ਖਰਚੇ 'ਚ ਬਿਹਤਰ ਜੀਵਨ ਜੀ ਰਹੇ ਹਨ | ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਰੁਝਾਨ ਹੋਰ ਤੇਜ਼ ਹੋ ਸਕਦਾ ਹੈ | ਜੇਕਰ ਬਰਤਾਨੀਆ ਵਿਚ ਮਹਿੰਗਾਈ ਅਤੇ ਰਿਹਾਇਸ਼ੀ 'ਤੇ ਕਾਬੂ ਨਾ ਪਾਇਆ ਗਿਆ, ਤਾਂ ਹੋਰ ਬਿ੍ਟਿਸ਼ ਨਾਗਰਿਕ ਵੀ ਪੂਰਬੀ ਯੂਰਪ ਦੇ ਦੇਸ਼ਾਂ ਵੱਲ ਰੁਖ ਕਰ ਸਕਦੇ ਹਨ | ਇਸ ਤਰ੍ਹਾਂ, ਜੋ ਦੇਸ਼ ਕਦੇ ਮਜ਼ਦੂਰੀ ਅਤੇ ਬਿਹਤਰ ਜੀਵਨ ਲਈ ਲੋਕ ਭੇਜਦਾ ਸੀ, ਅੱਜ ਉਹੀ ਦੇਸ਼ ਬਿ੍ਟਿਸ਼ ਨਾਗਰਿਕਾਂ ਲਈ ਨਵਾਂ ਆਕਰਸ਼ਣ ਕੇਂਦਰ ਬਣਦਾ ਜਾ ਰਿਹਾ ਹੈ |