ਨਵੀਂ ਦਿੱਲੀ, 18 ਅਕਤੂਬਰ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਤੇ ਬੁਲਾਰੇ ਗੁਰਮੀਤ ਸਿੰਘ ਸ਼ੰਟੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਚੁਨੌਤੀ ਦਿੱਤੀ ਹੈ ਕਿ ਜੇਕਰ ਹਿੰਮਤ ਹੈ ਤਾਂ ਦਿੱਲੀ ਕਮੇਟੀ ਦਾ ਜਨਰਲ ਹਾਊਸ ਬੁਲਾ ਕੇ 'ਸ਼ਰਾਬ' ਪੀਣ ਵਾਲੇ ਮੈਂਬਰਾਂ ਦੀ ਮੈਂਬਰੀ ਰੱਦ ਕੀਤੀ ਜਾਵੇ | ਇੱਥੇ ਹੀ ਬਸ ਨਹੀਂ ਬਲਕਿ ਸ.ਸ਼ੰਟੀ ਨੇ ਸ. ਕਾਲਕਾ ਨੂੰ ਇਹ ਵੀ ਚੁਨੌਤੀ ਦਿੱਤੀ ਹੈ ਕਿ ਸਾਡੀ ਪਾਰਟੀ (ਸ਼੍ਰੋਮਣੀ ਅਕਾਲੀ ਦਲ) ਅਤੇ ਤੁਹਾਡੀ ਪਾਰਟੀ (ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ) ਯਾਨੀ ਦੋਵਾਂ ਪਾਰਟੀਆਂ ਦੇ ਆਗੂ ਰਲ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੂਹਰੇ ਅਰਦਾਸ ਕਰਨ ਕਿ ਅਗਲੀਆਂ ਗੁਰਦੁਆਰਾ ਚੋਣਾਂ ਵਿਚ ਕਿਸੀ ਵੀ ਸ਼ਰਾਬ ਪੀਣ ਵਾਲੇ ਵਿਅਕਤੀ ਨੂੰ ਉਮੀਦਵਾਰ ਨਹੀਂ ਬਣਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਜਿਹੜੀ ਵੀ ਪਾਰਟੀ ਸ਼ਰਾਬ ਪੀਣ ਵਾਲੇ ਨੂੰ ਉਮੀਦਵਾਰ ਬਣਾਏਗੀ ਉਹ ਪਾਰਟੀ, ਗੁਰੂ ਤੇ ਸੰਗਤਾਂ ਦੀ ਗੁਨਾਹਗਾਰ ਹੋਏਗੀ | ਇਸ ਮੌਕੇ ਉਨ੍ਹਾਂ ਦਿੱਲੀ ਸਰਕਾਰ ਦੇ ਇੱਕ ਮੰਤਰੀ 'ਤੇ ਵੀ ਤਨਜ਼ ਕਸਦਿਆਂ ਕਿਹਾ ਕਿ ਜਿਸ ਦਿਨ ਮੌਜੂਦਾ ਕਮੇਟੀ ਪ੍ਰਬੰਧ ਤੋਂ ਬਾਹਰ ਹੋਈ, ਉਸ ਦਿਨ ਉਸ ਮੰਤਰੀ ਦੀ ਬੁਨਿਆਦ ਵੀ ਹਿੱਲ ਜਾਵੇਗੀ | ਦੱਸਣਯੋਗ ਹੈ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਦਿੱਲੀ ਦੇ ਇੰਡੀਆ ਹੈਬੀਟੇਟ ਸੈਂਟਰ ਵਿਖੇ ਕਰਾਏ ਜਾਣ ਨੂੰ ਲੈ ਕੇ ਦਿੱਲੀ ਕਮੇਟੀ ਪ੍ਰਬੰਧਕਾਂ ਵੱਲੋਂ ਇਤਰਾਜ਼ ਜਤਾਉਂਦੇ ਕਿਹਾ ਗਿਆ ਕਿ ਇਸ ਦੇ ਕਈ ਹਿੱਸਿਆਂ 'ਚ ਸ਼ਰਾਬ ਦਾ ਸੇਵਨ ਹੁੰਦਾ ਹੈ, ਇਸ ਲਈ ਸੈਮੀਨਾਰ ਹੋਰ ਕਿਧਰੇ ਕਰਵਾਇਆ ਜਾਵੇ ¢