ਪਿੰਦਰ ਪੰਡੋਰੀ ਨੇ ਹੜ੍ਹ ਪੀੜਤਾਂ ਲਈ ਖੋਲ੍ਹੇ ਆਪਣੀ ਰਿਹਾਇਸ਼ ਦੇ ਦਰਵਾਜ਼ੇ
ਅਜੀਤ ਡੈਸਕ
06-09-2025
• ਇਹ ਸਮਾਂ ਰਾਜਨੀਤੀ ਦਾ ਨਹੀਂ, ਸੇਵਾ ਦਾ ਹੈ-ਪੰਡੋਰੀ
ਮਲਸੀਆਂ, 5 ਸਤੰਬਰ (ਦਲਜੀਤ ਸਿੰਘ ਸਚਦੇਵਾ)-ਸ਼ਾਹਕੋਟ ਹਲਕੇ ਵਿਚ ਆਏ ਹੜ੍ਹਾਂ ਦੀ ਗੰਭੀਰ ਸਥਿਤੀ ਵਿਚ ਜਿੱਥੇ ਲੋਕ ਆਪਣੇ ਘਰਾਂ ਤੋਂ ਬੇਘਰ ਹੋ ਰਹੇ ਹਨ, ਉਥੇ 'ਆਪ' ਹਲਕਾ ਇੰਚਾਰਜ ਸ. ਪਰਮਿੰਦਰ ਸਿੰਘ ਪੰਡੋਰੀ ਨੇ ਇਕ ਵੱਡਾ ਮਨੁੱਖਤਾ ਭਰਿਆ ਕਦਮ ਚੁੱਕਦਿਆਂ ਆਪਣੀ ਨਿੱਜੀ ਰਿਹਾਇਸ਼ ਦੇ ਦਰਵਾਜ਼ੇ ਹੜ੍ਹ ਪੀੜਤ ਲੋਕਾਂ ਲਈ ਖੋਲ੍ਹ ਦਿੱਤੇ ਹਨ | ਪੰਡੋਰੀ ਵਲੋਂ ਹੜ੍ਹ ਨਾਲ ਪ੍ਰਭਾਵਿਤ ਹੋਏ ਪਰਿਵਾਰਾਂ ਲਈ ਲੰਗਰ ਦੀ ਸੁਵਿਧਾ ਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਕਿਸੇ ਨੂੰ ਵੀ ਮੁਸ਼ਕਿਲ ਘੜੀ ਵਿਚ ਭੁੱਖਾ ਜਾਂ ਬੇਸਹਾਰਾ ਨਾ ਰਹਿਣਾ ਪਵੇ | ਉਨ੍ਹਾਂ ਕਿਹਾ ਕਿ ਹੜ੍ਹ ਦੇ ਕਾਰਨ ਪ੍ਰਭਾਵਿਤ ਹੋਏ ਹਰ ਪਰਿਵਾਰ ਨਾਲ ਪੰਜਾਬ ਸਰਕਾਰ ਦੇ ਨਾਲ-ਨਾਲ ਉਨ੍ਹਾਂ ਦਾ ਪਰਿਵਾਰ ਵੀ ਖੜ੍ਹਾ ਹੈ ਤੇ ਇਸ ਸਮੇਂ ਲੋਕਾਂ ਦੇ ਨਾਲ ਖੜ੍ਹਨਾ ਸਭ ਤੋਂ ਵੱਡੀ ਸੇਵਾ ਹੈ |
ਉਨ੍ਹਾਂ ਕਿਹਾ ਕਿ ਕਿ ਪੀੜਤ ਲੋਕਾਂ ਨੂੰ ਸਿਰਫ਼ ਰਾਸ਼ਨ ਹੀ ਨਹੀਂ ਬਲਕਿ ਰਹਿਣ-ਸਹਿਣ ਦੀ ਸਹੂਲਤ ਵੀ ਮਿਲੇ ਤਾਂ ਜੋ ਉਨ੍ਹਾਂ ਦੀ ਜ਼ਿੰਦਗੀ ਕੁਝ ਹੱਦ ਤੱਕ ਸੁਚਾਰੂ ਤਰੀਕੇ ਨਾਲ ਚੱਲ ਸਕੇ | ਪੰਡੋਰੀ ਨੇ ਕਿਹਾ ਕਿ ਇਹ ਸਮਾਂ ਰਾਜਨੀਤੀ ਦਾ ਨਹੀਂ, ਸੇਵਾ ਦਾ ਹੈ |