ਨਵੀਂ ਦਿੱਲੀ, 3 ਜੂਨ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਜੀ.ਕੇ. ਨੇ ਮੁੜ ਦੋਸ਼ ਲਾਇਆ ਕਿ ਦਿੱਲੀ ਕਮੇਟੀ ਪ੍ਰਬੰਧਕਾਂ ਵਲੋਂ ਕੌਮੀ ਜਾਇਦਾਦਾਂ ਬਾਰੇ ਝੂਠ ਬੋਲ ਬੋਲ ਕੇ ਸੰਗਤਾਂ ਨੂੰ ਲਗਾਤਾਰ ਗੁਮਰਾਹ ਕੀਤਾ ਜਾ ਰਿਹਾ ਹੈ ¢ ਦਰਅਸਲ ਦਿੱਲੀ ਕਮੇਟੀ ਵਲੋਂ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲਾਂ ਦੇ ਸਿਰ ਚੜ੍ਹੇ 400 ਕਰੋੜ ਰੁਪਏ ਕਰਜ਼ੇ ਦੇ ਕਰਕੇ ਕੌਮੀ ਜਾਇਦਾਦਾਂ ਦੀ ਨੀਲਾਮੀ ਪ੍ਰਕਿਰਿਆ ਦੇ ਸੰਬੰਧ 'ਚ ਕਮੇਟੀ ਪ੍ਰਬੰਧਕਾਂ ਵੱਲੋਂ ਪ੍ਰੈੱਸ ਕਾਨਫ਼ਰੰਸ ਵਿਚ ਕੀਤੇ ਗਏ ਦਾਅਵਿਆਂ ਨੂੰ ਲੈ ਕੇ ਸਰਨਾ ਅਤੇ ਜੀ.ਕੇ. ਨੇ ਉਕਤ ਟਿੱਪਣੀ ਕੀਤੀ ਹੈ ¢ ਉਕਤ ਆਗੂਆਂ ਨੇ ਕਾਲਕਾ ਨੂੰ ਵਿਰੋਧੀ ਧਿਰ ਆਗੂਆਂ ਖ਼ਿਲਾਫ਼ ਸੋਚ ਸਮਝ ਕੇ ਬੋਲਣ ਦੀ ਚਿਤਾਵਨੀ ਦਿੰਦਿਆਂ ਸਵਾਲ ਪੁੱਛੇ ਕਿ ਕਾਲਕਾ ਇਹ ਦੱਸਣ ਕਿ ਜੇਕਰ ਕਮੇਟੀ ਕੌਮੀ ਜਾਇਦਾਦਾਂ ਦੀ ਕੀਮਤ ਲਵਾਉਣ ਨੂੰ ਤਿਆਰ ਨਹੀਂ ਹੈ, ਤਾਂ ਫਿਰ ਕਮੇਟੀ ਦੇ ਵਕੀਲਾਂ ਨੇ, ਕਮੇਟੀ ਪ੍ਰਧਾਨ ਤੇ ਜਨਰਲ ਸਕੱਤਰ ਦੀ ਮੌਜੂਦਗੀ ਵਿਚ ਕੀਮਤ ਨਿਰਧਾਰਕ ਕਰਤਾ (ਵੈਲਿਊਰ) ਦੀ ਨਿਯੁਕਤੀ ਮੌਕੇ ਦਿੱਲੀ ਹਾਈਕੋਰਟ ''ਚ ਉਸ ਨੂੰ ਸਹਿਯੋਗ ਦੇਣ ਦਾ ਭਰੋਸਾ ਕਿਉਂ ਦਿੱਤਾ ਸੀ? ਕਾਲਕਾ ਇਹ ਵੀ ਦੱਸਣ ਕਿ ਜਦੋਂ ਕੌਮੀ ਜਾਇਦਾਦਾਂ ਦੀ ਕੀਮਤ ਨਿਰਧਾਰਤ ਨਹੀਂ ਕਰਵਾਉਣੀ ਸੀ ਤਾਂ ਫਿਰ ਦਿੱਲੀ ਕਮੇਟੀ ਦੀ ਇਸਟੇਟ ਵਿਭਾਗ ਨੇ ਕੌਮੀ ਜਾਇਦਾਦਾਂ ਦੀ ਸੂਚੀ ਹਾਈਕੋਰਟ 'ਚ ਕਿਉਂ ਜਮ੍ਹਾਂ ਕਰਵਾਈ ਸੀ ? ਜੀ.ਕੇ. ਨੇ ਦਾਅਵਾ ਕੀਤਾ ਕਿ ਜਿਸ ਕਰੋਲ ਬਾਗ਼ ਦੀ ਕਥਿਤ ਪ੍ਰਾਪਰਟੀ ਨੂੰ ਵੇਚਣ ਦਾ ਪ੍ਰਧਾਨ ਤੇ ਜਨਰਲ ਸਕੱਤਰ ਮੇਰੇ 'ਤੇ ਦੋਸ਼ ਲਗਾ ਰਹੇ ਹਨ, ਇਹ ਭੁੱਲ ਜਾਂਦੇ ਹਨ ਕਿ ਉਸੇ ਝੂਠ ਬੋਲਣ ਦੇ ਕੇਸ 'ਚ ਇਹ ਪਹਿਲਾਂ ਤੋਂ ਜ਼ਮਾਨਤ 'ਤੇ ਹਨ ਤੇ ਇਨ੍ਹਾਂ ਨੂੰ ਇਸ ਝੂਠ ਬੋਲਣ ਕਰਕੇ ਸਜ਼ਾ ਹੋਣੀ ਵੀ ਤੈਅ ਹੈ ¢