ਜਲੰਧਰ, 1 ਸਤੰਬਰ (ਸ਼ਿਵ)-ਭਾਜਪਾ ਦੇ ਸੂਬਾਈ ਉਪ ਪ੍ਰਧਾਨ ਅਤੇ ਸਾਬਕਾ ਸੀ. ਪੀ.ਐੱਸ. ਕ੍ਰਿਸ਼ਨ ਦੇਵ ਭੰਡਾਰੀ ਦੀ ਅਗਵਾਈ ਹੇਠ ਭਾਜਪਾ ਦਾ ਵਫ਼ਦ ਉੱਤਰੀ ਹਲਕੇ ਦੇ ਪ੍ਰੀਤ ਨਗਰ, ਭੂਰੇ ਖ਼ਾਨ, ਅਮਨ ਨਗਰ ਦੇ ਲੋਕਾਂ ਕੋਲ ਮੀਂਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਪਹੁੰਚਿਆ | ਇਸ ਮੌਕੇ ਪੁਰੀਆਂ ਮੁਹੱਲੇ ਵਿਚ ਮੀਂਹ ਦੇ ਪਾਣੀ ਨਾਲ ਨੁਕਸਾਨੇ ਗਏ ਦੋ ਘਰਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਮੌਜੂਦਾ ਸਥਿਤੀ ਬਾਰੇ ਗੱਲਬਾਤ ਕੀਤੀ ਗਈ | ਇਸ ਮੌਕੇ ਕਿ੍ਸ਼ਨ ਦੇਵ ਭੰਡਾਰੀ ਨੇ ਕਿਹਾ ਕਿ ਕਾਂਗਰਸ ਵਿਧਾਇਕ ਬਾਬਾ ਹੈਨਰੀ ਦਾ ਪ੍ਰੀਤ ਨਗਰ ਵਿਚ 7 ਕਰੋੜ ਰੁਪਏ ਦਾ ਸੀਵਰੇਜ ਪ੍ਰੋਜੈਕਟ ਪੂਰੀ ਤਰ੍ਹਾਂ ਫ਼ੇਲ੍ਹ ਹੋ ਗਿਆ ਹੈ ਅਤੇ ਇਸ ਕਾਰਨ ਸਥਾਨਕ ਲੋਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਅਸਫਲ ਹੋਣ ਕਾਰਨ ਘਰਾਂ ਵਿਚ ਪਾਣੀ ਵੜ ਗਿਆ ਅਤੇ ਘਰ ਦਾ ਸਾਰਾ ਸਮਾਨ ਜਿਵੇਂ ਕਿ ਬਿਸਤਰੇ, ਗੱਦੇ, ਲੈਪਟਾਪ, ਮੋਟਰਾਂ, ਸੋਫ਼ੇ ਅਤੇ ਹਜ਼ਾਰਾਂ ਰੁਪਏ ਦਾ ਹੋਰ ਸਮਾਨ ਪੂਰੀ ਤਰ੍ਹਾਂ ਨੁਕਸਾਨਿਆ ਗਿਆ | ਉਨ੍ਹਾਂ ਕਿਹਾ ਕਿ ਭਾਜਪਾ ਨੇ ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਹੈ | ਇਹ ਵਫ਼ਦ ਸਾਂਝੇ ਤੌਰ 'ਤੇ ਲੋਕਾਂ ਨੂੰ ਹੋਏ ਭਾਰੀ ਨੁਕਸਾਨ ਦੇ ਮੁਆਵਜ਼ੇ ਲਈ ਸਰਕਾਰ ਨੂੰ ਇੱਕ ਮੰਗ ਪੱਤਰ ਸੌਂਪੇਗਾ ਤਾਂ ਜੋ ਇਸ ਦੁਖਾਂਤ ਦਾ ਸਾਹਮਣਾ ਕਰ ਰਹੇ ਸਾਡੇ ਆਪਣੇ ਲੋਕਾਂ ਨੂੰ ਤੁਰੰਤ ਮਦਦ ਮਿਲ ਸਕੇ | ਇਸ ਮੌਕੇ ਗੁਰਦੀਪ ਫ਼ੌਜੀ, ਭਗਵੰਤ ਪ੍ਰਭਾਕਰ, ਆਸ਼ੀਸ਼ ਸਹਿਗਲ, ਆਰ. ਕੇ. ਮਲਹੋਤਰਾ, ਗੁਰਪ੍ਰੀਤ ਵਿਕੀ, ਪ੍ਰਸ਼ਾਂਤ ਗੰਭੀਰ, ਕਿਸ਼ਨ ਲਾਲ ਸ਼ਰਮਾ, ਸ਼ਾਮ ਸ਼ਰਮਾ, ਵਿਸ਼ਾਲ ਰੇਰੂ, ਅਜਮੇਰ ਬਾਦਲ, ਬਿ੍ਜ ਮੋਹਨ ਗੁਪਤਾ, ਮਨਹਰ ਪ੍ਰਸ਼ਾਂਤ, ਕਮਲ ਹਾਜਰ ਸਨ |