ਗੁਰਾਇਆ, 23 ਸਤੰਬਰ (ਬਲਵਿੰਦਰ ਸਿੰਘ)-10ਵੇਂ ਰਾਸ਼ਟਰੀ ਆਯੁਰਵੇਦ ਦਿਵਸ ਮਨਾਉਣ ਮੌਕੇ ਡਾ. ਮਨੂੰ ਹੱਲਣ ਆਯੁਰਵੈਦਿਕ ਮੈਡੀਕਲ ਅਫ਼ਸਰ, ਜ਼ਿਲ੍ਹਾ ਜਲੰਧਰ ਨੇ ਕਿਹਾ ਹੈ ਕਿ ਜਨ ਜਨ ਦਾ ਕਲਿਆਣ ਹੀ ਆਯੁਰਵੈਦ ਦਾ ਉਦੇਸ਼ ਹੈ | ਅੱਜ ਦਾ ਇਹ ਦਿਨ ਪ੍ਰਕ੍ਰਿਤੀ ਅਨੁਸਾਰ ਇੱਕ ਸੰਤੁਲਿਤ ਦਿਨ ਹੁੰਦਾ ਹੈ | ਜਿਸ ਵਿਚ ਦਿਨ ਅਤੇ ਰਾਤ ਲਗਭਗ ਬਰਾਬਰ ਹੁੰਦੀ ਹੈ | ਆਯੁਰਵੇਦ ਦਾ ਉਦੇਸ਼ ਵੀ ਹੈ ਕਿ ਆਪਣੀ ਪ੍ਰਕ੍ਰਿਤੀ ਨੂੰ ਸੰਤੁਲਿਤ ਰੱਖਿਆ ਜਾਵੇ | ਜਿਸ ਨਾਲ ਮਨੁੱਖ ਹਮੇਸ਼ਾ ਸਿਹਤਮੰਦ ਜੀਵਨ ਹੀ ਜੀ ਸਕੇ | ਇਸ ਸਾਲ ਦੇ ਰਾਸ਼ਟਰੀ ਆਯੁਰਵੇਦ ਦਿਵਸ ਦਾ ਥੀਮ ਵੀ ਹੈ | ਆਯੁਰਵੇਦ ਜਨ ਜਨ ਦੇ ਕਲਿਆਣ ਲਈ ਅਤੇ ਇਸ ਧਰਤੀ ਤੇ ਕਲਿਆਣ ਲਈ ਆਯੁਰਵੇਦ ਦਾ ਵਿਗਿਆਨ ਸਾਨੂੰ ਦਿਨ ਚਰਿਆ, ਰਿਤੂ ਚਰਿਆ, ਆਚਾਰ ਰਸਾਇਣ, ਸਦਵਰਿਤ ਵਰਗੇ ਗਿਆਨ ਦੱਸਦਾ ਹੈ | ਜਿਨ੍ਹਾਂ ਦਾ ਪਾਲਣ ਕਰਕੇ ਮਨੁੱਖ ਬਿਮਾਰੀਆਂ ਤੋਂ ਦੂਰ ਰਹਿ ਸਕਦਾ ਹੈ ਅਤੇ ਆਪਣੇ ਸਰੀਰ ਅਤੇ ਮਨ ਨੂੰ ਤੰਦਰੁਸਤ ਬਣਾ ਸਕਦਾ ਹੈ | ਸਾਡੇ ਆਸ ਪਾਸ ਮੌਜੂਦ ਔਸ਼ਧੀਆਂ, ਬੂਟੇ ਜਿਵੇਂ ਤੁਲਸੀ, ਗਲੋਅ, ਕੜੀ ਪੱਤਾ, ਏਲੋਵੀਰਾ, ਲੈਮਨ ਗ੍ਰਾਸ, ਆਂਵਲਾ ਆਦਿ ਦੀ ਵਰਤੋ ਨਾਲ ਅਸੀ ਮੌਸਮੀ ਬਿਮਾਰੀਆਂ ਤੋਂ ਵੀ ਬਚ ਕੇ ਰਹਿ ਸਕਦੇ ਹਾਂ | ਆਯੁਰਵੇਦ ਇੱਕ ਅਜਿਹਾ ਸੰਪੂਰਨ ਵਿਗਿਆਨ ਹੈ ਜੋ ਕਿ ਸਾਡੇ ਸਰੀਰ ਮਨ ਦੋਵਾਂ ਨੂੰ ਸਿਹਤਮੰਦ ਬਣਾਏ ਰੱਖਣ 'ਤੇ ਜੋਰ ਦਿੰਦਾ ਹੈ | ਕਿਉਂਕਿ ਇੱਕ ਤੰਦਰੁਸਤ ਸਰੀਰ ਵਿਚ ਹੀ ਖ਼ੁਸ਼ਹਾਲ ਦਿਲ ਦਾ ਨਿਵਾਸ ਹੋ ਸਕਦਾ ਹੈ ਅਤੇ ਜੇਕਰ ਦਿਲ ਵੀ ਖ਼ੁਸ਼ ਨਾ ਹੋਵੇ ਤਾਂ ਸਰੀਰਕ ਰੋਗ ਵੀ ਘੇਰ ਲੈਂਦੇ ਹਨ | ਸਾਨੂੰ ਮੌਸਮ ਅਨੁਸਾਰ ਹੀ ਸਬਜ਼ੀ ਅਤੇ ਫਲਾ ਦਾ ਸੇਵਨ ਕਰਨਾ ਚਾਹੀਦਾ ਹੈ | ਰੁੱਤ ਅਨੁਸਾਰ ਹੀ ਆਹਾਰ ਵਿਹਾਰ ਰੱਖਣ ਨਾਲ ਸਰੀਰ ਤੰਦਰੁਸਤ ਬਣਿਆ ਰਹਿੰਦਾ ਹੈ | ਜੇਕਰ ਮਨੁੱਖ ਸਰੀਰਕ ਅਤੇ ਮਾਨਸਿਕ ਰੂਪ ਨਾਲ ਸਿਹਤਮੰਦ ਹੋਵੇਗਾ ਤਾਂ ਹੀ ਇੱਕ ਸਿਹਤਮੰਦ ਸਮਾਜ ਬਣੇਗਾ ਅਤੇ ਧਰਤੀ ਦਾ ਕਲਿਆਣ ਹੋਵੇਗਾ |