ਗੂਹਲਾ ਚੀਕਾ (ਕੈਥਲ), 22 ਦਸੰਬਰ (ਓ.ਪੀ. ਸੈਣੀ)-ਹਰਿਆਣਾ ਸਰਕਾਰ ਵਲੋਂ ਮੰਗਲਵਾਰ 23 ਦਸੰਬਰ ਨੂੰ ਪਿੰਡ ਚੂਹੜਮਾਜਰਾ ਵਿਚ ਹੋਣ ਵਾਲੇ ਜਗਤ ਗੁਰੂ ਸਵਾਮੀ ਬ੍ਰਹਮਾਨੰਦ ਸਰਸਵਤੀ ਦੇ ਰਾਜ ਪੱਧਰੀ ਜਨਮ ਦਿਵਸ ਸਮਾਰੋਹ ਲਈ ਇਕ ਵਿਸ਼ਾਲ ਪੰਡਾਲ ਸਜਾਇਆ ਗਿਆ ਹੈ | ਸਾਰੀਆਂ ਪ੍ਰਸ਼ਾਸਕੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ | ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ | ਸਮਾਰੋਹ ਨੂੰ ਲੈ ਕੇ ਪਿੰਡ ਚੂਹੜਮਾਜਰਾ ਅਤੇ ਪੂਰੇ ਕੈਥਲ ਜ਼ਿਲ੍ਹੇ 'ਚ ਬਹੁਤ ਉਤਸ਼ਾਹ ਹੈ | ਸੋਮਵਾਰ ਨੂੰ ਡੀ.ਸੀ. ਅਪਰਾਜਿਤਾ ਅਤੇ ਐਸ.ਪੀ. ਉਪਾਸਨਾ ਨੇ ਹੋਰ ਪ੍ਰਸਾਸ਼ਨਿਕ ਅਧਿਕਾਰੀਆਂ ਦੇ ਨਾਲ ਸਥਾਨ ਦਾ ਦੌਰਾ ਕੀਤਾ | ਉਨ੍ਹਾਂ ਨੇ ਸੁਰੱਖਿਆ ਪ੍ਰਬੰਧਾਂ ਤੋਂ ਲੈ ਕੇ ਜਨਤਕ ਸਹੂਲਤਾਂ ਤੱਕ ਹਰ ਚੀਜ਼ ਦਾ ਜਾਇਜ਼ਾ ਲਿਆ | ਡੀ.ਸੀ. ਨੇ ਸਪਸ਼ਟ ਕੀਤਾ ਕਿ ਇਹ ਸਮਾਗਮ ਬਹੁਤ ਖੁਸ਼ੀ ਅਤੇ ਸ਼ਰਧਾ ਨਾਲ ਮਨਾਇਆ ਜਾਵੇਗਾ, ਜਿਸ ਲਈ ਪੂਰੇ ਕੰਪਲੈਕਸ ਨੂੰ ਇਕ ਸ਼ਾਨਦਾਰ ਦਿਖ ਦਿੱਤੀ ਗਈ ਹੈ | ਜ਼ਿਲ੍ਹਾ ਪ੍ਰਸ਼ਾਸਨ ਨੇ ਸਮਾਰੋਹ ਨੂੰ ਸੁਚਾਰੂ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰਬੰਧ ਕੀਤੇ ਹਨ | ਮੁੱਖ ਪੰਡਾਲ ਨੂੰ 6 ਸੈਕਟਰਾਂ 'ਚ ਵੰਡਿਆ ਗਿਆ ਹੈ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ | ਮੁੱਖ ਸਟੇਜ ਦੇ ਨਾਲ-ਨਾਲ, ਸੰਤਾਂ ਅਤੇ ਸਭਿਆਚਾਰਕ ਕਲਾਕਾਰਾਂ ਲਈ ਵੱਖਰੇ ਪਲੇਟਫ਼ਾਰਮ ਤਿਆਰ ਕੀਤੇ ਗਏ ਹਨ | ਵੀਆਈਪੀਜ ਅਤੇ ਆਮ ਜਨਤਾ ਲਈ ਵੱਖਰੇ ਪ੍ਰਵੇਸ਼ ਦੁਆਰ ਦਾ ਪ੍ਰਬੰਧ ਕੀਤਾ ਗਿਆ ਹੈ | ਉਨ੍ਹਾਂ ਅੱਗੇ ਕਿਹਾ ਕਿ ਸਮਾਗਮ ਸਥਾਨ 'ਤੇ ਇਕ ਪ੍ਰੈੱਸ ਗੈਲਰੀ, ਮੀਡੀਆ ਗੈਲਰੀ ਅਤੇ ਇਕ ਵਿਸ਼ਾਲ ਪ੍ਰਦਰਸ਼ਨੀ ਖੇਤਰ ਵੀ ਬਣਾਇਆ ਗਿਆ ਹੈ | ਸਮਾਗਮ ਸਥਾਨ 'ਤੇ 108 ਹਵਨ ਕੁੰਡ ਬਣਾਏ ਗਏ ਹਨ, ਜਿੱਥੇ ਹਵਨ ਯੱਗ ਸਵੇਰੇ 10 ਵਜੇ ਸ਼ੁਰੂ ਹੋਵੇਗਾ | ਹਜ਼ਾਰਾਂ ਸ਼ਰਧਾਲੂ ਸਮੂਹਿਕ ਤੌਰ 'ਤੇ ਇਨ੍ਹਾਂ ਕੁੰਡਾਂ 'ਚ ਭੇਂਟ ਚੜ੍ਹਾ ਕੇ ਜਗਤ ਗੁਰੂ ਸਵਾਮੀ ਬ੍ਰਹਮਾਨੰਦ ਸਰਸਵਤੀ ਨੂੰ ਸ਼ਰਧਾਂਜਲੀ ਦੇਣਗੇ | ਐਸ.ਪੀ. ਉਪਾਸਨਾ ਨੇ ਪੁਲਿਸ ਅਧਿਕਾਰੀਆਂ ਨਾਲ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਜ਼ਰੂਰੀ ਨਿਰਦੇਸ਼ ਜਾਰੀ ਕੀਤੇ | ਉਨ੍ਹਾਂ ਕਿਹਾ ਕਿ ਸਮਾਗਮ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਲੋੜੀਂਦੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ | ਇਸ ਮੌਕੇ ਏਡੀਸੀ ਸੁਸ਼ੀਲ ਕੁਮਾਰ, ਡੀਐਮਸੀ ਕਪਿਲ ਸ਼ਰਮਾ, ਸੀਈਓ ਜ਼ਿਲ੍ਹਾ ਪ੍ਰੀਸ਼ਦ ਸੁਰੇਸ਼ ਰਵੀਸ, ਐਮਡੀ ਸ਼ੂਗਰ ਮਿੱਲ ਕਿ੍ਸ਼ਨਾ ਕੁਮਾਰ, ਗੂਹਲਾ ਐਸਡੀਐਮ ਕੈਪਟਨ ਪ੍ਰਮੇਸ਼ ਕੁਮਾਰ, ਕਲਾਇਤ ਐਸਡੀਐਮ ਅਜੇ ਹੁੱਡਾ ਅਤੇ ਹੋਰ ਅਧਿਕਾਰੀ ਮੌਜੂਦ ਸਨ | ਡਿਊਟੀ ਮੈਜਿਸਟ੍ਰੇਟ ਨਿਯੁਕਤ ਡੀਸੀ ਅਪਰਾਜਿਤਾ ਨੇ ਕਿਹਾ ਕਿ ਸਟੇਜ, ਪਾਰਕਿੰਗ ਅਤੇ ਵੱਖ-ਵੱਖ ਸੈਕਟਰਾਂ ਲਈ ਵੱਖਰੇ ਡਿਊਟੀ ਮੈਜਿਸਟ੍ਰੇਟ ਤਾਇਨਾਤ ਕੀਤੇ ਗਏ ਹਨ |