ਕਿਸਾਨਾਂ ਨੇ ਬਿਜਲੀ ਤੇ ਬੀਜ ਬਿੱਲ ਦੀਆਂ ਕਾਪੀਆਂ ਸਾੜੀਆਂ
ਅਜੀਤ ਡੈਸਕ
09-12-2025
ਸਿਰਸਾ, 8 ਦਸੰਬਰ (ਭੁਪਿੰਦਰ ਪੰਨੀਵਾਲੀਆ)- ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਕਿਸਾਨਾਂ ਨੇ ਬਿਜਲੀ ਤੇ ਬੀਜ ਬਿੱਲ 2025 ਦੀਆਂ ਕਾਪੀਆਂ ਸਾੜ ਕੇ ਕੇਂਦਰ ਸਰਕਾਰ ਤੋਂ ਇਨ੍ਹਾਂ ਬਿੱਲਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ | ਇਸ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜੋਰਦਾਰ ਨਾਅਰੇਬਾਜੀ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਇਹ ਬਿੱਲ ਵਾਪਸ ਨਾ ਲਏ ਗਏ ਤਾਂ ਕਿਸਾਨ ਤਿੱਖਾ ਅੰਦੋਲਨ ਕਰਨ ਲਈ ਮਜ਼ਬੂਰ ਹੋਣਗੇ | ਪਿੰਡ ਕਰੀਵਾਲਾ ਵਿਚ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਸਭਾ ਦੇ ਹਰਿਆਣਾ ਦੇ ਸਰਪਰਸਤ ਸੁਵਰਨ ਸਿੰਘ ਵਿਰਕ ਨੇ ਕਿਹਾ ਕਿ ਬਿਜਲੀ ਬਿੱਲ 2025 ਅਤੇ ਬੀਜ ਬਿੱਲ 2025 ਕਿਸਾਨ, ਮਜ਼ਦੂਰ ਤੇ ਆਮ ਲੋਕਾਂ ਦੇ ਵਿਰੁੱਧ ਹੈ | ਉਨ੍ਹਾਂ ਨੇ ਕਿਹਾ ਕਿ ਸਰਕਾਰ ਬਿਜਲੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ | ਉਨ੍ਹਾਂ ਨੇ ਕਿਹਾ ਕਿ ਸਰਕਾਰ ਪ੍ਰੀਪੇਡ ਮੀਟਰ ਲਾ ਰਹੀ ਹੈ ਜਿਸ ਨਾਲ ਬਿਜਲੀ ਗਰੀਬ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ ਉਥੇ ਹੀ ਕਿਸਾਨਾਂ ਨੂੰ ਮਿਲਣ ਵਾਲੀ ਸਬਸਿਡੀ ਨੂੰ ਵੀ ਖਤਮ ਕਰ ਦਿੱਤਾ ਜਾਵੇਗਾ | ਇਸੇ ਤਰ੍ਹਾਂ ਬੀਜ ਬਿੱਲ ਵੀ ਕਿਸਾਨ ਵਿਰੋਧੀ ਹੈ | ਕਿਸਾਨ ਆਪਣੀ ਫ਼ਸਲ ਤੋਂ ਬੀਜ ਤਿਆਰ ਨਹੀਂ ਕਰ ਸਕੇਗਾ | ਕੰਪਨੀਆਂ ਵੱਲੋਂ ਬੀਜ ਤਿਆਰ ਕੀਤੇ ਜਾਣਗੇ ਜੋ ਕਿਸਾਨਾਂ ਨੂੰ ਆਪਣੀ ਮਨ ਮਰਜੀ ਦੇ ਰੇਟਾਂ 'ਤੇ ਦੇਣਗੇ | ਉਨ੍ਹਾਂ ਨੇ ਕਿਹਾ ਕਿ ਇਹ ਦੋਵੇਂ ਬਿੱਲ ਜਿਥੇ ਕਿਸਾਨ ਮਜ਼ਦੂਰ ਵਿਰੋਧ ਹਨ ਉਥੇ ਹੀ ਆਮ ਲੋਕਾਂ ਦੇ ਵੀ ਖਿਲਾਫ ਹਨ | ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਹ ਦੋਵੇਂ ਬਿੱਲ ਵਾਪਸ ਨਾ ਲਏ ਗਏ ਤਾਂ ਕਿਸਾਨ ਜਥੇਬੰਦੀਆਂ ਤਿੱਖਾ ਅੰਦੋਲਨ ਕਰਨ ਲਈ ਮਜ਼ਬੂਰ ਹੋਣਗੀਆਂ | ਇਸ ਮੌਕੇ 'ਤੇ ਹਰਿਆਣਾ ਕਿਸਾਨ ਸਭਾ ਦੇ ਸਕੱਤਰ ਡਾ. ਸੁਖਦੇਵ ਸਿੰਘ ਜੰਮੂ, ਬਲਰਾਜ ਸਿੰਘ ਬਣੀ, ਕਸ਼ਮੀਰ ਸਿੰਘ ਕਰੀਵਾਲਾ, ਹੀਰਾ ਸਿੰਘ ਦਰਦ ਆਦਿ ਨੇ ਸੰਬੋਧਨ ਕੀਤਾ | ਇਸ ਮੌਕੇ 'ਤੇ ਵੱਡੀ ਗਿਣਤੀ 'ਚ ਕਿਸਾਨ, ਮਜ਼ਦੂਰ ਮੌਜੂਦ ਸਨ |