ਜਲੰਧਰ, 4 ਜੂਨ (ਸ਼ੈਲੀ)-ਜਲੰਧਰ ਦੇ ਹਰਨਾਮ ਦਾਸ ਪੁਰਾ ਵਿਖੇ ਮੇਨ ਰੋਡ 'ਤੇ ਇਕ ਛੱਤ ਉਪਰ ਬਣੇ ਕਮਰੇ ਵਿਚ ਇਕ ਪ੍ਰਵਾਸੀ ਨੌਜਵਾਨ ਨੇ ਪੱਖੇ ਨਾਲ ਫਾਹਾ ਲਗਾਕੇ ਆਤਮ ਹੱਤਿਆ ਕਰ ਲਈ | ਮਿ੍ਤਕ ਦੀ ਪਹਿਚਾਣ ਮਿ੍ਤਕ ਦੀ ਪਛਾਣ ਰਮੇਸ਼ ਵਾਸੀ ਯੂਪੀ ਦੇ ਰੂਪ 'ਚ ਹੋਈ ਹੈ | ਦੱਸਿਆ ਜਾ ਰਿਹਾ ਹੈ ਕਿ ਮਿ੍ਤਕ ਯੂ.ਪੀ ਤੋਂ ਜਲੰਧਰ ਆਪਣੇ ਮਾਮਿਆਂ ਕੋਲ ਆਇਆ ਹੋਇਆ ਸੀ | ਸੂਚਨਾ ਮਿਲਦੇ ਹੀ ਥਾਣਾ 2 ਦੇ ਮੁਖੀ ਜਸਵਿੰਦਰ ਸਿੰਘ .ਏ.ਐਸ.ਆਈ ਹਰਪਾਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਵਿਖੇ ਮੋਰਟਰੀ ਵਿਚ ਪੋਸਟਮਾਰਟਮ ਲਈ ਰਖਵਾਇਆ | ਜਾਣਕਾਰੀ ਦਿੰਦੇਹੋਏ ਥਾਣਾ ਦੋ ਦੇ ਏ.ਐਸ.ਆਈ ਹਰਪਾਲ ਸਿੰਘ ਨੇ ਦੱਸਿਆ ਕਿ ਮਿ੍ਤਕ ਰਮੇਸ਼ ਦੇ ਮਾਮਾ ਕਿਸ਼ੋਰ ਨੇ ਦੱਸਿਆ ਕਿ ਉਨ੍ਹਾਂ ਦਾ ਭਾਣਜਾ ਚਾਰ ਪੰਜ ਮਹੀਨੇ ਪਹਿਲਾਂ ਉਨ੍ਹਾਂ ਦੇ ਕੋਲ ਆਇਆ ਸੀ ਤੇ ਕੋਈ ਕੰਮ ਨਹੀਂ ਕਰਦਾ ਸੀ | ਪਿਛਲੇ ਕੱੁਝ ਦਿਨਾਂ ਤੋਂ ਉਹ ਕਾਫੀ ਪ੍ਰੇਸ਼ਾਨ ਸੀ | ਅਜ ਜਦੋਂ ਉਹ ਆਪਣੇ ਕੰਮ ਤੋਂ ਘਰ ਆਇਆ ਤਾਂ ਦੇਖਿਆ ਕਿ ਉਸ ਨੇ ਫਾਹਾ ਲਗਾਕੇ ਆਤਮਹੱਤਿਆ ਕਰ ਲਈ ਹੈ | ਉਸ ਨੇ ਕਿਉਂ ਫਾਹਾ ਲਾਇਆ, ਇਸ ਬਾਰੇ ਉਨ੍ਹਾਂ ਨੂੰ ਵੀ ਕੱੁਝ ਪਤਾ ਨਹੀਂ | ਏ ਐਸ ਆਈ ਹਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮਿ੍ਤਕ ਦੇ ਪਾਸੋਂ ਕੋਈ ਵੀ ਸੁਸਾਈਡ ਨੋਟ ਨਹੀਂ ਮਿਲਿਆ ਜਿਸ ਤੋਂ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲੱਗ ਸਕੇ | ਇਸ ਸਬੰਧੀ ਪੁਲਿਸ ਵਲੋਂ ਮਿ੍ਤਕ ਦੇ ਮਾਮੇ ਦੇ ਬਿਆਨ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ |