ਜਲੰਧਰ, 22 ਸਤੰਬਰ (ਐੱਮ.ਐੱਸ. ਲੋਹੀਆ)-ਸ਼ਹਿਰ ਅੰਦਰ ਨਸ਼ਿਆਂ ਲਈ ਸਰਗਰਮ 13 ਥਾਵਾਂ ਦੀ ਘੇਰਾਬੰਦੀ ਕਰਕੇ ਕਮਿਸ਼ਨਰੇਟ ਪੁਲਿਸ ਨੇ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ, ਜਿਸ ਦੌਰਾਨ ਹੈਰੋਇਨ, ਗ਼ੈਰ-ਕਾਨੂੰਨੀ ਸ਼ਰਾਬ ਤੇ ਮੋਟਰਸਾਇਕਲ ਬਰਾਮਦ ਕਰਕੇ ਪੁਲਿਸ ਅਧਿਕਾਰੀਆਂ ਨੇ 7 ਮੁਕੱਮਦੇ ਦਰਜ ਕੀਤੇ, ਜਿਨ੍ਹਾਂ ਤਹਿਤ 7 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਰੰਧਾਵਾ ਦੀਆਂ ਹਦਾਇਤਾਂ 'ਤੇ ਜੁਆਇੰਟ ਪੁਲਿਸ ਕਮਿਸ਼ਨਰ ਡਾ. ਸੰਦੀਪ ਸ਼ਰਮਾ, ਏ.ਡੀ.ਸੀ.ਪੀ.(ਸਿਟੀ-1) ਆਕਰਸ਼ੀ ਜੈਨ, ਏ.ਡੀ.ਸੀ.ਪੀ. (ਸਿਟੀ-2) ਹਰਿੰਦਰ ਸਿੰਘ ਗਿੱਲ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ 130 ਤੋਂ ਵੱਧ ਪੁਲਿਸ ਕਰਮਚਾਰੀ ਦੇ ਨਾਲ ਜਲੰਧਰ 'ਚ ਨਸ਼ਿਆਂ ਲਈ ਸਰਗਰਮ 13 ਥਾਵਾਂ, ਜਿਨ੍ਹਾਂ 'ਚ ਖ਼ਾਸ ਕਰਕੇ ਰੇਲਵੇ ਸ਼ਟੇਸ਼ਨ, ਅਲੀ ਮੁਹੱਲਾ, ਇੰਦਰਾ ਕਲੋਨੀ, ਭਾਰਗੋ ਕੈਂਪ, ਬਸਤੀ ਸ਼ੇਖ ਆਦਿ ਸ਼ਾਮਿਲ ਹਨ, ਵਿਖੇ ਘੇਰਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਦੇ ਘਰਾਂ, ਵਾਹਨਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਜੋ ਗ਼ੈਰ-ਕਾਨੂੰਨੀ ਗਤੀਵਿਧੀਆਂ 'ਤੇ ਨਕੇਲ ਕੱਸੀ ਜਾ ਸਕੇ | ਸੀ.ਪੀ. ਨੇ ਜਾਣਕਾਰੀ ਦਿੱਤੀ ਕਿ ਇਸ ਤਲਾਸ਼ੀ ਮੁਹਿੰਮ ਦੇ ਨਤੀਜੇ ਵਜੋਂ ਪੁਲਿਸ ਵਲੋਂ ਕੁੱਲ 32.2 ਗ੍ਰਾਮ ਹੈਰੋਇਨ, 13,500 ਐਮ.ਐਲ. ਗ਼ੈਰ-ਕਾਨੂੰਨੀ ਸ਼ਰਾਬ ਅਤੇ 2 ਮੋਟਰਸਾਇਕਲ ਬਰਾਮਦ ਕਰਕੇ 7 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਅਤੇ ਇਨ੍ਹਾਂ ਮੁਲਜ਼ਮਾਂ ਦੇ ਖ਼ਿਲਾਫ਼ ਸ਼ਹਿਰ ਦੇ ਵੱਖ-ਵੱਖ ਥਾਣਿਆਂ 'ਚ ਕੁੱਲ 7 ਮਕੁੱਦਮੇ ਰਜਿਸਟਰ ਕੀਤੇ ਗਏ | ਇਸ ਤੋਂ ਇਲਾਵਾ, ਸਥਾਨਕ ਲੋਕਾਂ ਤੋਂ ਨੇੜਲੇ ਨਸ਼ਾ ਤਸਕਰਾਂ ਅਤੇ ਖੇਤਰ 'ਚ ਕਿਸੇ ਵੀ ਸ਼ੱਕੀ ਗਤੀਵਿਧੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਪੁੱਛਗਿੱਛ ਕੀਤੀ ਗਈ | ਸੀ.ਪੀ. ਨੇ ਕਿਹਾ ਕਿ ਨਸ਼ਾ ਤਸਕਰੀ 'ਚ ਸ਼ਾਮਿਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਇਸ ਵਪਾਰ 'ਚ ਸ਼ਾਮਿਲ ਵਿਅਕਤੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |