ਯਮੁਨਾਨਗਰ, 3 ਜੂਨ (ਗੁਰਦਿਆਲ ਸਿੰਘ ਨਿਮਰ)-ਭਾਰਤੀ ਕਮਿਊਨਿਸਟ ਪਾਰਟੀ ਦੀ 18ਵੀਂ ਰਾਜ ਪੱਧਰੀ ਕਾਨਫਰੰਸ ਦੀਆਂ ਤਿਆਰੀਆਂ ਨੂੰ ਲੈ ਕੇ ਯਮੁਨਾਨਗਰ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਦੀ ਇਕ ਵਿਸ਼ੇਸ਼ ਮੀਟਿੰਗ ਹੋਈ | ਮੀਟਿੰਗ 'ਚ ਸੂਬਾ ਪੱਧਰੀ ਕਾਨਫਰੰਸ ਦੀਆਂ ਤਿਆਰੀਆਂ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਗਈ ਅਤੇ ਨਾਲ ਹੀ ਕਾਨਫਰੰਸ ਤੋਂ ਪਹਿਲਾਂ ਹੋਣ ਵਾਲੀ ਜਨਤਕ ਮੀਟਿੰਗ ਦੀ ਤਿਆਰੀ ਲਈ ਆਏ ਸਾਰੇ ਸਾਥੀਆਂ ਨੇ ਆਪੋ ਆਪਣੇ ਵਿਚਾਰ ਰੱਖੇ | ਇਸ ਮੌਕੇ ਆਗੂਆਂ ਨੇ ਦੱਸਿਆ ਕਿ ਜਨਤਕ ਮੀਟਿੰਗ 7 ਜੂਨ ਨੂੰ ਸਵੇਰੇ 10 ਵਜੇ ਕਮਿਊਨਿਟੀ ਸੈਂਟਰ ਅਟਕ ਚੈਰੀਟੇਬਲ ਟਰੱਸਟ ਵਿਖੇ ਹੋਵੇਗੀ, ਜਿਸ ਦੇ ਮੁੱਖ ਬੁਲਾਰੇ ਅਮਰਜੀਤ ਕੌਰ ਕੇਂਦਰੀ ਸਕੱਤਰ ਭਾਰਤ ਦੀ ਕਮਿਊਨਿਸਟ ਪਾਰਟੀ ਅਤੇ ਕਾਮਰੇਡ ਬੰਤ ਸਿੰਘ ਬਰਾੜ ਸਕੱਤਰ ਪੰਜਾਬ ਰਾਜ ਹੋਣਗੇ | ਇਸ ਮੌਕੇ ਧਰਮਪਾਲ ਚੌਹਾਨ ਨੇ ਦੱਸਿਆ ਕਿ ਯਮੁਨਾਨਗਰ ਸ਼ਹਿਰ ਅਤੇ ਬਿਲਾਸਪੁਰ ਟਾਊਨ ਅਤੇ ਜ਼ਿਲ੍ਹੇ ਦੇੇ ਪਿੰਡਾਂ 'ਚ ਉਹ ਰਾਜ ਪੱਧਰੀ ਕਾਨਫਰੰਸ ਦੀਆਂ ਤਿਆਰੀਆਂ 'ਚ ਜੁਟੇ ਹੋਏ ਹਨ ਅਤੇ ਇਸ ਪ੍ਰੋਗਰਾਮ ਲਈ ਜਨਤਾ ਤੋਂ ਦਾਨ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਕਾਨਫ਼ਰੰਸ ਲਈ ਸੱਦਾ ਦਿੱਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ 7 ਜੂਨ ਦੀ ਜਨਤਕ ਮੀਟਿੰਗ 'ਚ ਯਮੁਨਾਨਗਰ ਜ਼ਿਲ੍ਹੇ ਦੇ ਹੋਰਨਾਂ ਸਥਾਨਾਂ ਤੋਂ ਸੈਂਕੜੇ ਲੋਕ ਭਾਗ ਲੈਣਗੇ | ਇਸ ਮੌਕੇ ਧਰਮਪਾਲ ਤਪਰਵਾਲ, ਕਾਮਰੇਡ ਹਰਭਜਨ ਸਿੰਘ ਸੰਧੂ, ਕਾਮਰੇਡ ਪ੍ਰਵੀਨ ਸ਼ਾਕਰਵਾਲ, ਕਾਮਰੇਡ ਵਿਪਿਨ ਬਰਾੜ, ਨਵਿੰਦਰਾ ਕੁਮਾਰ ਅਤੇ ਸੌਰਭ ਕੁਮਾਰ ਆਦਿ ਵੀ ਹਾਜ਼ਰ ਸਨ |