ਜਲੰਧਰ, 2 ਜੂਨ (ਸ਼ਿਵ)-ਅੱਜ ਸ਼ਾਮ ਨੂੰ ਮੀਂਹ ਪੈਣ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਉਥੇ ਕਈ ਜਗ੍ਹਾ ਪਾਣੀ ਵੀ ਖੜ੍ਹਾ ਹੋ ਗਿਆ ਤੇ ਝੱਖੜ ਚੱਲਣ ਕਰਕੇ ਵੀ ਕਈ ਜਗ੍ਹਾ ਬਿਜਲੀ ਸਪਲਾਈ ਬੰਦ ਹੋ ਗਈ | ਮੌਸਮ ਵਿਭਾਗ ਵਲੋਂ ਭਵਿੱਖਬਾਨੀ ਕੀਤੀ ਗਈ ਸੀ ਕਿ ਇਨ੍ਹਾਂ ਦਿਨਾਂ 'ਚ ਕਿਸੇ ਵੀ ਦਿਨ ਝੱਖੜ ਵੀ ਆ ਸਕਦਾ ਹੈ | ਬੀਤੇ ਦਿਨਾਂ ਵਿਚ ਵੀ ਮੀਹ ਪੈਣ ਨਾਲ ਜਿੱਥੇ ਮੌਸਮ ਫਿਰ ਬਦਲ ਗਿਆ ਸੀ | ਪਰ ਅੱਜ ਅਚਾਨਕ ਸ਼ਾਮ ਮੀਂਹ ਆਉਣ ਨਾਲ ਲੋਕਾਂ ਨੇ ਕਾਫੀ ਰਾਹਤ ਮਹਿਸੂਸ ਕੀਤੀ | ਚਾਹੇ ਮੀਂਹ ਕੁਝ ਸਮਾਂ ਹੀ ਪਿਆ ਪਰ ਇਸ ਦੇ ਨਾਲ ਮੌਸਮ ਠੰਡਾ ਹੋ ਗਿਆ | ਕੁੱਝ ਦਿਨਾਂ ਤੋਂ ਮੀਹ ਦੇ ਨਾਲ ਝੱਖੜ ਆਉਣ ਨਾਲ ਜਿੱਥੇ ਜਨਜੀਵਨ ਵੀ ਪ੍ਰਭਾਵਿਤ ਰਿਹਾ ਹੈ, ਉੱਥੇ ਕਈ ਦਿਨਾਂ ਤੋਂ ਪਾਵਰਕਾਮ ਦੇ ਮੁਲਾਜ਼ਮ ਅਫਸਰਾਂ ਨੂੰ ਵੀ ਬਿਜਲੀ ਬੰਦ ਹੋਣ ਦੀਆਂ ਸ਼ਿਕਾਇਤਾਂ ਨੂੰ ਠੀਕ ਕਰਨ ਵਿਚ ਕਾਫੀ ਪ੍ਰੇਸ਼ਾਨੀ ਦਾ ਸਾਹਮਣ ਕਰਨਾ ਪੈ ਰਿਹਾ ਹੈ | ਜਲੰਧਰ ਵਿਚ ਤਕਨੀਕੀ ਸਟਾਫ ਘੱਟ ਹੋਣ ਕਰਕੇ ਪਾਵਰਕਾਮ ਵਲੋਂ ਬਿਜਲੀ ਸ਼ਿਕਾਇਤਾਂ ਸਮੇਂ ਸਿਰ ਠੀਕ ਨਹੀਂ ਹੋ ਰਹੀਆਂ ਹਨ ਜਿਸ ਕਰਕੇ ਲੋਕਾਂ ਵਲੋਂ ਕਾਫੀ ਰੋਸ ਜਾਹਰ ਕੀਤਾ ਜਾਂਦਾ ਰਿਹਾ ਹੈ | ਬਿਜਲੀ ਮੁਲਾਜ਼ਮ ਜਥੇਬੰਦੀਆਂ ਵਲੋਂ ਵੀ ਪਾਵਰਕਾਮ ਮੈਨੇਜਮੈਂਟ ਨੂੰ ਫੀਲਡ ਸਟਾਫ ਦੀ ਹੋਰ ਭਰਤੀ ਕਰਨ ਦੀ ਮੰਗ ਵੀ ਕੀਤੀ ਜਾਂਦੀ ਰਹੀ ਹੈ | ਉਧਰ ਪਾਵਰਕਾਮ ਉਤਰੀ ਜ਼ੋਨ ਦੇ ਉਪ ਮੁੱਖ ਇੰਜੀ. ਸ੍ਰੀ ਗੁਲਸ਼ਨ ਚੂਟਾਨੀ ਨੇ ਦੱਸਿਆ ਕਿ ਚਾਹੇ ਮੀਂਹ, ਝੱਖੜ ਕੁਝ ਸਮਾਂ ਹੀ ਚੱਲਿਆ ਪਰ ਕੁਝ ਜਗ੍ਹਾ ਬਿਜਲੀ ਸਪਲਾਈ ਬੰਦ ਹੋ ਗਈ ਜਿਹੜੀ ਸਮੇਂ ਸਿਰ ਚਲਾ ਦਿੱਤੀ ਗਈ ਸੀ |