ਕਾਲਾਂਵਾਲੀ/ਸਿਰਸਾ, 29 ਦਸੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਵਿੱਚ ਚੋਰੀਆਂ ਨੂੰ ਰੋਕਣ ਲਈ ਪੁਲਿਸ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਹਿੱਸੇ ਵਜੋਂ ਥਾਣਾ ਕਾਲਾਂਵਾਲੀ ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਬੇਕਰੀ ਤੋਂ ਨਕਦੀ ਚੋਰੀ ਦਾ ਪਰਦਾਫਾਸ਼ ਕੀਤਾ | ਕੁਝ ਘੰਟਿਆਂ ਦੇ ਅੰਦਰ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਅਤੇ ਉਸਦੇ ਕਬਜ਼ੇ ਵਿੱਚੋਂ ਚੋਰੀ ਕੀਤੀ ਗਈ ਨਕਦੀ ਬਰਾਮਦ ਕਰ ਲਈ ਗਈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਹਰਪ੍ਰੀਤ ਸਿੰਘ, ਵਾਸੀ ਬੜਾਗੁੜਾ ਵਜੋਂ ਹੋਈ ਹੈ | ਥਾਣਾ ਇੰਚਾਰਜ ਪ੍ਰਵੀਨ ਕੁਮਾਰ ਨੇ ਦੱਸਿਆ ਕਿ 28 ਦਸੰਬਰ, 2025 ਨੂੰ ਸ਼ਿਕਾਇਤਕਰਤਾ ਵਿਸ਼ਾਲ ਕੁਮਾਰ ਵਾਸੀ ਲੰਬੀ, ਸਿਰਸਾ ਜ਼ਿਲ੍ਹੇ ਨੇ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਪੰਜਾਬ ਬੱਸ ਸਟੈਂਡ ਦੇ ਨੇੜੇ ਬਾਜ਼ਾਰ ਵਿੱਚ ਸ਼੍ਰੀ ਕਿ੍ਸ਼ਨਾ ਬੇਕਰੀ ਨਾਮ ਦੀ ਇੱਕ ਦੁਕਾਨ ਦਾ ਮਾਲਕ ਹੈ | 28 ਦਸੰਬਰ ਨੂੰ ਦੁਪਹਿਰ 12:30 ਵਜੇ ਜਦੋਂ ਉਸਦੀ ਮਾਂ ਦੁਕਾਨ 'ਤੇ ਇਕੱਲੀ ਸੀ ਤਾਂ ਮੁਲਜ਼ਮ ਸਾਮਾਨ ਖਰੀਦਣ ਦੇ ਬਹਾਨੇ ਦੁਕਾਨ ਵਿੱਚ ਦਾਖਲ ਹੋਇਆ ਅਤੇ ਦੁਕਾਨ ਤੋਂ ਨਕਦੀ ਚੋਰੀ ਕਰ ਲਈ | ਜਿਸ 'ਤੇ ਕਾਲਾਂਵਾਲੀ ਪੁਲਿਸ ਸਟੇਸ਼ਨ ਵਿੱਚ ਮੁਲਜ਼ਮ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ | ਕਾਲਾਂਵਾਲੀ ਦੀ ਪੁਲਿਸ ਚੌਕੀ ਨੇ ਘਟਨਾ ਵਾਲੀ ਥਾਂ ਤੋਂ ਮਹੱਤਵਪੂਰਨ ਸਬੂਤ ਇਕੱਠੇ ਕੀਤੇ ਅਤੇ ਰੇਲਵੇ ਓਵਰ ਬਿ੍ਜ ਮੰਡੀ ਕਾਲਾਂਵਾਲੀ ਤੋਂ ਕੁਝ ਘੰਟਿਆਂ ਦੇ ਅੰਦਰ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ | ਮੁਲਜ਼ਮ ਦੇ ਕਬਜ਼ੇ ਵਿੱਚੋਂ ਚੋਰੀ ਹੋਈ 4500 ਰੁਪਏ ਦੀ ਰਕਮ ਵੀ ਬਰਾਮਦ ਕਰ ਲਈ ਗਈ ਹੈ | ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ 'ਤੇ ਲਿਆ ਜਾਵੇਗਾ ਅਤੇ ਪੂਰੀ ਪੁੱਛਗਿੱਛ ਤੋਂ ਬਾਅਦ ਹੋਰ ਘਟਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ |