ਜਲੰਧਰ, 4 ਜੂਨ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਅਰਚਨਾ ਕੰਬੋਜ ਦੀ ਅਦਾਲਤ ਨੇ ਨਾਬਾਲਗ ਲੜਕੀ ਨੂੰ ਵਰਗ਼ਲਾ ਕੇ ਲਿਜਾਉਣ ਤੇ ਉਸ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਰਿਸ਼ਭ ਵਰਮਾ ਪੁੱਤਰ ਓਮ ਪ੍ਰਕਾਸ਼ ਵਾਸੀ ਗੁਰਮੀਤ ਨਗਰ, ਜਲੰਧਰ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ਉਕਤ ਦੇ ਖ਼ਿਲਾਫ਼ ਮਿਤੀ 7 ਅਕਤੂਬਰ 2023 ਨੂੰ ਥਾਣਾ 4 ਵਿਖੇ ਨਾਬਾਲਗ ਲੜਕੀ ਨੂੰ ਵਰਗ਼ਲਾ ਕੇ ਲਿਜਾਉਣ ਤੇ ਉਸ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਕਤ ਦੇ ਸੀਨੀਅਰ ਵਕੀਲ ਦਰਸ਼ਨ ਸਿੰਘ ਦਿਆਲ ਨੇ ਦੱਸਿਆ ਕਿ ਪੀੜਤਾ ਦੀ ਮਾਂ ਨੇ ਸ਼ਿਕਾਇਤ 'ਚ ਕਿਹਾ ਸੀ ਕਿ ਉਨ੍ਹਾਂ ਦੀ ਲੜਕੀ 16 ਸਾਲ ਦੀ ਹੈ ਤੇ ਉਸ ਦੀ ਸਨੈਪ ਚੇਟ 'ਤੇ ਕਿਸੇ ਲੜਕੇ ਨਾਲ ਦੋਸਤੀ ਹੋ ਗਈ ਤੇ ਉਸ ਦੀ ਮਾਨਸਿਕ ਹਾਲਤ ਦਾ ਲਾਭ ਲੈ ਕੇ ਲੜਕਾ ਉਸ ਨੂੰ ਵਰਗ਼ਲਾ ਕੇ ਲੈ ਗਿਆ ਤੇ ਕਿਤੇ ਰਾਤ ਰੱਖ ਕੇ ਉਸ ਨਾਲ ਜਬਰ ਜਨਾਹ ਕੀਤਾ | ਸੀਨੀਅਰ ਵਕੀਲ ਦਰਸ਼ਨ ਸਿੰਘ ਦਿਆਲ ਨੇ ਅਦਾਲਤ ਨੂੰ ਦੱਸਿਆ ਕਿ ਲੜਕੀ ਦੀ ਮਾਂ ਨੇ ਕਿਹਾ ਕਿ ਉਸ ਦੀ ਲੜਕੀ ਡਿਪਰੇਸ਼ਨ 'ਚ ਸੀ ਜਿਸ ਦਾ ਲੜਕੇ ਨੇ ਫ਼ਾਇਦਾ ਚੁੱਕ ਕੇ ਉਸ ਨਾਲ ਜਬਰ ਜਨਾਹ ਕੀਤਾ ਪਰ ਜਦੋਂ ਪਤਾ ਕੀਤਾ ਗਿਆ ਤਾਂ ਲੜਕੀ ਦਾ ਕੋਈ ਵੀ ਇਲਾਜ ਨਹੀਂ ਚੱਲ ਰਿਹਾ ਸੀ ਤੇ ਨਾਲ ਹੀ ਲੈਬ 'ਚ ਇਸ ਕੇਸ ਨਾਲ ਸਬੰਧਿਤ ਕੋਈ ਸੈਂਪਲ ਪਾਸ ਹੋਏ | ਸੀਨੀਅਰ ਵਕੀਲ ਦਰਸ਼ਨ ਸਿੰਘ ਦਿਆਲ ਨੇ ਅਦਾਲਤ ਨੂੰ ਇਹ ਦੱਸਿਆ ਕਿ ਇਨ੍ਹਾਂ ਦੇ ਪਰਿਵਾਰਕ ਮਤਭੇਦ ਸੀ ਜਿਸ ਕਰਕੇ ਲੜਕੀ ਆਪਣੀ ਮਰਜ਼ੀ ਨਾਲ ਲੜਕੇ ਨਾਲ ਗਈ ਸੀ ਤੇ ਬਾਅਦ 'ਚ ਉਸ ਨੇ ਲੜਕੇ ਨੂੰ ਇਸ ਕੇਸ 'ਚ ਫਸਾ ਦਿੱਤਾ, ਅਦਾਲਤ ਨੇ ਇਨ੍ਹਾਂ ਸਾਰੇ ਸਬੂਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਕਤ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ |