ਯਮੁਨਾਨਗਰ, 29 ਦਸੰਬਰ (ਗੁਰਦਿਆਲ ਸਿੰਘ ਨਿਮਰ)-ਦੁਬਈ 'ਚ ਸ਼ਾਨਦਾਰ ਜਿੱਤ ਦਰਜ ਕਰਕੇ ਘਰ ਪਰਤੇ ਸ਼ਹਿਰ ਦੇ ਅੰਤਰਰਾਸ਼ਟਰੀ ਮੁੱਕੇਬਾਜ਼ ਨੀਰਜ ਗੋਇਤ ਲਈ ਸੋਮਵਾਰ ਨੂੰ ਨਗਰ ਨਿਗਮ ਦਫ਼ਤਰ ਵਿਖੇ ਇਕ ਸ਼ਾਨਦਾਰ ਸਵਾਗਤ ਸਮਾਰੋਹ ਕਰਵਾਇਆ ਗਿਆ | ਇਸ ਸਮਾਰੋਹ 'ਚ ਮੇਅਰ ਸੁਮਨ ਬਹਾਮਣੀ, ਨਗਰ ਨਿਗਮ ਕਮਿਸ਼ਨਰ ਮਹਾਬੀਰ ਪ੍ਰਸਾਦ, ਵਧੀਕ ਨਗਰ ਕਮਿਸ਼ਨਰ ਧੀਰਜ ਕੁਮਾਰ, ਡਿਪਟੀ ਨਗਰ ਕਮਿਸ਼ਨਰ ਕੁਲਦੀਪ ਮਲਿਕ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਮੁੱਕੇਬਾਜ਼ ਨੀਰਜ ਗੋਇਤ ਨੂੰ ਗੁਲਦਸਤਾ ਭੇਟ ਕਰਕੇ ਤੇ ਹਾਰ ਪਾ ਕੇ ਸਨਮਾਨਿਤ ਕੀਤਾ | ਇਸ ਦੇ ਨਾਲ ਹੀ ਨੀਰਜ ਗੋਇਤ ਨੂੰ ਨਗਰ ਨਿਗਮ ਵਲੋਂ ਨਗਰ ਨਿਗਮ ਯਮੁਨਾਨਗਰ-ਜਗਾਧਰੀ ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਗਿਆ | ਇਸ ਮੌਕੇ ਮੇਅਰ ਬਾਹਮਣੀ ਨੇ ਕਿਹਾ ਕਿ ਨੀਰਜ ਗੋਇਤ ਨੇ ਅੰਤਰਰਾਸ਼ਟਰੀ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਨਾ ਸਿਰਫ਼ ਯਮੁਨਾਨਗਰ ਦਾ, ਸਗੋਂ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ | ਉਨ੍ਹਾਂ ਦੀ ਸਫਲਤਾ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ | ਉਨ੍ਹਾਂ ਕਿਹਾ ਕਿ ਬ੍ਰਾਂਡ ਅੰਬੈਸਡਰ ਵਜੋਂ ਨੀਰਜ ਗੋਇਤ ਸ਼ਹਿਰ ਨੂੰ ਸਾਫ਼-ਸੁਥਰਾ, ਸਿਹਤਮੰਦ ਅਤੇ ਖੇਡ-ਮੁਖੀ ਬਣਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਏਗਾ | ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਨੀਰਜ ਆਪਣੀ ਪ੍ਰਸਿੱਧੀ ਦੀ ਵਰਤੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ 'ਚ ਸ਼ਾਮਿਲ ਹੋਣ ਲਈ ਪ੍ਰੇਰਿਤ ਕਰਨ ਲਈ ਕਰਨਗੇ | ਨਗਰ ਨਿਗਮ ਕਮਿਸ਼ਨਰ ਨੇ ਕਿਹਾ ਕਿ ਨੀਰਜ ਗੋਇਤ ਦੀ ਪ੍ਰਾਪਤੀ ਦਰਸਾਉਂਦੀ ਹੈ ਕਿ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਕਿਸੇ ਵੀ ਟੀਚੇ ਨੂੰ ਪ੍ਰਾਪਤ ਕਰ ਸਕਦਾ ਹੈ | ਉਨ੍ਹਾਂ ਕਿਹਾ ਕਿ ਨਗਰ ਨਿਗਮ ਖੇਡ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਯਤਨ ਜਾਰੀ ਰੱਖੇਗਾ | ਵਧੀਕ ਨਗਰ ਕਮਿਸ਼ਨਰ ਨੇ ਵੀ ਨੀਰਜ ਗੋਇਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜਿੱਤ ਨੇ ਸ਼ਹਿਰ ਦੇ ਨੌਜਵਾਨਾਂ 'ਚ ਨਵੀਂ ਊਰਜਾ ਭਰ ਦਿੱਤੀ ਹੈ | ਇਸ ਸਮਾਰੋਹ ਦੌਰਾਨ ਮੁੱਕੇਬਾਜ਼ ਨੀਰਜ ਗੋਇਤ ਨੇ ਸਾਰਿਆਂ ਦਾ ਧੰਨਵਾਦ ਪ੍ਰਗਟ ਕੀਤਾ ਅਤੇ ਆਪਣੀ ਸਫਲਤਾ ਦੀ ਕਹਾਣੀ ਸਾਂਝੀ ਕੀਤੀ | ਸੀਨੀਅਰ ਲੇਖਾ ਅਧਿਕਾਰੀ ਕਿ੍ਸ਼ਨਾ ਜੈਨ, ਐਕਸੀਅਨ ਨਰਿੰਦਰ ਸੁਹਾਗ, ਐਕਸੀਅਨ ਵਿਕਾਸ ਧੀਮਾਨ, ਐਮ. ਈ. ਮਿ੍ਣਾਲ ਜੈਸਵਾਲ, ਖੇਤਰੀ ਟੈਕਸ ਅਧਿਕਾਰੀ ਅਜੈ ਵਾਲੀਆ, ਸੀ. ਐਸ. ਆਈ. ਅਨਿਲ ਨੈਨ ਅਤੇ ਹੋਰ ਮੌਜੂਦ ਸਨ |