ਯਮੁਨਾਨਗਰ, 3 ਜੂਨ (ਗੁਰਦਿਆਲ ਸਿੰਘ ਨਿਮਰ)-ਮੇਅਰ ਸੁਮਨ ਬਾਹਮਣੀ ਵਲੋਂ ਸ਼ਹਿਰ 'ਚ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਲਈ ਨਿਗਮ ਦੇ ਸਾਰੇ ਜੂਨੀਅਰ ਇੰਜੀਨੀਅਰਾਂ ਨਾਲ ਮੀਟਿੰਗ ਕੀਤੀ ਗਈ | ਮੀਟਿੰਗ 'ਚ ਉਨ੍ਹਾਂ ਨੇ ਵਾਰਡ ਨੰ. 1 ਤੋਂ ਲੈ ਕੇ 22 'ਚ ਜਾਰੀ ਤੇ ਮੁਕੰਮਲ ਹੋ ਚੁੱਕੇ ਵਿਕਾਸ ਕਾਰਜਾਂ ਬਾਰੇ ਵਿਸਥਾਰ 'ਚ ਵਿਚਾਰ-ਚਰਚਾ ਕੀਤੀ | ਮੇਅਰ ਨੇ ਵਾਰਡ ਵਾਈਜ਼ ਹਰੇਕ ਜੂਨੀਅਰ ਇੰਜੀਨੀਅਰ ਤੋਂ ਉਨ੍ਹਾਂ ਦੇ ਵਾਰਡਾਂ 'ਚ ਚੱਲ ਰਹੇ ਗਲੀਆਂ, ਨਾਲੀਆਂ, ਕਮਿਊਨਿਟੀ ਸੈਂਟਰਾਂ, ਪਾਰਕਾਂ ਦੇ ਸੁੰਦਰੀਕਰਨ, ਮੁਰੰਮਤ ਦੇ ਕੰਮਾਂ ਅਤੇ ਹੋਰਨਾਂ ਵਿਕਾਸ ਕਾਰਜਾਂ ਬਾਰੇ ਪ੍ਰਗਤੀ ਰਿਪੋਰਟ ਲਈ | ਇਸ ਦੇ ਨਾਲ ਹੀ ਉਨ੍ਹਾਂ ਸਾਰੇ ਜੂਨੀਅਰ ਇੰਜੀਨੀਅਰਾਂ ਨੂੰ ਹਦਾਇਤ ਕੀਤੀ ਕਿ ਉਹ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਪੂਰਾ ਕਰਨ, ਜਿਨ੍ਹਾਂ ਲਈ ਵਰਕ ਆਰਡਰ ਜਾਰੀ ਕੀਤੇ ਗਏ ਹਨ | ਇਸ ਤੋਂ ਇਲਾਵਾ ਸਾਰੇ ਜੂਨੀਅਰ ਇੰਜੀਨੀਅਰ ਵਾਰਡਾਂ 'ਚ ਜਾਰੀ ਵਿਕਾਸ ਕਾਰਜਾਂ ਦਾ ਨਿਰੀਖਣ ਕਰਨ ਅਤੇ ਹਰ ਵਿਕਾਸ ਕਾਰਜ 'ਚ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਦੇਣ | ਉਨ੍ਹਾਂ ਸਪੱਸ਼ਟ ਕੀਤਾ ਕਿ ਗੁਣਵੱਤਾ ਨਾਲ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸੇ ਦੌਰਾਨ ਮੇਅਰ ਸੁਮਨ ਬਾਹਮਣੀ ਨੇ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਵਿਕਾਸ ਕਾਰਜਾਂ ਲਈ ਅਨੁਮਾਨ ਤਿਆਰ ਕੀਤੇ ਗਏ ਹਨ, ਉਨ੍ਹਾਂ ਦੇ ਟੈਂਡਰ ਜਲਦੀ ਅਲਾਟ ਕੀਤੇ ਜਾਣ, ਜਦਕਿ ਜਿਨ੍ਹਾਂ ਵਿਕਾਸ ਕਾਰਜਾਂ ਲਈ ਕੰਮ ਅਲਾਟ ਕੀਤਾ ਗਿਆ ਹੈ, ਉਨ੍ਹਾਂ ਦੀ ਉਸਾਰੀ ਦੇ ਕੰਮ 'ਚ ਤੇਜ਼ੀ ਲਿਆਂਦੀ ਜਾਵੇ ਅਤੇ ਉਨ੍ਹਾਂ ਤੈਅ ਸਮੇਂ 'ਚ ਮੁਕੰਮਲ ਕਰਨ ਨੂੰ ਯਕੀਨੀ ਬਣਾਇਆ ਜਾਵੇ | ਉਨ੍ਹਾਂ ਸੰਬੰਧਤ ਇੰਜੀਨੀਅਰਾਂ ਤੋਂ ਨਿਗਮ ਖੇਤਰ 'ਚ ਕੀਤੇ ਜਾ ਰਹੇ ਮੁਰੰਮਤ ਦੇ ਕਾਰਜ ਬਾਰੇ ਵੀ ਪੁੱਛਗਿੱਛ ਕੀਤੀ | ਉਨ੍ਹਾਂ ਹਦਾਇਤ ਕੀਤੀ ਕਿ ਹਰੇਕ ਵਾਰਡ 'ਚ ਬਣਾਏ ਜਾ ਰਹੇ ਲੇਨਾਂ, ਨਾਲੀਆਂ, ਵਾਟਰ ਸਟੋਰਮ ਨਾਲਿਆਂ ਅਤੇ ਪਾਈਪ ਲਾਈਨਾਂ ਵਿਛਾਉਣ ਦਾ ਕੰਮ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ | ਇਸ ਤੋਂ ਇਲਾਵਾ ਸ਼ਹਿਰ 'ਚ ਜਾਰੀ ਵਿਕਾਸ ਕਾਰਜਾਂ ਦੌਰਾਨ ਕੋਈ ਲਾਪ੍ਰਵਾਹੀ ਨਾ ਵਰਤੀ ਜਾਵੇ | ਉਨ੍ਹਾਂ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਜੇਕਰ ਵਰਕ ਆਰਡਰ ਵਾਲੀ ਏਜੰਸੀ ਕੋਈ ਕੰਮ ਸ਼ੁਰੂ ਕਰਨ 'ਚ ਦੇਰੀ ਕਰਦੀ ਹੈ ਜਾਂ ਨਿਰਧਾਰਤ ਸਮੇਂ ਦੇ ਅੰਦਰ ਕੰਮ ਪੂਰਾ ਨਹੀਂ ਕਰਦੀ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ |