ਕਰਨਾਲ, 1 ਸਤੰਬਰ (ਗੁਰਮੀਤ ਸਿੰਘ ਸੱਗੂ)-ਪਿਛਲੇ ਦਿਨਾਂ ਤੋਂ ਭਾਰੀ ਮੀਂਹ ਪੈਣ ਕਰਕੇ ਪੰਜਾਬ ਅਤੇ ਹਰਿਆਣਾ ਅੰਦਰ ਹੜ੍ਹਾਂ ਦੀ ਮਾਰ ਪੈ ਰਹੀ ਹੈ | ਪੰਜਾਬ ਇਸ ਸਮੇਂ ਸਭ ਤੋਂ ਵੱਡੀ ਤ੍ਰਾਸਦੀ ਨਾਲ ਜੂਝ ਰਿਹਾ ਹੈ ਕਿਉਂਕਿ ਪੰਜਾਬ ਦੇ ਲਗਪਗ 500 ਤੋਂ ਜ਼ਿਆਦਾ ਪਿੰਡ ਅਤੇ 300 ਤੋਂ ਜ਼ਿਆਦਾ ਸਕੂਲ ਤਬਾਹ ਹੋ ਚੁੱਕੇ ਹਨ ਤੇ ਤਕਰੀਬਨ 6 ਲੱਖ ਏਕੜ ਫ਼ਸਲ ਪਾਣੀ 'ਚ ਡੁੱਬ ਚੁੱਕੀ ਹੈ ਤੇ ਕਰੀਬ 2 ਲੱਖ ਤੋਂ ਵੱਧ ਪਸ਼ੂ ਪਾਣੀ 'ਚ ਰੁੜ੍ਹ ਚੁੱਕੇ ਹਨ | ਹੁਣ ਤੱਕ 5300 ਲੋਕਾਂ ਨੂੰ ਰੈਸਕਿਊ ਕੀਤਾ ਜਾ ਚੁੱਕਾ ਹੈ | ਪੰਜਾਬ ਦੇ ਹੁਣ 7 ਤੋਂ 8 ਜ਼ਿਲ੍ਹੇ ਪਾਣੀ ਦੀ ਲਪੇਟ 'ਚ ਆ ਚੁੱਕੇ ਹਨ | ਇਨ੍ਹਾਂ ਹਾਲਾਤ ਨੂੰ ਵੇਖਦੇ ਹੋਏ ਐਸ. ਜੀ. ਪੀ. ਸੀ. ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾ ਮੁਤਾਬਕ ਐਸ. ਜੀ. ਪੀ. ਸੀ. ਅਧੀਨ ਆਉਂਦੇ ਸਮੂਹ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੂੰ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਆਦੇਸ਼ ਜਾਰੀ ਕੀਤੇ ਗਏ ਹਨ ਅਤੇ ਉਨ੍ਹਾਂ ਨੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਸੰਪਰਕ ਨੰਬਰ ਸੋਸ਼ਲ ਮੀਡੀਆ 'ਤੇ ਜਾਰੀ ਕਰ ਦਿੱਤੇ ਹਨ ਤਾਂ ਕਿ ਹੜ੍ਹ ਪੀੜਤਾਂ ਨੂੰ ਮੁੱਢਲੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ | ਪ੍ਰਧਾਨ ਐਡਵੋਕੇਟ ਧਾਮੀ ਵਲੋਂ ਲਗਾਤਾਰ ਹੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਜਾ ਰਿਹਾ ਹੈ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਅਧੀਨ ਹਰਿਆਣਾ ਸਿੱਖ ਮਿਸ਼ਨ ਕੁਰੂਕਸ਼ੇਤਰ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਵੀ ਪੂਰੇ ਭਾਰਤ 'ਚ ਕਿਧਰੇ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਸ਼੍ਰੋਮਣੀ ਕਮੇਟੀ ਮੁੱਢਲੀ ਸਹਾਇਤਾ ਮੁਹੱਈਆ ਕਰਵਾਉਂਦੀ ਹੈ | ਇਸੇ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵੀ ਲਗਾਤਾਰ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਵਲੋਂ ਲੋਕਾਂ ਦੀ ਮੰਗ ਮੁਤਾਬਕ 40,000 ਲੀਟਰ ਤੋਂ ਵੱਧ ਡੀਜ਼ਲ, ਪੰਪ, ਪਾਈਪਾਂ ਤੇ ਹੋਰ ਲੋੜੀਂਦਾ ਸਾਮਾਨ ਵੰਡਿਆ ਜਾ ਚੁੱਕਾ ਹੈ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਹੜ੍ਹ ਪ੍ਰਭਾਵਿਤਾਂ ਦੀ ਸਹਾਇਤਾ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦਾ ਅਕਾਊਾਟ ਨੰਬਰ ਵੀ ਜਾਰੀ ਕੀਤਾ ਗਿਆ ਹੈ ਤੇ ਸੰਗਤਾਂ ਇਸ ਅਕਾਊਾਟ 'ਚ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਦਸਵੰਧ ਭੇਜ ਸਕਦੀਆਂ ਹਨ |