ਜਲੰਧਰ, 26 ਸਤੰਬਰ (ਐੱਮ. ਐੱਸ. ਲੋਹੀਆ)-'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਅਧੀਨ ਵਿਸ਼ੇਸ਼ ਯੋਗਦਾਨ ਪਾਉਣ ਵਾਲੇ 23 ਪੁਲਿਸ ਅਧਿਕਾਰੀਆਂ ਨੂੰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਰੰਧਾਵਾ ਨੇ ਸੀ.ਸੀ.-1 ਸਰਜੀਫਿਕੇਟ ਤੇ ਕੁੱਲ 1 ਲੱਖ 20 ਹਜ਼ਾਰ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਹੈ | ਸਨਮਾਨਿਤ ਕੀਤੇ ਅਧਿਕਾਰੀਆਂ 'ਚ 5 ਸਬ-ਇੰਸਪੈਕਟਰ, 17 ਅਸਿਸਟੈਂਟ ਸਬ-ਇੰਸਪੈਕਟਰ ਅਤੇ 1 ਹੈੱਡ ਕਾਂਸਟੇਬਲ ਸ਼ਾਮਲ ਹਨ | ਅਧਿਕਾਰੀਆਂ ਦੀ ਹੌਂਸਲਾ-ਅਫਜ਼ਾਈ ਕਰਦਿਆਂ, ਸੀ.ਪੀ. ਜਲੰਧਰ ਨੇ ਕਿਹਾ ਕਿ ਅਧਿਕਾਰੀਆਂ ਵਲੋਂ ਦਿਖਾਈ ਗਈ ਹਿੰਮਤ, ਇਮਾਨਦਾਰੀ ਅਤੇ ਵਫ਼ਾਦਾਰੀ ਨੇ ਨਸ਼ਿਆਂ ਵਿਰੱੁਧ ਲੜਾਈ ਨੂੰ ਹੋਰ ਮਜ਼ਬੂਤ ਕੀਤਾ ਹੈ | ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਜਲੰਧਰ ਪੁਲਿਸ ਦੀ ਅਸਲ ਰੂਹ ਨੂੰ ਦਰਸਾਉਂਦੀ ਹੈ ਅਤੇ ਇਕ ਨਸ਼ਾ-ਮੁਕਤ ਸਮਾਜ ਬਣਾਉਣ ਦੇ ਸਾਡੇ ਵਾਅਦੇ ਨੂੰ ਹੋਰ ਪੱਕਾ ਕਰਦੀ ਹੈ | ਇਸ ਮੌਕੇ 'ਤੇ ਡੀ.ਸੀ.ਪੀ (ਜਾਂਚ) ਮਨਪ੍ਰੀਤ ਸਿੰਘ ਢਿੱਲੋਂ ਅਤੇ ਏ.ਡੀ.ਸੀ.ਪੀ (ਸਥਾਨਕ) ਸੁਖਵਿੰਦਰ ਸਿੰਘ ਵੀ ਹਾਜ਼ਰ ਸਨ |