ਸਿਰਸਾ, 29 ਦਸੰਬਰ (ਭੁਪਿੰਦਰ ਪੰਨੀਵਾਲੀਆ)- ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਨੇ ਜਨਤਾ ਦੀ ਆਵਾਜ਼ ਨੂੰ ਸਵੀਕਾਰ ਕਰਦੇ ਹੋਏ 100 ਮੀਟਰ ਦੇ ਫੈਸਲੇ 'ਤੇ ਰੋਕ ਲਾ ਦਿੱਤੀ ਹੈ, ਇਹ ਲੋਕਾਂ ਅਤੇ ਸੱਚਾਈ ਦੀ ਜਿੱਤ ਹੈ | ਇਸ ਨਾਲ ਸਰਕਾਰ ਦੇ ਮਾੜੇ ਇਰਾਦੇ ਬੇਨਕਾਬ ਹੋ ਗਏ ਹਨ | ਉਨ੍ਹਾਂ ਕਿਹਾ ਕਿ ਸਰਕਾਰ ਅਰਾਵਲੀ ਖੇਤਰ ਨੂੰ ਵੇਚਣ ਲਈ ਕੁਝ ਵੱਡੇ ਵਪਾਰਕ ਘਰਾਣਿਆਂ, ਰੀਅਲ ਅਸਟੇਟ ਮਾਫੀਆ ਅਤੇ ਮਾਈਨਿੰਗ ਮਾਫੀਆ ਨਾਲ ਮਿਲੀਭੁਗਤ ਕਰ ਰਹੀ ਹੈ | ਉਹ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ | ਸ੍ਰੀ ਦੀਪੇਂਦਰ ਹੁੱਡਾ ਨੇ ਕਿਹਾ ਕਿ ਮਨਰੇਗਾ ਨੂੰ ਖਤਮ ਕਰਕੇ ਪੇਂਡੂ ਲੋਕਾਂ ਤੋਂ ਰੁਜ਼ਗਾਰ ਖੋਹਣ ਦਾ ਕੰਮ ਕੀਤਾ ਹੈ | ਕਾਂਗਰਸ ਪਾਰਟੀ ਦੇਸ਼ ਭਰ 'ਚ ਇਸ ਖਿਡਲਾ ਤਿੱਖਾ ਅੰਦੋਲਨ ਕਰੇਗੀ | ਉਨ੍ਹਾਂ ਨੇ ਕਿਹਾ ਗਰੁੱਪ ਏ, ਬੀ ਤੇ ਸੀ ਨੌਕਰੀਆਂ ਲਈ ਹਰਿਆਣਾ ਤੋਂ ਬਾਹਰ ਦੇ ਲੋਕਾਂ ਨੂੰ ਚੁਣ ਕੇ ਹਰਿਅਣਾ ਦੇ ਨੌਜਵਾਨਾਂ ਦੇ ਅਧਿਕਾਰਾਂ 'ਤੇ ਸੱਟ ਮਾਰੀ ਜਾ ਰਹੀ ਹੈ | ਜਿਨ੍ਹਾਂ ਵਰਗਾਂ ਨੂੰ ਕੋਟਾ ਦਾ ਲਾਭ ਮਿਲਣਾ ਚਾਹੀਦਾ ਹੈ, ਉਨ੍ਹਾਂ ਨੂੰ ਲਾਭ ਨਹੀਂ ਮਿਲ ਰਿਹਾ | ਦੀਪੇਂਦਰ ਹੁੱਡਾ ਨੇ ਕਿਹਾ ਕਿ ਪਿਛਲੀਆਂ ਸਿਵਲ ਜੱਜ ਚੋਣਾਂ ਵਿੱਚ, 110 ਵਿੱਚੋਂ 60 ਹਰਿਆਣਾ ਤੋਂ ਬਾਹਰ ਦੇ ਸਨ, ਅਤੇ ਸਿੰਚਾਈ ਵਿਭਾਗ ਵਿੱਚ, 49 ਵਿੱਚੋਂ 28 ਉਮੀਦਵਾਰ ਹਰਿਆਣਾ ਤੋਂ ਬਾਹਰ ਦੇ ਸਨ | ਐਸਡੀਓ ਇਲੈਕਟਰੀਕਲ ਵਿੱਚ, 80 ਵਿੱਚੋਂ 69 ਹਰਿਆਣਾ ਤੋਂ ਬਾਹਰ ਦੇ ਸਨ, ਅਤੇ ਸਿਰਫ ਦੋ ਹਰਿਆਣਾ ਤੋਂ ਸਨ | ਇਸੇ ਤਰ੍ਹਾਂ, ਤਕਨੀਕੀ ਸਿੱਖਿਆ ਵਿਭਾਗ ਵਿੱਚ, 153 ਵਿੱਚੋਂ 106 ਬਾਹਰੀ ਉਮੀਦਵਾਰਾਂ ਨੂੰ ਲੈਕਚਰਾਰ ਅਹੁਦਿਆਂ ਲਈ ਚੁਣਿਆ ਗਿਆ ਸੀ | ਹਰਿਆਣਾ ਦੇ ਨੌਜਵਾਨ ਡੰਕੀ ਰੂਟਾਂ ਦੇ ਜਰੀਏ ਵਿਦੇਸ਼ਾਂ ਵੱਲ ਜਾ ਰਹੇ ਹਨ | ਉਨ੍ਹਾਂ ਨੇ ਆਖਿਆ ਕਿ ਹਰਿਆਣਾ ਦੀ ਸਰਕਾਰ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਚਲ ਰਹੀ ਹੈ | ਸਥਾਨਕ ਮੁੱਦਿਆਂ ਅਤੇ ਜਨਤਕ ਸਮੱਸਿਆਵਾਂ ਨੂੰ ਉਠਾਉਂਦੇ ਹੋਏ ਉਨ੍ਹਾਂ ਕਿਹਾ ਕਿ ਸਿਰਸਾ ਯੂਨੀਵਰਸਿਟੀ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਲਗਭਗ 400 ਨਿਯਮਤ ਕਰਮਚਾਰੀਆਂ ਟੀਚਿੰਗ ਤੇ ਨਾਨ ਟਿਚਿੰਗ ਸਟਾਫ ਨੂੰ ਤਨਖਾਹਾਂ ਨਹੀਂ ਮਿਲੀ | ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਮੰਗ ਕੀਤੀ ਕਿ ਸਿਰਸਾ ਯੂਨੀਵਰਸਿਟੀ ਦੇ ਸਾਰੇ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਤਨਖਾਹਾਂ ਨਿਯਮਤ ਤੌਰ 'ਤੇ ਦਿੱਤੀਆਂ ਜਾਣ | ਹੋਰ ਮੁੱਦੇ 'ਤੇ ਬੋਲਦਿਆਂ, ਦੀਪੇਂਦਰ ਹੁੱਡਾ ਨੇ ਕਿਹਾ ਕਿ ਸਿਰਸਾ ਨੂੰ ਭਾਰੀ ਪਾਣੀ ਭਰਨ ਦਾ ਸਾਹਮਣਾ ਕਰਨਾ ਪਿਆ, ਪਰ ਸਰਕਾਰ ਨੇ ਅਜੇ ਤੱਕ ਮੁਆਵਜ਼ਾ ਨਹੀਂ ਦਿੱਤਾ ਹੈ ਜਾਂ ਸਮੱਸਿਆ ਦਾ ਸਥਾਈ ਹੱਲ ਨਹੀਂ ਬਣਾਇਆ ਹੈ | ਇਸ ਤੋਂ ਇਲਾਵਾ, ਜਦੋਂ ਕਾਂਗਰਸ ਪਾਰਟੀ ਨੇ ਰਾਜ ਵਿਧਾਨ ਸਭਾ ਵਿੱਚ ਕਿਸਾਨਾਂ ਲਈ ਭਵਿੱਖ ਦੀਆਂ ਰਾਹਤ ਯੋਜਨਾਵਾਂ ਦਾ ਮੁੱਦਾ ਉਠਾਉਣ ਦੀ ਕੋਸ਼ਿਸ਼ ਕੀਤੀ, ਤਾਂ ਇਸਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ | ਹੜ੍ਹਾਂ ਲਈ ਜਾਰੀ ਕੀਤੇ ਗਏ 116 ਕਰੋੜ ਰੁਪਏ ਦੇ ਮੁਆਵਜ਼ੇ ਵਿੱਚੋਂ, ਜਿਨ੍ਹਾਂ ਦੇ ਖੇਤ ਡੁੱਬ ਗਏ ਸਨ, ਉਨ੍ਹਾਂ ਨੂੰ ਇੱਕ ਵੀ ਪੈਸਾ ਨਹੀਂ ਮਿਲਿਆ |