ਨਕੋਦਰ, 20 ਦਸੰਬਰ (ਤਿਲਕ ਰਾਜ ਸ਼ਰਮਾ)-ਬਲਾਕ ਸੰਮਤੀ ਨਕੋਦਰ ਜ਼ੋਨ ਨੰਬਰ 7 ਲਿੱਤਰਾਂ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਦੀ ਜਿੱਤ ਦੀ ਥਾਂ ਬਸਪਾ ਵਲੋਂ ਆਪਣੀ ਪਾਰਟੀ ਦੀ ਉਮੀਦਵਾਰ ਦੀ ਜਿੱਤ ਦੇ ਦਾਅਵੇ ਨੂੰ ਲੈ ਕੇ ਪ੍ਰਸ਼ਾਸਨ ਖ਼ਿਲਾਫ਼ ਚੋਣ ਨਤੀਜਿਆਂ ਦੀ ਰਾਤ ਤੋਂ ਲੈ ਕੇ ਅੱਜ ਤੱਕ ਰੋਸ ਜਾਰੀ ਚੱਲ ਰਿਹਾ ਹੈ | ਬਸਪਾ ਵਲੋਂ ਆਪਣੀ ਪਾਰਟੀ ਉਮੀਦਵਾਰ ਪੁਸ਼ਪਾ ਰਾਣੀ ਦੇ ਹੱਕ ਵਿਚ ਉਸ ਦੀ ਜਿੱਤ ਦੀ ਮੰਗ ਨੂੰ ਲੈ ਕੇ ਐਸ. ਡੀ. ਐਮ. ਦਫ਼ਤਰ ਮੂਹਰੇ ਸੜਕ 'ਤੇ ਚੱਕਾ ਜਾਮ ਕਰਕੇ ਧਰਨਾ ਲਗਾ ਦਿੱਤਾ | ਬਸਪਾ ਵਰਕਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਬਸਪਾ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜ਼ੋਨ ਨੰ. 7 ਲਿੱਤਰਾਂ ਤੋਂ ਪਾਰਟੀ ਉਮੀਦਵਾਰ ਵੋਟਾਂ ਦੀ ਗਿਣਤੀ ਵੇਲੇ ਜੇਤੂ ਰਹੀ ਸੀ ਤੇ ਉਨ੍ਹਾਂ ਨੂੰ ਸ਼ਾਮ 6.30 ਵਜੇ ਆਪਣਾ ਸਰਟੀਫਿਕੇਟ ਲੈਣ ਲਈ ਕਿਹਾ ਗਿਆ ਸੀ, ਜਦੋਂ ਸ਼ਾਮ ਸਮੇਂ ਉਨ੍ਹਾਂ ਦੀ ਬਸਪਾ ਉਮੀਦਵਾਰ ਆਪਣਾ ਜੇਤੂ ਸਰਟੀਫਿਕੇਟ ਲੈਣ ਗਈ ਤਾਂ ਉਸ ਦੀ ਜਗ੍ਹਾ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੇਤੂ ਦੱਸੀ ਗਈ, ਜੋ ਸਰਾਸਰ ਧੱਕਾ ਹੈ | ਬਸਪਾ ਆਗੂਆਂ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੇਤੂ ਨਹੀਂ ਹੈ | ਆਗੂਆਂ ਨੇ ਕਿਹਾ ਕਿ ਜਦ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ ਧਰਨਾ ਜਾਰੀ ਰਹੇਗਾ | ਧਰਨਾ ਭਾਰੀ ਧੁੰਦ ਦੇ ਬਾਵਜੂਦ ਵੀ ਜਾਰੀ ਰਿਹਾ | ਦੇਰ ਸ਼ਾਮ ਐਸ. ਡੀ. ਐਮ. ਨਕੋਦਰ ਵਲੋਂ ਭਰੋਸਾ ਦਿੱਤੇ ਜਾਣ 'ਤੇ ਧਰਨਾ ਸਮਾਪਤ ਕੀਤਾ ਗਿਆ | ਬਸਪਾ ਆਗੂਆਂ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਗੁਰਮੇਲ ਚੁੰਬਰ, ਜਗਦੀਸ਼ ਸ਼ੇਰਪੁਰੀ, ਮੰਗਾ ਰਾਮ ਸ਼ੈਂਟੀ, ਰਾਮਦਾਸ ਸਰਪੰਚ ਮਾਹੂੰਵਾਲ, ਮਲਕੀਤ ਚੁੰਬਰ, ਵਿਜੇ ਮੰਡਾਸ, ਲਛਮਣ ਦਾਸ, ਕਸ਼ਮੀਰੀ ਲਾਲ, ਰਮੇਸ਼ ਬੰਗੜ, ਸੁਦੇਸ਼ ਚਾਹਲ ਤੇ ਤਰਸੇਮ ਬੰਗੜ ਸਮੇਤ ਅਨੇਕ ਵਰਕਰ ਹਾਜ਼ਰ ਸਨ |