ਨਾਰਾਇਣਗੜ੍ਹ, 3 ਜੂਨ (ਪੀ ਸਿੰਘ)- ਹਰਿਆਣਾ ਸਿਵਲ ਸੇਵਾਵਾਂ (ਐੱਚ. ਸੀ. ਐੱਸ.) ਅਧਿਕਾਰੀ ਸ਼ਿਵਜੀਤ ਭਾਰਤੀ ਨੇ ਅੱਜ ਨਾਰਾਇਣਗੜ੍ਹ ਦੇ ਸਬ-ਡਵੀਜ਼ਨਲ ਅਫ਼ਸਰ (ਸਿਵਲ) ਵਜੋਂ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ | 2020 ਬੈਚ ਦੇ ਐੱਚ. ਸੀ. ਐੱਸ. ਅਧਿਕਾਰੀ ਸ਼ਿਵਜੀਤ ਭਾਰਤੀ ਨੂੰ ਹਰਿਆਣਾ ਸਰਕਾਰ ਨੇ ਨਾਰਾਇਣਗੜ੍ਹ ਸ਼ੂਗਰ ਮਿੱਲ ਦੇ ਸੀ. ਈ. ਓ.-ਕਮ-ਕਾਰਜਕਾਰੀ ਨਿਰਦੇਸ਼ਕ ਵਜੋਂ ਵੀ ਨਿਯੁਕਤ ਕੀਤਾ ਹੈ | ਐਸ. ਡੀ. ਐਮ. ਵਜੋਂ ਚਾਰਜ ਸੰਭਾਲਣ ਤੋਂ ਬਾਅਦ ਸ਼ਿਵਜੀਤ ਭਾਰਤੀ ਨੇ ਕਿਹਾ ਕਿ ਉਨ੍ਹਾਂ ਦੀ ਤਰਜੀਹ ਜਨਤਾ ਨੂੰ ਪਾਰਦਰਸ਼ੀ, ਸੰਵੇਦਨਸ਼ੀਲ ਅਤੇ ਪ੍ਰਭਾਵਸ਼ਾਲੀ ਪ੍ਰਸ਼ਾਸਨ ਪ੍ਰਦਾਨ ਕਰਨਾ ਹੈ ਤਾਂ ਜੋ ਲੋਕ ਹਿੱਤ 'ਚ ਯੋਜਨਾਵਾਂ ਨੂੰ ਕੁਸ਼ਲਤਾ ਨਾਲ ਲਾਗੂ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਹ ਕੋਸ਼ਿਸ਼ ਹੋਵੇਗੀ ਕਿ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਦਾ ਲਾਭ ਹਰ ਯੋਗ ਵਿਅਕਤੀ ਤੱਕ ਪਹੁੰਚੇ, ਇਸ ਲਈ ਸੰਬੰਧਤ ਵਿਭਾਗ ਲੋਕਾਂ ਨੂੰ ਆਪਣੀਆਂ ਯੋਜਨਾਵਾਂ ਬਾਰੇ ਜਾਣੂ ਕਰਵਾਉਣ | ਇਸ ਦੇ ਨਾਲ ਹੀ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਚੱਲ ਰਹੇ ਵਿਕਾਸ ਕਾਰਜ ਨਿਰਧਾਰਤ ਸਮੇਂ ਦੇ ਅੰਦਰ ਸਹੀ ਢੰਗ ਨਾਲ ਪੂਰੇ ਹੋਣ | ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਸੋਮਵਾਰ ਅਤੇ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 12 ਵਜੇ ਤੱਕ ਸਮਾਧਾਨ ਕੈਂਪ ਲਗਾ ਰਹੀ ਹੈ | ਇਨ੍ਹਾਂ ਕੈਂਪਾਂ 'ਚ ਕੋਈ ਵੀ ਵਿਅਕਤੀ ਆ ਕੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰ ਸਕਦਾ ਹੈ | ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਐਸ. ਡੀ. ਐਮ. ਦਫ਼ਤਰ ਵਿਖੇ ਆ ਕੇ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾ ਸਕਦਾ ਹੈ | ਇਸ ਤੋਂ ਪਹਿਲਾਂ ਸ਼ਿਵਜੀਤ ਭਾਰਤੀ ਹਰਿਆਣਾ ਸਰਕਾਰ ਦੇ ਵਿਜੀਲੈਂਸ ਵਿਭਾਗ 'ਚ ਡਿਪਟੀ ਸੈਕਟਰੀ ਅਤੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਵਿਭਾਗ ਦੇ ਅਧੀਨ ਐਸ. ਸੀ./ਬੀ. ਸੀ. ਅਤੇ ਅੰਤਯੋਦਯ ਸੇਵਾਵਾਂ 'ਚ ਸੰਯੁਕਤ ਨਿਰਦੇਸ਼ਕ ਵਜੋਂ ਵੀ ਸੇਵਾ ਨਿਭਾਅ ਚੁੱਕੇ ਹਨ |