ਨਵੀਂ ਦਿੱਲੀ, 23 ਸਤੰਬਰ (ਮਿਸਰਦੀਪ ਭਾਟੀਆ)-ਸੁਪਰੀਮ ਕੋਰਟ ਮੈਟਰੋ ਸਟੇਸ਼ਨ 'ਤੇ ਮੰਗਲਵਾਰ ਨੂੰ ਇਕ ਔਰਤ ਪਟੜੀ 'ਤੇ ਡਿੱਗ ਪਈ | ਇਹ ਦੇਖ ਕੇ ਉੱਥੇ ਮੌਜੂਦ ਯਾਤਰੀਆਂ ਨੇ ਚੀਕ-ਚਿਹਾੜਾ ਪਾਇਆ | ਰੌਲਾ ਸੁਣ ਕੇ ਸੀ ਆਈ ਐਸ ਐਫ ਅਤੇ ਮੈਟਰੋ ਦੇ ਕਰਮਚਾਰੀ ਦੋੜ੍ਹ ਕੇ ਆਏ | ਔਰਤ ਨੂੰ ਕਿਸੇ ਤਰ੍ਹਾਂ ਬਾਹਰ ਕੱਢਿਆ ਅਤੇ ਉਸ ਨੂੰ ਹਸਪਤਾਲ ਲੈ ਗਏ | ਇਹ ਸਾਰੀ ਘਟਨਾ ਸਾਹਮਣੇ ਲੱਗੇ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋ ਗਈ | ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਕੌਣ ਹੈ | ਇਥੇ ਕੀ ਕਰਨ ਆਈ ਸੀ? ਕਿੱਥੇ ਜਾ ਰਹੀ ਸੀ | ਪੁਲਿਸ ਉਸਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ | ਔਰਤ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ | ਡਾਕਟਰ ਉਸਦਾ ਇਲਾਜ ਕਰ ਰਹੇ ਹਨ | ਪੁਲਿਸ ਸੀ ਸੀ ਟੀ ਵੀ ਫੁਟੇਜ ਦੀ ਜਾਂਚ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਹ ਖੁਦਕੁਸ਼ੀ ਕਰਨ ਆਈ ਸੀ | ਉਸ ਨੇ ਜਾਣਬੁੱਝ ਕੇ ਛਾਲ ਤਾਂ ਨਹੀਂ ਮਾਰੀ | ਚਸ਼ਮਦੀਦਾਂ ਦਾ ਕਹਿਣਾ ਹੈ ਕਿ ਉਹ ਕਾਫੀ ਸਮੇਂ ਤੋਂ ਮੈਟਰੋ ਸਟੇਸ਼ਨ ਦੇ ਨੇੜੇ ਖੜ੍ਹੀ ਸੀ |