ਜਲੰਧਰ, 2 ਜੂਨ (ਜਸਪਾਲ ਸਿੰਘ)-ਵਿਕਸਿਤ ਕ੍ਰਿਸ਼ੀ ਸੰਕਲਪ ਮੁਹਿੰਮ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ ਤੇ ਖੇਤੀਬਾੜੀ ਵਿਭਾਗ ਜਲੰਧਰ ਵਲੋਂ ਪਿੰਡ ਬੰਬੀਆਂਵਾਲ, ਕੁੱਕੜ ਪਿੰਡ ਤੇ ਧਨਾਲਾਂ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਏ ਗਏ | ਇਨ੍ਹਾਂ 'ਚ ਕਿਸਾਨਾਂ ਦੇ ਨਾਲ-ਨਾਲ ਕਿਸਾਨ ਬੀਬੀਆਂ ਨੇ ਵੀ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ | ਇਸ ਦੌਰਾਨ ਡਾ. ਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ (ਮੰਡੀਕਰਨ) ਨੇ ਕਿਸਾਨਾਂ ਨੂੰ ਝੋਨੇ ਦੀ ਫਸਲ ਵਿਚ ਪਾਣੀ ਦੀ ਉੱਚਿਤ ਵਰਤੋਂ ਤੇ ਬਰਸਾਤੀ ਮੱਕੀ ਦੀ ਕਾਸ਼ਤ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ | ਡਾ. ਬਲਬੀਰ ਕੌਰ ਸਹਾਇਕ ਪ੍ਰੋ. ਬਾਗਬਾਨੀ ਕ੍ਰਿਸ਼ੀ ਵਿਗਿਆਨ ਕੇਂਦਰ ਜਲੰਧਰ ਨੇ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਸਰਗਰਮੀਆਂ ਤੇ ਭਾਰਤ ਸਰਕਾਰ ਵਲੋਂ ਕਿਸਾਨਾਂ ਦੀ ਬਿਹਤਰੀ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ | ਇਸ ਮੌਕੇ ਡਾ. ਅਰਵਿੰਦ ਜੈਸਵਾਲ ਨੇ ਕਿਸਾਨਾਂ ਨੂੰ ਆਲੂਆਂ ਦੀ ਖੇਤੀ ਬਾਰੇ ਜਾਣਕਾਰੀ ਦਿੱਤੀ | ਸ੍ਰੀਮਤੀ ਗੁਰਵਿੰਦਰ ਕੌਰ ਖੇਤੀਬਾੜੀ ਵਿਕਾਸ ਅਫਸਰ ਨੇ ਆਏ ਕਿਸਾਨਾਂ ਨੂੰ ਮੱਕੀ ਤੇ ਝੋਨੇ ਦੀ ਸਿੱਧੀ ਬਿਜਾਈ ਦੇ ਲਾਭ ਤੇ ਉਸ ਸੰਬੰਧੀ ਸ਼ੰਕਿਆਂ ਬਾਰੇ ਜਾਣਕਾਰੀ ਦਿੱਤੀ | ਇਸੇ ਤਰ੍ਹਾਂ ਸ੍ਰੀਮਤੀ ਸੀਮਾ ਦੇਵੀ ਖੇਤੀਬਾੜੀ ਇੰਸਪੈਕਟਰ ਨੇ ਕਿਸਾਨਾਂ ਨਾਲ ਪੀ. ਐਮ. ਕਿਸਾਨ ਸਨਮਾਨ ਨਿਧੀ ਯੋਜਨਾ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਦੌਰਾਨ ਪਿੰਡ ਬੰਬੀਆਂਵਾਲ ਵਿਖੇ ਲਗਾਏ ਗਏ ਕਿਸਾਨ ਜਾਗਰੂਕਤਾ ਕੈਂਪ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਸਰਪੰਚ ਮੁਖਤਿਆਰ ਸਿੰਘ ਪੋਸ਼ਾ, ਸਰਜੀਵਨ ਸਿੰਘ, ਮੋਹਨ ਸਿੰਘ, ਪਰਮਿੰਦਰ ਸੋਨੂੰ ਪੰਚ, ਮਨਜਿੰਦਰ ਸਿੰਘ, ਜੌਹਨ ਮਸੀਹ, ਪਿ੍ਤਪਾਲ ਸਿੰਘ, ਬੱਗਾ ਪੰਚ, ਅਲਵਾਸ ਪੰਚ, ਦਲਜੀਤ ਸਿੰਘ ਸੋਢੀ, ਗੁਰਮੇਲ ਸਿੰਘ ਗੇਲੀ, ਬੱਗਾ ਬੰਬੀਆਂਵਾਲ, ਅੰਜੂ ਤੇ ਹੋਰ ਸ਼ਖਸ਼ੀਅਤਾਂ ਵੀ ਮੌਜੂਦ ਸਨ |