ਕਾਲਾਂਵਾਲੀ/ ਸਿਰਸਾ, 4 ਜੂਨ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਧਰਮ ਦਾ ਪ੍ਰਚਾਰ ਕਰਨ ਅਤੇ ਲੋਕਾਂ ਨੂੰ ਧਰਮ ਨਾਲ ਜੋੜਨ ਲਈ ਨੌਜਵਾਨਾਂ ਦੀ ਮਦਦ ਲਵੇਗੀ, ਜੋ ਘਰ-ਘਰ ਜਾ ਕੇ ਲੋਕਾਂ ਨੂੰ ਧਰਮ ਤੇ ਗੁਰਬਾਣੀ ਨਾਲ ਜੋੜਣਗੇ | ਇਹ ਗੱਲ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਮੇਟੀ ਦੇ ਸਾਬਕਾ ਮੈਂਬਰ ਜਗਤਾਰ ਸਿੰਘ ਤਾਰੀ ਦੇ ਨਿਵਾਸ ਸਥਾਨ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ | ਉਨ੍ਹਾਂ ਕਿਹਾ ਕਿ ਹਰਿਆਣਾ ਕਮੇਟੀ ਦੀ ਨਵੀਂ ਚੁਣੀ ਗਈ ਕਾਰਜਕਾਰਨੀ ਸ਼ਲਾਘਾਯੋਗ ਕੰਮ ਕਰ ਰਹੀ ਹੈ | ਉਹਨਾਂ ਕਿਹਾ ਕਿ ਜਗਤਾਰ ਸਿੰਘ ਤਾਰੀ ਨੇ ਸ਼ੁਰੂ ਤੋਂ ਹੀ ਹਰਿਆਣਾ ਦੀ ਵੱਖਰੀ ਕਮੇਟੀ ਬਣਾਉਣ ਲਈ ਸੰਘਰਸ਼ ਕੀਤਾ ਸੀ | ਉਨ੍ਹਾਂ ਦਾ ਸਾਡੀ ਕਮੇਟੀ ਵਿੱਚ ਵਿਸ਼ੇਸ਼ ਸਥਾਨ ਹੈ, ਉਨ੍ਹਾਂ ਵੱਲੋਂ ਕਾਲਾਂਵਾਲੀ ਖੇਤਰ ਵਿੱਚ ਜੋ ਵੀ ਕੰਮ ਕਰਨ ਦੀ ਮੰਗ ਕੀਤੀ ਜਾਵੇਗੀ, ਉਹ ਕੰਮ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕਮੇਟੀ ਲੋਕਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਮੁਹਿੰਮ ਸ਼ੁਰੂ ਕਰੇਗੀ ਤਾਂ ਜੋ ਨੌਜਵਾਨ ਪੀੜ੍ਹੀ ਨਸ਼ੇ ਦੀ ਲਤ ਤੋਂ ਬਚਾਇਆ ਜਾ ਸਕੇ, ਇਸ ਤੋਂ ਇਲਾਵਾ ਸਿੱਖਿਆ ਲਈ ਵੀ ਬਿਹਤਰ ਯਤਨ ਕੀਤੇ ਜਾਣਗੇ | ਉਨ੍ਹਾਂ ਮੰਨਿਆ ਕਿ ਕੁਝ ਕਮੀਆਂ ਕਾਰਨ ਸਿੱਖ ਧਰਮ ਦੇ ਲੋਕ ਡੇਰਾਵਾਦ ਵੱਲ ਚਲੇ ਗਏ ਸਨ, ਪਰ ਹੁਣ ਉਨ੍ਹਾਂ ਕਮੀਆਂ ਨੂੰ ਦੂਰ ਕਰਨ ਦੇ ਯਤਨ ਕੀਤੇ ਜਾਣਗੇ ਅਤੇ ਲੋਕਾਂ ਨੂੰ ਗੁਰੂ ਦੇ ਬਚਨਾਂ ਨਾਲ ਜੋੜਿਆ ਜਾਵੇਗਾ, ਜਿਸ ਲਈ ਪ੍ਰਚਾਰ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ 12 ਮਈ ਨੂੰ ਕੁਰੂਕਸ਼ੇਤਰ ਵਿੱਚ ਕਮੇਟੀ ਵੱਲੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਵਸ ਬਹੁਤ ਸ਼ਰਧਾ ਨਾਲ ਮਨਾਇਆ ਜਾਵੇਗਾ, ਜਿਸ ਵਿੱਚ ਮਹਾਨ ਕੀਰਤਨ ਦਰਬਾਰ ਆਯੋਜਿਤ ਕੀਤੇ ਜਾਣਗੇ, ਸਿੱਖ ਸੰਗਤ ਨੂੰ ਇਸ ਇਕੱਠ ਵਿੱਚ ਜ਼ਰੂਰ ਸ਼ਾਮਲ ਹੋਣਾ ਚਾਹੀਦਾ ਹੈ | ਇਸ ਮੌਕੇ ਐਚਐਸਜੀਪੀਸੀ ਮੈਂਬਰ ਕੁਲਦੀਪ ਸਿੰਘ ਫੱਗੂ, ਅੰਗਰੇਜ ਸਿੰਘ ਰਾਣੀਆਂ, ਬਲਬਿੰਦਰ ਸਿੰਘ ਖਾਲਸਾ ਹਿਸਾਰ, ਮਾਸਟਰ ਸੁਖਦਰਸ਼ਨ ਸਿੰਘ, ਐਡਵੋਕੇਟ ਗੁਰਮੀਤ ਸਿੰਘ ਖਾਲਸਾ, ਬਹਾਦਰ ਸਿੰਘ ਸੋਨੀ, ਤਰਸੇਮ ਸਿੰਘ ਸੋਨੀ, ਰਣਜੀਤ ਸਿੰਘ ਸੋਨੀ, ਕੁਲਦੀਪ ਸਿੰਘ ਤਿਲੋਕੇਵਾਲਾ, ਜੀਪੀ ਰਤਨ, ਬਿੰਦਰ ਸਿੰਘ ਖਾਲਸਾ, ਦਲਜੀਤ ਸਿੰਘ, ਹਰਵਿੰਦਰ ਸਿੰਘ ਗਿੱਲ, ਸ਼ਮਸ਼ੇਰ ਸਿੰਘ ਚੋਰਮਾਰ, ਦੀਪੂ ਧਰਮਪੁਰਾ ਆਦਿ ਹਾਜ਼ਰ ਸਨ |
ਨੌਜਵਾਨਾਂ ਦੀ ਮਦਦ ਨਾਲ ਲੋਕਾਂ ਨੂੰ ਸਿੱਖ ਧਰਮ ਨਾਲ ਜੋੜਿਆ ਜਾਵੇਗਾ : ਜਥੇਦਾਰ ਝੀਂਡਾ <br/>
ਕਾਲਾਂਵਾਲੀ 'ਚ ਹਰਿਆਣਾ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਦਾ ਸਵਾਗਤ ਕਰਦੇ ਹੋਏ ਮੰਡੀ ਵਾਸੀ | ਤਸਵੀਰ : ਪੰਨੀਵਾਲੀਆ<br/>
05-06-2025